ਕਿਹਾ, ਕਿਸਾਨਾਂ ਦੇ ਬਲਦੇ ਸਿਵੇ ‘ਤੇ ਕੇਵਲ ਸਿਆਸਤ ਕਰਨੀ ਸ਼ੋਭਨੀਕ ਨਹੀਂ
ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਰਣਜੀਤ ਸਿੰਘ `ਗੌਹਰ` ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ), ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਗਿਆਨੀ ਮਲਕੀਤ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿਆਨੀ ਕੁਲਵੰਤ ਸਿੰਘ ਜਥੇਦਾਰ ਤਖ਼ਤ ਸੱਚਖੰਡ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਨੰਦੇੜ ਨਾਲ (ਫੋਨ ਰਾਹੀਂ) ਵਿਚਾਰ ਕਰਨ ਉਪਰੰਤ ਸਿੰਘ ਸਾਹਿਬਾਨਾਂ ਨੇ ਮਹਿਸੂਸ ਕੀਤਾ ਕਿ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਬੇਰਹਿਮੀ ਨਾਲ ਕਤਲ ਕੀਤੇ ਜਾਣਾ, ਬਹੁਤ ਹੀ ਮੰਦਭਾਗਾ ਹੈ।ਇਸ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ।ਸਰਕਾਰ ਵਲੋਂ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਤੋਂ ਆਨਾ-ਕਾਨੀ ਕਰਨਾ ਅਫਸੋਸਨਾਕ ਹੈ।ਇਨ੍ਹਾਂ ਕਿਸਾਨਾਂ ਦੇ ਬਲਦੇ ਸਿਵੇ ‘ਤੇ ਕੇਵਲ ਸਿਆਸਤ ਕਰਨੀ ਸ਼ੋਭਨੀਕ ਨਹੀਂ।ਸਿਆਸੀ ਪਾਰਟੀਆਂ ਇੱਕਜੁਟ ਹੋ ਕੇ ਸਰਕਾਰ ਖਿਲਾਫ ਜਦੋ-ਜਹਿਦ ਕਰਨ ਤਾਂ ਜੋ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ।ਇਸ ਦੇ ਨਾਲ ਹੀ ਭਾਰਤ ਵਿਚ ਖਾਸ ਤੌਰ ‘ਤੇ ਯੂ.ਪੀ ਵਿਚ ਭਾਈਚਾਰਕ ਸਾਂਝ ਬਣਾ ਕੇ ਰੱਖੀ ਜਾਵੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਵੱਲੋਂ ਪੁੱਜੀਆਂ ਪੱਤ੍ਰਿਕਾਵਾਂ ਨੂੰ ਪੜਨ ਉਪਰੰਤ ਸਿੰਘ ਸਾਹਿਬਾਨਾਂ ਨੇ ਮਹਿਸੂਸ ਕੀਤਾ ਕਿ ਦਿੱਲੀ ਸਰਕਾਰ ਅਤੇ ਭਾਜਪਾ ਹਕੂਮਤ ਸਿੱਖ ਧਰਮ ਦੇ ਅੰਦਰੂਨੀ ਮਾਮਲੇ ਵਿਚ ਦਖਲਅੰਦਾਜ਼ੀ ਕਰ ਰਹੀਆਂ ਹਨ।ਮਿਤੀ 25-08-2021 ਨੂੰ ਦਿੱਲੀ ਦੀ ਸੰਗਤ ਵੱਲੋਂ ਚੁਣੇ ਅਤੇ ਜਿੱਤੇ ਮੈਂਬਰਾਂ ਨੂੰ ਕਮੇਟੀ ਦੇ ਗਠਨ ਕਰਨ ਤੋਂ ਰੋਕਣ ਲਈ ਕੋਝੇ ਹੱਥਕੰਡੇ ਅਪਣਾਏ ਜਾ ਰਹੇ ਹਨ ਅਤੇ ਪਟਨਾ ਸਾਹਿਬ ਦੇ ਵਿਚ ਬੋਰਡ ਦੇ ਬਹੁ-ਸੰਮਤੀ ਮੈਂਬਰਾਂ ਵੱਲੋਂ ਪ੍ਰਵਾਨ ਕੀਤੇ ਜਥੇਦਾਰ ਦੇ ਅਸਤੀਫੇ ਪ੍ਰਵਾਨ ਕਰਨ ਬਾਰੇ ਫੈਸਲੇ ਨੂੰ ਰੱਦ ਕਰਨ, ਬੋਰਡ ਦੇ ਬਹੁਸੰਮਤੀ ਨਾਲ ਕੀਤੇ ਫੈਸਲਿਆਂ ਅਤੇ ਖਾਸ ਤੌਰ ‘ਤੇ ਧਾਰਮਿਕ ਮਰਯਾਦਾ, ਸਿੱਖ ਪਰੰਪ੍ਰਾਵਾਂ ਦੇ ਮਾਮਲੇ ਵਿਚ ਸਰਕਾਰੀ ਦਖਲਅੰਦਾਜ਼ੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਜਿਸ ਤਰ੍ਹਾਂ ਭਾਰਤ ਦੇ ਕਈ ਹੁਕਮਰਾਨਾਂ ਨੇ ਵਿਦੇਸ਼ੀ ਜ਼ਾਬਰਾਂ ਨੂੰ ਆਪ ਹਮਲਾ ਕਰਨ ਨੂੰ ਸੱਦਿਆ ਸੀ, ਉਸੇ ਤਰਜ਼ ‘ਤੇ ਕਈ ਸਿੱਖ ਆਗੂ ਆਪਣੇ ਰਾਜਸੀ ਲਾਲਸਾ ਨੂੰ ਪੂਰਾ ਕਰਨ ਹਿੱਤ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਸਰਕਾਰੀ ਦਖਲਅੰਦਾਜ਼ੀ ਨੂੰ ਸ਼ਹਿ ਦੇ ਕੇ ਕੌਮੀ ਪਰੰਪ੍ਰਾਵਾਂ ਦਾ ਘਾਣ ਕਰ ਰਹੇ ਹਨ।ਉਨ੍ਹਾਂ ਨੂੰ ਇਸ ਕੰਮ ਤੋਂ ਬਾਜ਼ ਆਉਣਾ ਚਾਹੀਦਾ ਹੈ।
ਉਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਜੂਰ ਸਾਹਿਬ ਪ੍ਰਬੰਧਕੀ ਬੋਰਡ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕੀ ਬੋਰਡ, ਚੀਫ਼ ਖਾਲਸਾ ਦੀਵਾਨ ਅਤੇ ਸਮੂਹ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੰਘ ਸਭਾਵਾਂ ਨੂੰ ਆਦੇਸ਼ ਕੀਤਾ ਕਿ ਸਿੱਖ ਗੁਰਧਾਮਾਂ ਦੇ ਪ੍ਰਬੰਧ ਵਿਚ ਹੋ ਰਹੀ ਸਰਕਾਰੀ ਦਖਲਅੰਦਾਜ਼ੀ ਖਿਲਾਫ ਸਖ਼ਤ ਅਵਾਜ਼ ਚੁੱਕੀ ਜਾਵੇ।