ਬਟਾਲਾ, 14 ਅਕਤੂਬਰ (ਨਰਿੰਦਰ ਬਰਨਾਲ) – ਨਰੋਈ ਸਿਹਤ ਲਈ ਹਮੇਸ਼ਾਂ ਹੀ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ਤਾਂ ਜੋ ਨਿਰੋਗੀ ਅਤੇ ਲੰਮੀ ਉਮਰ ਹੰਢਾਈ ਜਾ ਸਕੇ। ਸੰਤੁਲਿਤ ਭੋਜਨ ਸਬੰਧੀ ਜਾਣਕਾਰੀ ਦਿੰਦਿਆਂ ਮਿਨੀ ਰੂਰਲ ਹਸਪਤਾਲ ਰੰਗੜ ਨੰਗਲ ਦੇ ਮੈਡੀਕਲ ਅਫਸਰ ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਸੰਤੁਲਿਤ ਭੋਜਨ ਉਸ ਨੂੰ ਆਖਦੇ ਹਨ ਜਿਸ ਵਿੱਚ ਹਰ ਤਰਾਂ ਦਾ ਭੋਜਨ ਅਜਿਹੀ ਮਾਤਰਾ ਤੇ ਅਨੁਪਾਤ ਵਿੱਚ ਹੋਵੇ ਜਿਸ ਨਾਲ ਸਰੀਰ ਤੰਦਰੁਸਤ ਰਹਿ ਸਕੇ। ਉਨ੍ਹਾਂ ਕਿਹਾ ਕਿ ਠੀਕ ਮਾਤਰਾ ਵਿੱਚ ਸਰੀਰ ਨੂੰ ਬਣਾਉਣ ਲਈ ਖੁਰਾਕ ਵਿੱਚ ਪ੍ਰੋਟੀਨ, ਤਾਕਤ ਦੇਣ ਲਈ ਕਾਰਬੋਹਾਈਡਰੇਟਸ, ਬਿਮਾਰੀਆ ਤੋਂ ਬਚਣ ਲਈ ਵਿਟਾਮਨ, ਚਿਕਨਾਈ ਅਤੇ ਖਣਿਜ ਹੋਣੇ ਚਾਹੀਦੇ ਹਨ। ਡਾ. ਭਾਗੋਵਾਲੀਆ ਨੇ ਕਿਹਾ ਕਿ ਸੰਤੁਲਿਤ ਭੋਜਨ ਦੀ ਚੋਣ ਨੂੰ ਆਸਾਨ ਕਰਨ ਲਈ ਸਾਰੇ ਭੋਜਨਾਂ ਨੂੰ 5 ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਗਰੁੱਪ ਵਿੱਚੇ 1-2 ਭੋਜਨ ਰੋਜਾਨਾ ਖਾਣੇ ਚਾਹੀਦੇ ਹਨ।
ਡਾ. ਭਾਗੋਵਾਲੀਆ ਨੇ ਦੱਸਿਆ ਕਿ ਕਾਰਬੋਹਾਈਡਰੇਟਸ ਲਈ ਕਣਕ, ਮੱਕੀ, ਚਾਵਲ, ਬਾਜਰਾ, ਆਲੂ, ਸਕਰਕੰਦੀ ਖੰਡ ਆਦਿ ਦੀ ਵਰਤੋਂ ਕਰਨੀਂ ਚਾਹੀਦੀ ਹੈ ਅਤੇ ਪ੍ਰੋਟੀਨ ਦੀ ਪੂਰਤੀ ਲਈ ਦੁੱਧ ਅਤੇ ਦੁੱਧ ਤੋ ਬਣੇ ਪਦਾਰਥ, ਦਾਲਾਂ, ਸੋਇਆਬੀਨ, ਮੂੰਗਫਲੀ ਅਤੇ ਮੀਟ ਆਦਿ ਖਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਪਣੀ ਰੋਜ਼ਾਨਾਂ ਖੁਰਾਕ ਵਿੱਚ ਫਲ ਜਿਵੇਂ ਕਿ ਸੰਤਰਾ, ਕੇਲਾ, ਪਪੀਤਾ, ਅੰਬ, ਅਮਰੂਦ, ਨਿੰਬੂ ਆਦਿ ਵੀ ਖਾਣੇ ਚਾਹੀਦੇ ਹਨ ਅਤੇ ਹਰੇ ਪੱਤੇ ਵਾਲੀਆਂ ਸਬਜੀਆਂ, ਸ਼ਲਗਮ, ਗਾਜਰ, ਭਿੰਡੀ ਅਤੇ ਕੱਦੂ ਆਦਿ ਨੂੰ ਵੀ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਤੁਲਤ ਭੋਜਨ ਵਿੱਚ ਚਿਕਨਾਈ ਲਈ ਮੱਖਣ, ਤੇਲ ਦੀ ਵੀ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ।
ਡਾ. ਭਾਗੋਵਾਲੀਆ ਨੇ ਅੱਗੇ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਵਾਧੇ ਕਾਰਣ ਜਿਆਦਾ ਖੁਰਾਕ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਆਮ ਹਲਾਤਾਂ ‘ਚ ਸਾਨੂੰ ਆਪਣੀ ਖੁਰਾਕ ਦੀ 25 ਫੀਸਦੀ ਘੱਟ ਖਾਣੀ ਚਾਹੀਦੀ ਹੈ ਅਤੇ ਘਿਓ ਦੀ ਥਾਂ ਤੇਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਜਿਆਦਾ ਚਿਕਨਾਹਟ ਨਾਲ ਸਾਡੀਆਂ ਨਾੜੀਆਂ ਵਿੱਚ ਖੂਨ ਦਾ ਵਹਾਅ ਰੁੱਕ ਜਾਂਦਾ ਹੈ ਅਤੇ ਕੈਸਟਰੋਲ ਦੀ ਮਾਤਰਾ ਵਧਣ ਕਾਰਨ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ।