Friday, November 22, 2024

ਸਮਰਾਲਾ ਵਿਖੇ ਲੋਕ ਅਧਿਕਾਰ ਲਹਿਰ ਦੇ ਦਫਤਰ ਦਾ ਸ਼ੁਰੂ

ਮਜ਼ਦੂਰ ਚਰਨ ਸਿੰਘ ਪੱਲੇਦਾਰ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ

ਸਮਰਾਲਾ, 4 ਜਨਵਰੀ (ਇੰਦਰਜੀਤ ਸਿੰਘ ਕੰਗ) – ‘‘ਲੋਕ ਅਧਿਕਾਰ ਲਹਿਰ’’ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਸਬੰਧੀ ਜਾਗਰੂਕ ਕਰਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਲਈ ਇੱਕ ਸਿਆਸੀ ਪਾਰਟੀ ਵਜੋਂ ਮੈਦਾਨ ਵਿੱਚ ਉਤਰੀ ਹੈ ਵਲੋਂ ਸਮਰਾਲਾ ਵਿਖੇ ਆਪਣੇ ਹਲਕਾ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਗਿਆ।ਜਿਸ ਵਿੱਚ ਲੋਕ ਅਧਿਕਾਰ ਲਹਿਰ ਦੇ ਮੋਢੀ ਬਲਵਿੰਦਰ ਸਿੰਘ ਅਤੇ ਰੁਪਿੰਦਰਜੀਤ ਸਿੰਘ ਸਿੱਧੂ ਉਚੇਚੇ ਤੌਰ ’ਤੇ ਪਹੁੰਚੇ।ਦਫ਼ਤਰ ਦਾ ਰਸਮੀ ਉਦਘਾਟਨ ਸਮਰਾਲਾ ਹਲਕੇ ਦੇ ਇਮਾਨਦਾਰ ਅਤੇ ਸਾਫ਼ ਸੁਥਰੇ ਅਕਸ ਵਾਲੇ ਮਜ਼ਦੂਰ ਚਰਨ ਸਿੰਘ ਪੱਲੇਦਾਰ (ਲੋਕ ਕਵੀ ਲਾਲ ਸਿੰਘ ਦਿਲ ਦੇ ਛੋਟੇ ਭਰਾ) ਦਾਣਾ ਮੰਡੀ ਸਮਰਾਲਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਬਲਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਪੰਜਾਬ ਦੇ ਅੱਜ ਦੇ ਹਾਲਾਤਾਂ ਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਭ੍ਰਿਸ਼ਟ ਰਾਜਨੀਤੀ ਦੇ ਚੱਲਦਿਆਂ ਸਾਡਾ ਸੂਬਾ ਜਿਹੜਾ ਕਿਸੇ ਵੇਲੇ ਸੰਸਾਰ ਭਰ ਵਿਚ ਆਪਣੀ ਇੱਕ ਵੱਖਰੀ ਪਛਾਣ ਰੱਖਦਾ ਸੀ।ਅੱਜ ਆਪਣੀ ਬਰਬਾਦੀ ਕਰਕੇ ਜਾਣਿਆ ਜਾਣ ਲੱਗਾ ਹੈ।ਉਹਨਾ ਨੇ ਇਸ ਭ੍ਰਿਸ਼ਟ ਰਾਜਨੀਤਿਕ ਤੰਤਰ ਨੂੰ ਬਦਲਣ ਲਈ ਆਮ ਲੋਕਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਸੱਦਾ ਦਿੱਤਾ।ਰੁਪਿੰਦਰਜੀਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਵੇਂ ਆਮ ਲੋਕ ਇਕੱਤਰ ਹੋ ਕੇ ਅਪਣਾ ਉਮੀਦਵਾਰ ਚੋਣਾਂ ਵਿੱਚ ਖੜ੍ਹਾ ਕਰ ਸਕਦੇ ਹਨ ਅਤੇ ਉਸਦੀ ਚੋਣ ਲੜ ਸਕਦੇ ਹਨ।ਉਹਨਾ ਅੱਗੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਲੋਕ ਅਧਿਕਾਰ ਲਹਿਰ ਦੇ ਝੰਡੇ ਥੱਲੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਇੱਕ ਲੋਕਾਂ ਦੀ ਧਿਰ ਖੜ੍ਹੀ ਕਰਨੀ ਪਵੇਗੀ।ਸਟੇਜ਼ ਪ੍ਰੋਫ਼ੈਸਰ ਬਲਜੀਤ ਸਿੰਘ ਬੌਂਦਲੀ ਨੇ ਸੰਭਾਲੀ।
                   ਇਸ ਮੌਕੇ ਸੂਬਾ ਕਮੇਟੀ ਦੇ ਐਡਵੋਕੇਟ ਵਰਿੰਦਰ ਖਾਰਾ, ਦੂਜੇ ਹਲਕਿਆਂ ਦੀਆਂ ਟੀਮਾਂ ਤੋਂ ਕੈਪਟਨ ਮੁਲਤਾਨ ਸਿੰਘ ਰੋਪੜ, ਅਮਰਜੀਤ ਜੰਜੂਆ ਅਮਲੋਹ, ਸੰਦੀਪ ਸੰਧੂ ਅਤੇ ਲੋਕ ਅਧਿਕਾਰ ਲਹਿਰ ਦੀ ਸਮਰਾਲਾ ਹਲਕਾ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਬਹਿਲੋਲਪੁਰ, ਹਰਜਿੰਦਰਪਾਲ ਸਿੰਘ ਸਮਰਾਲਾ, ਬਰਕਤਪਾਲ ਸਿੰਘ ਗਹਿਲੇਵਾਲ, ਰਣਬੀਰ ਸਿੰਘ ਮੱਲ੍ਹੀ, ਲਵਲੀ ਗਹਿਲੇਵਾਲ, ਜਗਦੇਵ ਸਿੰਘ ਉਟਾਲਾਂ, ਬਲਕਾਰ ਸਿੰਘ ਗਹਿਲੇਵਾਲ, ਬੰਤ ਸਿੰਘ ਖਾਲਸਾ, ਜਥੇਦਾਰ ਅਮਰਜੀਤ ਸਿੰਘ ਬਲਿਓਂ, ਸ਼ੈਂਟੀ ਸਿਹਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਇਸ ਮੌਕੇ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …