Friday, November 22, 2024

ਏਅਰ ਇੰਡੀਆ ਵਲੋਂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਮੁੱਖ ਉਡਾਣਾਂ ਦੀ ਬੁਕਿੰਗ ਰੱਦ

ਹਜ਼ੂਰ ਸਾਹਿਬ ਨਾਂਦੇੜ ਅਤੇ ਰੋਮ ਦੀਆਂ ਉਡਾਣਾਂ ਨੂੰ ਬੰਦ ਕੀਤੇ ਜਾਣ ਦਾ ਖਦਸ਼ਾ – ਸਮੀਪ ਸਿੰਘ ਗੁਮਟਾਲਾ

ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ) – ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਨੇ ਏਅਰ ਇੰਡੀਆ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਸਿੱਖਾਂ ਦੇ ਪੰਜ ਤਖਤਾਂ ਵਿਚੋਂ ਇੱਕ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਇਟਲੀ ਦੇ ਇਤਿਹਾਸਕ ਸ਼ਹਿਰ ਰੋਮ ਲਈ ਚਲ ਰਹੀਆਂ ਸਿ ਧੀਆਂ ਉਡਾਣਾਂ ਨੂੰ 31 ਅਕਤੂਬਰ ਤੋਂ ਬਾਅਦ ਵੀ ਚਾਲੂ ਰੱਖਣ ਦੀ ਮੰਗ ਕੀਤੀ ਹੈ।
                   ਪ੍ਰੈਸ ਨੂੰ ਜਾਰੀ ਇਕ ਵਿਸ਼ੇਸ਼ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਜਾਰੀ ਬਿਆਨ ਵਿੱਚ ਪੰਜਾਬ ਦੇ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧਿਆਨ ਦਿਵਾਓਂਦੇ ਹੋਏ ਉਹਨਾਂ ਨੂੰ ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ।
ਗੁਮਟਾਲਾ ਨੇ ਸਰਦ ਰੁੱਤ ਦੀ ਸਮਾਂ ਸੂਚੀ ਵਿੱਚ ਇਹਨਾਂ ਉਡਾਣਾਂ ਦੀ ਬੁਕਿੰਗ ਰੱਦ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵਲੋਂ ਏਅਰ ਇੰਡੀਆ ਨੂੰ ਟਾਟਾ ਸੰਨਜ਼ ਲਿਮ ਦੇ ਹਵਾਲੇ ਕਰਨ ਤੋਂ ਪਹਿਲਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਇਕ ਵੱਡਾ ਝਟਕਾ ਲੱਗ ਸਕਦਾ ਹੈ।ਆਉਂਦੇ ਨਵੰਬਰ ਮਹੀਨੇ ਤੋਂ ਏਅਰ ਇੰਡੀਆ ਦੀ ਬਹੁਤ ਹੀ ਪ੍ਰਸਿੱਧ ਨਾਂਦੇੜ-ਅੰਮ੍ਰਿਤਸਰ ਸਿੱਧੀ ਉਡਾਣ ਦੀ ਬੁਕਿੰਗ ਏਅਰਲਾਈਨ ਜਾਂ ਟਰੈਵਲ ਏਜੰਸੀਆਂ ਦੀ ਵੈਬਸਾਈਟ ‘ਤੇ ਉਪਲੱਬਧ ਨਹੀਂ ਹੈ।ਹਫਤੇ ਵਿੱਚ ਕੇਵਲ ਇਕ ਦਿਨ ਚਲਾਈ ਜਾਂਦੀ ਦਿੱਲੀ-ਅੰਮ੍ਰਿਤਸਰ-ਰੋਮ ਸਿੱਧੀ ਉਡਾਣ ਦੀ ਬੁਕਿੰਗ ਵੀ 30 ਅਕਤੂਬਰ ਤੋਂ ਬਾਅਦ ਵੈਬਸਾਈਟ ‘ਤੇ ਬੰਦ ਕਰ ਦਿੱਤੀ ਗਈ ਹੈ।ਏਅਰ ਇੰਡੀਆ ਦੀ ਵੈਬਸਾਈਟ ਤੇ ਦਿੱਤੀ ਗਈ ਅੰਤਰਰਾਸ਼ਟਰੀ ਉਡਾਣਾਂ ਦੀ ਸਮਾਂ ਸੂਚੀ ਵਿੱਚ ਹੁਣ 28 ਅਕਤੂਬਰ ਤੋਂ ਬਾਅਦ ਇਹ ਉਡਾਣ ਉਪਲੱਬਧ ਨਹੀਂ ਹੈ।ਗੁਮਟਾਲਾ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ-ਨਾਂਦੇੜ ਦੇ ਵਿਚਕਾਰ ਸਿੱਧੀ ਉਡਾਣ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ।ਇਸ ਦੇ ਬੰਦ ਹੋਣ ਨਾਲ ਦੇਸ਼-ਵਿਦੇਸ਼ ਦੇ ਤੋਂ ਸ਼ਰਧਾਲੂਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ।
                ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਦੇ ਭਾਰਤ ਵਿੱਚ ਕਨਵੀਨਰ ਯੋਗੇਸ਼ ਕਾਮਰਾ ਜੋ ਕਿ ਹਵਾਈ ਅੱਡੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ ਦਾ ਕਹਿਣਾ ਹੈ ਕਿ ਏਅਰ ਇੰਡੀਆ ਵਲੋਂ ਕੋਵਿਡ ਦੋਰਾਨ ਇਹਨਾਂ ਉਡਾਣਾਂ ਵਿੱਚ 70 ਪ੍ਰਤੀਸ਼ਤ ਤੋਂ ਵੱਧ ਯਾਤਰੀਆਂ ਦੇ ਸਫਰ ਕਰਨ ਦੇ ਬਾਵਜ਼ੂਦ ਵੀ ਬੰਦ ਕੀਤਾ ਜਾ ਰਿਹਾ ਹੈ।
                ਕਾਮਰਾ ਨੇ ਦੱਸਿਆ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਏਅਰ ਇੰਡੀਆ ਵਲੋਂ 23 ਅਕਤੂਬਰ ਨੂੰ ਇੱਕ ਟਵੀਟ ਕੀਤਾ ਗਿਆ ਕਿ ਅੰਮ੍ਰਿਤਸਰ ਤੋਂ ਨਾਂਦੇੜ ਲਈ ਸਿੱਧੀ ਉਡਾਣ ਭਰੋ ਤੇ ਇਸ ਲਈ ਬੁਕਿੰਗ ਸਾਡੀ ਵੈਬਸਾਈਟ ‘ਤੇ ਕਰੋ। ਉਹਨਾਂ ਕਿਹਾ ਕਿ ਇਹ ਉਡਾਣ ਨਵੰਬਰ ਤੋਂ ਉਪਲੱਬਧ ਹੀ ਨਹੀਂ ਹੈ। ਉਹਨਾਂ ਕਿਹਾ ਕਿ ਹੈਰਾਨੀ ਇਹ ਹੈ ਕਿ ਅੰਮ੍ਰਿਤਸਰ ਤੋਂ ਰੋਮ ਅਤੇ ਮਿਲਾਨ ਲਈ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਕਈ ਪ੍ਰਾਈਵੇਟ ਚਾਰਟਰ ਉਡਾਣਾਂ ਸਪਾਈਸਜੈਟ, ਇੰਡੀਗੋ ਅਤੇ ਹੁਣ ਇਟਲੀ ਦੀ ਨਿਓਜ਼ ਏਅਰ ਵਲੋਂ ਵੀ ਚਲਾਈਆਂ ਜਾ ਰਹੀਆਂ ਹਨ।ਇਸ ਰੂਟ ਤੇ ਬਹੁਤ ਵੱਡੀ ਗਿਣਤੀ ਵਿੱਚ ਯਾਤਰੀ ਸਫਰ ਕਰਦੇ ਹਨ।ਏਅਰ ਇੰਡੀਆ ਉਡਾਣਾਂ ਦੀ ਗਿਣਤੀ ਵਧਾਓਣ ਦੀ ਥਾਂ ਤੇ ਹਫਤੇ ਵਿੱਚ ਇਕ ਦਿਨ ਚੱਲਦੀ ਇਸ ਉਡਾਣ ਨੂੰ ਵੀ ਬੰਦ ਕਰ ਰਹੀ ਹੈ ਜੋ ਕਿ ਮੰਦਭਾਗੀ ਗੱਲ ਹੈ।
                ਉਹਨਾਂ ਦੱਸਿਆ ਕਿ ਮੈਂ ਇਹ ਮਾਮਲਾ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔੁਜਲਾ ਦੇ ਧਿਆਨ ਵਿੱਚ ਵੀ ਲਿਆਂਦਾ ਹੈ।ਅਸੀੰ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਏਅਰ ਇੰਡੀਆ ਦੇ ਸੀ.ਐਮ.ਡੀ ਨੂੰ ਵੀ ਇਸ ਫੈਸਲੇ ’ਤੇ ਮੁੜ ਸਮੀਖਿਆ ਕਰਨ ਦੀ ਅਪੀਲ ਕਰਦੇ ਹਾਂ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …