ਸਬ ਕਮੇਟੀ ਦੀ ਰਿਪੋਰਟ ਤੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਹੋਵੇਗਾ ਵਿਚਾਰ
ਅੰਮ੍ਰਿਤਸਰ, 15 ਅਕਤੂਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਲਈ ਸਥਾਨਕ ਭਾਈ ਗੁਰਦਾਸ ਹਾਲ ਤੋਂ ਸ੍ਰੀਨਗਰ ਲਈ ਰਾਹਤ ਸਮੱਗਰੀ ਨਾਲ ਭਰੇ ਪੰਜ ਟਰੱਕ ਹੋਰ ਰਵਾਨਾ ਕੀਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਮਨੁੱਖਤਾ ਦੀ ਸੇਵਾ ਤੋਂ ਕਦੇ ਵੀ ਪਿੱਛੇ ਨਹੀਂ ਹਟੀ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਕਿਤੇ ਕੁਦਰਤੀ ਆਫ਼ਤ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾਂ ਮੋਹਰਲੀ ਕਤਾਰ ਵਿੱਚ ਹੋ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ।ਉਨ੍ਹਾਂ ਕਿਹਾ ਕਿ ਹੁਣ ਵੀ ਜੰਮੂਕਸ਼ਮੀਰ ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਸ਼੍ਰੋਮਣੀ ਕਮੇਟੀ ਉਥੋਂ ਦੇ ਲੋਕਾਂ ਦੀ ਸੇਵਾ ਲਈ ਸਭ ਤੋਂ ਪਹਿਲਾ ਉੱਥੇ ਪਹੁੰਚੀ ਤੇ ਸ੍ਰੀਨਗਰ ਵਿਖੇ ਗੁਰਦੁਆਰਾ ਸ਼ਹੀਦ-ਬੁੰਗਾ ਵਿਖੇ ਰਾਹਤ ਕੈਂਪ ਸ਼ੁਰੂ ਕੀਤਾ ਜੋ 8 ਸਤੰਬਰ ਤੋਂ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੈਡੀਕਲ ਕੈਂਪ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਵਿਚ ਮੌਸਮ ਤਬਦੀਲ ਹੋ ਰਿਹਾ ਹੈ ਸਰਦ ਰੁੱਤ ਬੜੀ ਤੇਜੀ ਨਾਲ ਆ ਰਹੀ ਹੈ ਉਸ ਨੂੰ ਸਾਹਮਣੇ ਰੱਖਦਿਆਂ ਰਾਹਤ ਸਮੱਗਰੀ ਤੋਂ ਇਲਾਵਾ ਗਰਮ ਬਿਸਤਰੇ ਤੇ ਗਰਮ ਕਪੜੇ ਆਦਿ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਪੰਜ ਟਰੱਕ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਜਿਸ ਵਿਚ ਚਾਵਲ 100 ਕੁਇੰਟਲ, ਦਾਲ 50 ਕੁਇੰਟਲ, ਖੰਡ 30 ਕੁਇੰਟਲ, ਚਾਹ ਪੱਤੀ 150 ਕਿਲੋ, ਆਟਾ 50 ਕੁਇੰਟਲ, ਹਲਦੀ 150 ਕਿਲੋ, ਮਿਰਚ 150 ਕਿਲੋ, ਸਾਬਨ 100 ਕਿਲੋ, ਤੇਲ ਸਰਸੋਂ 100 ਕਿਲੋ, ਰਸ 300 ਪੇਟੀ, ਬਿਸਕੁਟ 300 ਪੇਟੀ, ਕੰਬਲ 5000 ਨਗ, ਰਜਾਈਆਂ 1000 ਨਗ, ਤਲਾਈਆਂ 1000 ਨਗ,ਸਿਰਹਾਣੇ 1000 ਨਗ, ਚਾਦਰਾਂ 1000 ਨਗ, ਸ਼ਾਲਾਂ (ਲੋਈਆਂ) 1050 ਨਗ, ਸੂਟ ਜਨਾਨਾਂ 3000 ਨਗ, ਜੈਕਟਾਂ 140 ਨਗ, ਪਜਾਮੇ 500 ਨਗ, ਟੀ ਸ਼ਰਟਾਂ 500 ਨਗ, ਕੱਛਹਰੇ 500 ਨਗ ਤੇ ਦਸਤਾਰਾਂ 200 ਨਗ ਭੇਜੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਦੋ ਟਰੱਕ ਜੰਮੂ ਕਸ਼ਮੀਰ ਦੀ ਅਸੈਂਬਲੀ ਮੈਂਬਰ ਅਤੇ ਜੰਮੂ ਕਸ਼ਮੀਰ ਸਟੇਟ ਕਮਿਸ਼ਨ ਫਾਰ ਵੋਮੈਨ ਦੀ ਚੇਅਰਪਰਸਨ ਐਡਵੋਕੇਟ ਬੇਗਮ ਸਮੀਮ ਫਿਰਦੋਸ ਦੀ ਮੰਗ ਅਨੁਸਾਰ ਮੁਸਲਮਾਨ ਭਾਈਚਾਰੇ ਲਈ ਭੇਜੇ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹੁਰੀਅਤ ਨੇਤਾ ਸ੍ਰੀ ਗਿਲਾਨੀ ਜੀ ਦੀ ਮੰਗ ਅਨੁਸਾਰ ਦੋ ਟਰੱਕ ਰਾਹਤ ਸਮੱਗਰੀ ਦੇ ਮੁਸਲਮਾਨ ਭਾਈਚਾਰੇ ਲਈ ਭੇਜੇ ਜਾ ਚੁਕੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਵਿਖੇ ਚਲਾਏ ਜਾ ਰਹੇ ਰਾਹਤ ਕੈਂਪ ਵਿਚ ਬਿਨਾ ਭੇਦਭਾਵ ਰਾਹਤ ਸਮੱਗਰੀ ਹੜ੍ਹ ਪੀੜ੍ਹਤਾਂ ਨੂੰ ਵੰਡੀ ਜਾ ਰਹੀ ਹੈ।ਉਨ੍ਹਾਂ ੁਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀਨਗਰ ਦੀਆਂ ਗੁਰਦੁਆਰਾ ਤੇ ਮੁਹੱਲਾ ਕਮੇਟੀਆਂ ਬਣਾ ਕੇ ਰਾਹਤ ਸਮੱਗਰੀ ਲਗਾਤਾਰ ਵੰਡੀ ਜਾ ਰਹੀ ਹੈ ਤਾਂ ਜੋ ਹਰ ਕਿਸੇ ਤੱਕ ਰਾਹਤ ਸਮੱਗਰੀ ਪਹੁੰਚ ਸਕੇ।
ਪੱਤਰਕਾਰਾਂ ਵੱਲੋਂ ਪੁਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਹੜ੍ਹਾਂ ਦੌਰਾਨ ਆਪਣੇ ਪਰਿਵਾਰਾਂ ਤੋਂ ਸਦਾ ਲਈ ਵਿਛੜ ਚੁੱਕੇ ਲੋਕਾਂ ਅਤੇ ਨੁਕਸਾਨੇ ਗਏ ਘਰਾਂ ਦਾ ਜਾਇਜਾ ਲੈਣ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜੋ ਉੱਥੇ ਹੜ੍ਹਾਂ ਦੌਰਾਨ ਹੋਏ ਜਾਨੀ ਮਾਲੀ ਨੁਕਸਾਨ ਦਾ ਜਾਇਜਾ ਲੈ ਕੇ ਆਈ ਹੈ ਇਸ ਸਬ ਕਮੇਟੀ ਵੱਲੋਂ ਰੀਪੋਰਟ ਮੈਨੂੰ ਮਿਲ ਗਈ ਹੈ ੨੦ ਤਰੀਕ ਨੂੰ ਅੰਤ੍ਰਿੰਗ ਕਮੇਟੀ ਦੀ ਹੋ ਰਹੀ ਮੀਟਿੰਗ ਵਿੱਚ ਇਸ ਰੀਪੋਰਟ ‘ਤੇ ਵਿਚਾਰ ਚਰਚਾ ਕਰਕੇ ਬਣਾਏ ਗਏ ਮਾਪ-ਦੰਡ ਅਨੁਸਾਰ ਅਗਲਾ ਫੈਸਲਾ ਲਿਆ ਜਾਵੇਗਾ।ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਸ਼ਾਖਾਪਟਨਮ ਵਿਖੇ ਵੀ ਜੇਕਰ ਮਦਦ ਦੀ ਜ਼ਰੂਰਤ ਹੋਈ ਤਾਂ ਉਸ ‘ਤੇ ਵੀ ਵਿਚਾਰ ਹੋਏਗੀ।
ਇਸ ਮੌਕੇ ਸz: ਮਨਜੀਤ ਸਿੰਘ ਸਕੱਤਰ, ਸ: ਦਿਲਜੀਤ ਸਿੰਘ ਬੇਦੀ, ਸ: ਪਰਮਜੀਤ ਸਿੰਘ ਸਰੋਆ ਤੇ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ: ਸਤਿੰਦਰ ਸਿੰਘ ਨਿਜੀ ਸਹਾਇਕ, ਸ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ: ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ,ਸ: ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ: ਭੁਪਿੰਦਰ ਸਿੰਘ ਇੰਚਾਰਜ, ਸ: ਇੰਦਰ ਮੋਹਣ ਸਿੰਘ ਅਨਜਾਣ, ਸ: ਅਰਵਿੰਦਰ ਸਿੰਘ ਸਾਸਨ, ਸ: ਜਗਤਾਰ ਸਿੰਘ ਮੀਤ ਮੈਨੇਜਰ ਤੇ ਸ: ਹਰਮੀਤ ਸਿੰਘ ਸਲੂਜਾ ਆਦਿ ਮੌਜੂਦ ਸਨ।