Friday, November 22, 2024

ਦਿੱਲੀ ਹਾਈਕੋਰਟ ਨੇ ਹਰਿਆਣਾ ਦੇ ਬਰਜਿੰਦਰ ਦੀ ਗੁੰਮਸ਼ੁਦਗੀ ਬਾਰੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ

ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਾਗੋ ਲੜ ਰਹੀ ਹੈ ਮੁਹਰਲੀ ਕਤਾਰ ਦੀ ਲੜਾਈ- ਜੀ.ਕੇ

ਨਵੀਂ ਦਿੱਲੀ, 9 ਫ਼ਰਵਰੀ (ਪੰਜਾਬ ਪੋਸਟ ਬਿਊਰੋ) – 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਗਾਇਬ ਚੱਲ ਰਹੇ ਕਿਸਾਨਾਂ ਦੇ ਮਾਮਲੇ `ਚ ਅੱਜ ਦਿੱਲੀ ਹਾਈਕੋਰਟ ਨੇ ਹਰਿਆਣਾ ਦੇ ਜੀਂਦ ਜਿਲ੍ਹੇ ਦੇ ਕੰਡੇਲਾ ਪਿੰਡ ਵਾਸੀ ਬਰਜਿੰਦਰ ਦੀ ਗੁਮਸ਼ੁਦਗੀ ਨੂੰ ਲੈ ਕੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ ਹੈ।ਜਾਗੋ ਪਾਰਟੀ ਦੇ ਵਕੀਲ ਨਗਿੰਦਰ ਬੈਨੀਪਾਲ ਨੇ ਹਾਈਕੋਰਟ ਦੀ ਡਬਲ ਬੈਂਚ ਦੇ ਸਾਹਮਣੇ ਦਾਖ਼ਲ ਕੀਤੀ ਪਟੀਸ਼ਨ `ਚ ਦਿੱਲੀ ਪੁਲਿਸ `ਤੇ ਕਿਸਾਨਾਂ ਨੂੰ ਗੈਰਕਾਨੂੰਨੀ ਹਿਰਾਸਤ `ਚ ਰੱਖਣ ਦਾ ਦਾਅਵਾ ਕੀਤਾ ਸੀ।ਇਸ ਤੋਂ ਪਹਿਲਾਂ ਬਰਜਿੰਦਰ ਦੇ ਭਰਾ ਬਲਜੀਤ ਨੇ ਥਾਣਾ ਨਾਗਲੋਈ ਵਿਖੇ ਬਰਜਿੰਦਰ ਦੇ ਟਰੈਕਟਰ ਮਾਰਚ ਦੌਰਾਨ ਨਾਂਗਲੋਈ ਤੋਂ ਗਾਇਬ ਹੋਣ ਦੀ ਰਿਪੋਰਟ ਲਿਖਾਉਣ ਲਈ ਪਹੁੰਚ ਕੀਤੀ ਸੀ।
                  ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਵਕੀਲ ਨਗਿੰਦਰ ਬੈਨੀਪਾਲ ਨੇ ਕੋਰਟ ਵਲੋਂ ਦਿੱਲੀ ਪੁਲਿਸ ਨੂੰ ਕੀਤੀ ਗਈ ਤਾੜਨਾ ਦਾ ਹਵਾਲਾ ਦਿੱਤਾ।ਢੀਂਡਸਾ ਨੇ ਕਿਹਾ ਕਿ ਬੈਨੀਪਾਲ ਦੀ ਅਗਵਾਈ ਹੇਠ ਸਾਡੇ ਵਕੀਲਾਂ ਦੀ ਟੀਮ ਲਗਾਤਾਰ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਤੋਂ ਪਹਿਲਾਂ ਮੀਡੀਆ ਘਰਾਣਿਆਂ ਵਲੋਂ ਘੜੀਆਂ ਜਾ ਰਹੀਆਂ ਕਥਿਤ ਫ਼ਰਜ਼ੀ ਖ਼ਬਰਾਂ ਦੇ ਖਿ਼ਲਾਫ ਸਾਡੀ ਪਟੀਸ਼ਨ `ਤੇ ਦਿੱਲੀ ਹਾਈਕੋਰਟ ਨੇ ਨੋਟਿਸ ਜਾਰੀ ਕੀਤੇ ਹਨ। ਅੱਜ ਗਾਇਬ ਕਿਸਾਨ ਦੇ ਮਾਮਲੇ `ਚ ਵੀ ਹਾਈ ਕੋਰਟ ਗੰਭੀਰ ਨਜ਼ਰ ਆਈ ਹੈ ਅਤੇ ਕੋਰਟ ਨੇ ਪੁਲਿਸ ਨੂੰ ਕੱਲ ਬਰਜਿੰਦਰ ਨੂੰ ਪੇਸ਼ ਕਰਨ ਲਈ ਕਿਹਾ ਹੈ।

                 ਜੀ.ਕੇ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਜਾਗੋ ਪਾਰਟੀ ਆਜ ਤੱਕ ਚੈਨਲ ਨੂੰ ਨੋਟਿਸ ਕਰਵਾਉਣ, ਕੰਗਨਾ ਰਨੌਤ ਦੇ ਟਵੀਟ ਹਟਵਾਉਣ, ਨਿਸ਼ਾਨ ਸਾਹਿਬ ਸਾੜਨ ਵਾਲਿਆਂ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇਣ ਸਣੇ ਜ਼ੇਲ ਵਿੱਚ ਬੰਦ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਮੁਹਰਲੀ ਕਤਾਰ `ਚ ਲੜਾਈ ਲੜ ਰਹੀ ਹੈ।ਜੀ.ਕੇ ਨੇ ਕਿਹਾ ਕਿ 20 ਵਕੀਲਾਂ ਦੀ ਟੀਮ ਇਸ ਕੰਮ `ਚ ਲੱਗੀ ਹੋਈ ਹੈ।ਬੈਨੀਪਾਲ ਨੇ ਦੱਸਿਆ ਕਿ ਉਨਾਂ ਨਾਲ ਸੰਪਰਕ ਕਰ ਰਹੇ ਪਰਿਵਾਰਾਂ ਵਲੋਂ ਜਾਣਕਾਰੀ ਆਈ ਹੈ ਕਿ ਕਈ ਲੋੋਕ ਅਜੇ ਵੀ ਦਿੱਲੀ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ `ਚ ਬੰਦ ਹਨ। ਉਹ ਉਹਨਾਂ ਦੇ ਪਰਿਵਾਰਾਂ ਤੋਂ ਹਲਫ਼ਨਾਮੇ ਲੈ ਕੇ ਅਗਲੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਹਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …