Monday, December 23, 2024

ਮਲੇਰਕੋਟਲਾ ਨੂੰ ਈਦ ਮੌਕੇ ਜਿਲ੍ਹਾ ਬਣਾਉਣ ‘ਤੇ ਰਜ਼ੀਆ ਸੁਲਤਾਨਾ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਕਿਹਾ, ਇਕ ਸੁਪਨਾ ਸਾਕਾਰ ਹੋਣ ਜਿਹਾ ਹੈ ਮਲੇਰਕੋਟਲਾ ਦਾ ਜਿਲ੍ਹਾ ਬਣਨਾ

ਸੰਗਰੂਰ/ ਮਾਲੇਰਕੋਟਲਾ, 14 ਮਈ (ਜਗਸੀਰ ਲੌਂਗੋਵਾਲ) – ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਈਦ ਉਲ ਫਿਤਰ ਮੋਕੇ ਮਾਲੇਰਕੋਟਲਾ ਨੂੰ ਸੂਬੇ ਦਾ 23ਵਾਂ ਜਿਲ੍ਹਾ ਐਲਾਨਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ।
                      ਮਲੇਰਕੋਟਲਾ ਨਿਵਾਸੀਆਂ ਨੂੰ ਇੱਕ ਸ਼ਾਨਦਾਰ ਤੋਹਫਾ ਮਿਲਣ ‘ਤੇ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਇਤਿਹਾਸਕ ਮੌਕਾ ਸੀ, ਕਿਉਂਕਿ ਮੁੱਖ ਮੰਤਰੀ ਨੇ ਮਾਲੇਰਕੋਟਲਾ ਵਾਸੀਆਂ ਦੀ ਬਹੁਤ ਪੁਰਾਣੀ ਮੰਗ ਨੂੰ ਬੂਰ ਪਾਇਆ ਹੈ।ਉਨਾਂ ਕਿਹਾ ਕਿ ਉਨ੍ਹਾਂ ਲਈ ਇਹ ਪਲ ਇੱਕ ਸੁਪਨਾ ਸਾਕਾਰ ਹੋਣ ਵਰਗਾ ਹੈ, ਕਿਉਂਕਿ ਉਹ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਲਈ ਸਖਤ ਕੋਸ਼ਿਸ਼ਾਂ ਕਰ ਰਹੇ ਸਨ।ਇਸ ਫੈਸਲੇ ਨਾਲ ਮਾਲੇਰਕੋਟਲਾ ਦੇ ਸਰਵਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।
                        ਮੰਤਰੀ ਨੇ ਕਿਹਾ ਕਿ ਮਲੇਰਕੋਟਲਾ ਦੇ ਸਾਰੇ ਵਸਨੀਕ ਤੇ ਖਾਸ ਕਰ ਮੁਸਲਿਮ ਭਰਾ ਈਦ ਦੇ ਸ਼ੁੱਭ ਦਿਹਾੜੇ ਭਾਈਚਾਰੇ ਮਿਲੇ ਨੂੰ ਇਸ ਸ਼ਾਨਦਾਰ ਤੋਹਫੇ ਲਈ ਮੁੱਖ ਮੰਤਰੀ ਦੇ ਹਮੇਸ਼ਾਂ ਕਰਜ਼ਦਾਰ ਰਹਿਣਗੇ।ਉਨ੍ਹਾਂ ਕਿਹਾ ਕਿ ਇਹ ਸਭ ਤੋਂ ਵੱਡਾ ਤੋਹਫਾ ਸੀ, ਜੋ ਸੂਬੇ ਦੀ ਕੋਈ ਵੀ ਸਰਕਾਰ ਸ਼ਹਿਰ ਦੇ ਵਸਨੀਕਾਂ ਨੂੰ ਦੇ ਸਕਦੀ ਸੀ।
                  ਮੰਤਰੀ ਸੁਲਤਾਨਾ ਨੇ ਇੱਕ ਮੈਡੀਕਲ ਕਾਲਜ, ਲੜਕੀਆਂ ਲਈ ਡਿਗਰੀ ਕਾਲਜ, ਮਹਿਲਾ ਥਾਣਾ, ਸਮਾਰਟ ਸਕੂਲ ਅਤੇ ਸ਼ਹਿਰੀ ਵਿਕਾਸ ਲਈ 6 ਕਰੋੜ ਰੁਪਏ ਦੇਣ ਦਾ ਐਲਾਨ ਕਰਨ ‘ਤੇ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਸ ਨਾਲ ਮਾਲੇਰਕੋਟਲਾ ਦੇਸ਼ ਦੇ ਰੋਡਮੈਪ ‘ਤੇ ਸਿੱਖਿਆ ਦੇ ਕੇਂਦਰ ਵਜੋਂ ਉਭਰੇਗਾ ਅਤੇ ਇਸ ਦੇ ਸਰਵਪੱਖੀ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।ਸ੍ਰੀਮਤੀ ਸੁਲਤਾਨਾ ਨੇ ਮਾਲੇਰਕੋਟਲਾ ਦੇ ਵਿਕਾਸ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
                   ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਐਸ.ਐਸ.ਪੀ ਵਿਵੇਕ ਸੀਲ ਸੋਨੀ, ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫਾ, ਮੁਫਤੀ ਪੰਜਾਬ ਇਰਤਿਕਾ ਉਲ ਹਸਨ, ਐਸ.ਡੀ.ਐਮ ਸਿਮਰਪ੍ਰੀਤ ਕੌਰ, ਪੀ.ਸੀ.ਐਸ ਲਤੀਫ ਅਹਿਮਦ, ਐਸ.ਪੀ ਅਮਨਦੀਪ ਬਰਾੜ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …