Friday, September 20, 2024

ਖੇਤੀ ਸਬੰਧੀ ਆਰਡੀਨੈਸਾਂ ਵਿਰੁੱਧ ਕਾਂਗਰਸ ਵਲੋਂ ਲੰਬੇ ਸੰਘਰਸ਼ ਦੀ ਸ਼ੁਰੂਆਤ

ਪਿੰਡ-ਪਿੰਡ ਲਾਏ ਧਰਨਿਆਂ ‘ਚ ਵਿਧਾਇਕ ਰਾਣਾ ਗੁਰਜੀਤ ਨੇ ਕੀਤੀ ਸ਼ਮੂਲੀਅਤ

ਕਪੂਰਥਲਾ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਸੰਸਦ ਵਲੋਂ ਕਿਸਾਨੀ ਵਿਰੋਧੀ ਪਾਸ ਕੀਤੇ ਗਏ ਤਿੰਨਾਂ ਆਰਡੀਨੈਸਾਂ ਵਿਰੁੱਧ ਅੱਜ ਕਾਂਗਰਸ ਪਾਰਟੀ ਵਲੋਂ ਲੰਬੇ ਸੰਘਰਸ਼ ਦੀ ਸ਼ੁਰੂਆਤ ਕਰਦਿਆਂ ਕਪੂਰਥਲਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਧਰਨੇ ਲਾਏ ਗਏ ਜਿਨ੍ਹਾਂ ਵਿਚ ਕਿਸਾਨਾਂ, ਮਜ਼ਦੂਰਾਂ ਨੇ ਸ਼ਿਰਕਤ ਕਰਕੇ ਜਿਥੇ ਅਕਾਲੀ ਦਲ-ਭਾਜਪਾ ਦੀ ਕੇਂਦਰ ਸਰਕਾਰ ਵਿਰੁੱਧ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ, ਉਥੇ ਹੀ ਆਪਣੇ ਹੱਕਾਂ ਦੀ ਰਾਖੀ ਲਈ ਕਿਸਾਨ-ਮਜ਼ਦੂਰ ਏਕਤਾ ਦਾ ਇਜ਼ਹਾਰ ਕੀਤਾ।
ਕਪੂਰਥਲਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਲਾਏ ਗਏ ਧਰਨਿਆਂ ਨੂੰ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸੰਬੋਧਨ ਕੀਤਾ ਤੇ ਲੋਕਾਂ ਨੂੰ ਤਿੰਨਾਂ ਆਰਡੀਨੈਂਸ ਦੇ ਅਗਲੇ 2 ਸਾਲਾਂ ਦੌਰਾਨ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਇਕਮੁੱਠ ਹੋ ਕੇ ਇਨਾਂ ਲੋਕ ਮਾਰੂ ਫੈਸਲਿਆਂ ਵਿਰੁੱਧ ਅਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ।
             ਉਨਾਂ ਸਭ ਤੋਂ ਪਹਿਲਾਂ ਪਿੰਡ ਬੁਟ ਵਿਖੇ ਕਪੂਰਥਲਾ-ਸੁਭਾਨਪੁਰ ਸੜਕ ਕਿਨਾਰੇ ਲਾਏ ਗਏ ਧਰਨੇ ਨੂੰ ਸੰਬੋਧਨ ਕੀਤਾ ਜਿਸ ਵਿਚ ਮਜ਼ਦੂਰਾਂ ਦੇ ਨਾਲ-ਨਾਲ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਪਿੰਡ ਲੱਖਣ ਕਲਾਂ, ਕਾਲਾ ਸੰਘਿਆਂ, ਕੇਸਰਪੁਰ ਤੇ ਸਿੱਧਵਾਂ ਦੋਨਾ ਵਿਖੇ ਵੀ ਧਰਨਿਆਂ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਇਨਾਂ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਤੋਂ ਕੋਈ ਵੀ ਵਰਗ ਅਛੂਤਾ ਨਹੀਂ ਰਹੇਗਾ, ਕਿਉਂਕਿ ਪੰਜਾਬ ਦੇ ਹਰ ਇਕ ਵਸਨੀਕ ਦੀ ਆਮਦਨ ਖੇਤੀ ਨਾਲ ਜੁੜੀ ਹੈ।
               ਇਸ ਮੌਕੇ ਗੁਰਦੀਪ ਸਿੰਘ ਬਿਸ਼ਨਪੁਰ, ਜਸਪਾਲ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਸੁਖਬੀਰ ਸਿੰਘ, ਜਸਵੰਤ ਲਾਡੀ ਤੇ ਪਿੰਡਾਂ ਤੇ ਸਰਪੰਚ, ਪੰਚ ਤੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …