ਦੋਸ਼ੀ ਪਾਏ ਜਾਣ ‘ਤੇ ਪੁਲਿਸ ਅਫਸਰਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀਐਸ. ਪੀ ਬਲਬੀਰ ਸਿੰਘ
ਜੰਡਿਆਲਾ ਗੁਰੂ, 17 ਨਵੰਬਰ (ਹਰਿੰਦਰਪਾਲ ਸਿੰਘਫ਼ਵਰਿੰਦਰ ਸਿੰਘ) – ਝੂਠੇ ਪਰਚਿਆਂ ਵਿਚ ਆਪਣਾ ਨਾਮ ਕਮਾ ਰਹੀ ਜੰਡਿਆਲਾ ਪੁਲਿਸ ਇਕ ਵਾਰ ਫਿਰ ਵਿਵਾਦਾਂ ਵਿਚ ਆ ਗਈ ਹੈ, ਜਿਸ ਵਿਚ ਇਹ ਸ਼ਰੇਆਮ ਦਿਖਾਈ ਦੇ ਰਿਹਾ ਹੈ ਕਿ ਜੰਡਿਆਲਾ ਪੁਲਿਸ ਚੋਂਕੀ ਇੰਚਾਰਜ ਅਤੇ ਐਸ.ਐਚ.ਓ ਵਲੋਂ ਕੋਈ ਲੈਣ-ਦੇਣ ਕਰਕੇ ਇਕ ਨਾਮਵਰ ਮਾਲਾਮਾਲ ਹਸਤੀ ਦੀ ਸ਼ਹਿ ਉੱਪਰ ਇਹ ਕੰਮ ਕੀਤਾ ਹੈ। ਰਾਜੀਵ ਕੁਮਾਰ ਮਲਹੋਤਰਾ (ਮਾਨਕੂ) ਜਨਰਲ ਸਕੱਤਰ ਗਊਸ਼ਾਲਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਵਿਚ ਮਿਤੀ 18 ਅਕਤੂਬਰ 2014 ਨੁੰ ਉਸ ਦੇ ਖਿਲਾਫ ਪੰਜਾਬ ਐਂਡ ਸਿੰਧ ਬੈਂਕ ਦੇ ਕੋਈ ਕਾਗਜ਼ ਚੋਰੀ ਕਰਨ ਦਾ ਪਰਚਾ ਨੰ: 306 ਕੱਟਿਆ ਗਿਆ ਸੀ। ਪਰਚੇ ਵਿਚ ਸ਼ਾਮਿਲ ਪੰਜਾਬ ਐਂਡ ਸਿੰਧ ਬੈਂਕ ਦੇ ਸੀਨੀਅਰ ਮੈਨੇਜਰ ਅਮਰਜੀਤ ਸਿੰਘ ਦੇ ਬਿਆਨਾਂ ਅਨੁਸਾਰ ਰਾਜੀਵ ਕੁਮਾਰ ਮਾਨਕੂ ਜਨਰਲ ਸਕੱਤਰ ਗਊਸ਼ਾਲਾ ਪ੍ਰਬੰਧਕ ਕਮੇਟੀ ਉਹਨਾ ਦੇ ਦਫਤਰ ਬੈਂਕ ਵਿਚ ਕਿਸੇ ਕੰਮ ਆਇਆ ਅਤੇ ਉਸ ਦਿਨ ਤੋਂ ਹੀ ਇਕ ਜਰੂਰੀ ਫਾਈਲ ਗੁੰਮ ਹੋ ਗਈ ਹੈ। ਪਰਚਾ ਨੰ: 306 ਵਿਚ ਦਰਜ ਬਿਆਨਾਂ ਅਨੁਸਾਰ ਮੈਨੇਜਰ ਨੇ ਸ਼ੱਕ ਪ੍ਰਗਟ ਕੀਤਾ ਕਿ ਇਹ ਜਰੂਰੀ ਕਾਗਜ਼ ਰਾਜੀਵ ਕੁਮਾਰ ਮਾਨਕੂ ਚੋਰੀ ਕਰਕੇ ਲੈ ਗਿਆ ਹੈ। ਆਪਣੇ ਖਿਲਾਫ ਦਰਜ ਹੋਏ ਝੂਠੇ ਪਰਚੇ ਦੀ ਲੜਾਈ ਲੜ ਰਹੇ ਮਾਨਕੂ ਨੂੰ ਇਕ ਵੱਡੀ ਸਫਲਤਾ ਉਸ ਸਮੇਂ ਮਿਲ ਗਈ ਜਦੋਂ ਬੈਂਕ ਦੇ ਮੈਨੇਜਰ ਵਲੋਂ ਪੁਲਿਸ ਸਟੇਸ਼ਨ ਦਿੱਤੀ ਦਰਖਾਸਤ ਦੀ ਕਾਪੀ ਦੇਖੀ ਗਈ ਤਾਂ ਉਸ ਦਰਖਾਸਤ ਵਿਚ ਬੈਂਕ ਦੇ ਮੈਨੇਜਰ ਨੇ ਕਿਸੇ ਦਾ ਵੀ ਨਾਮ ਨਹੀ ਲਿਖਿਆ। ਪੱਤਰਕਾਰਾਂ ਨੂੰ ਕਾਗਜ਼ ਦਿਖਾਉਂਦੇ ਹੋਏ ਰਾਜੀਵ ਕੁਮਾਰ ਮਾਨਕੂ ਨੇ ਦੱਸਿਆ ਕਿ ਮਿਤੀ 15 ਨਵੰਬਰ 2014 ਨੂੰ ਬੈਂਕ ਦੇ ਮੈਨੇਜਰ ਨੇ ਡੀ.ਐਸ.ਪੀ ਜੰਡਿਆਲਾ ਗੁਰੂ ਦੇ ਨਾਮ ਇਕ ਦਰਖਾਸਤ ਵਿਚ ਕਿਹਾ ਹੈ ਕਿ ਮੈਂ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਗੁੰਮ ਹੋਏ ਕਾਗਜਾਂ ਬਾਰੇ ਕਾਰਵਾਈ ਕਰਨ ਲਈ ਨਹੀਂ ਕਿਹਾ ਅਤੇ ਨਾ ਹੀ ਮੇਰੇ ਵਲੋਂ ਦਿੱਤੀ ਗਈ ਦਰਖਾਸਤ ਵਿਚ ਰਾਜੀਵ ਕੁਮਾਰ ਮਾਨਕੂ ਦਾ ਨਾਮ ਸ਼ਾਮਿਲ ਹੈ। ਮੇਰੀ ਸਿਰਫ ਆਮ ਗੁੰਮਸ਼ੁਦਗੀ ਦੀ ਦਰਖਾਸਤ ਸੀ। ਬੈਂਕ ਦੇ ਗੁੰਮ ਹੋਏ ਕਾਗਜ਼ ਬੈਂਕ ਵਿਚੋਂ ਹੀ ਮਿਲ ਗਏ ਹਨ। ਇਸ ਸਾਰੀ ਘਟਨਾ ਸਬੰਧੀ ਜਦ ਐਸ.ਪੀ ਹੈੱਡਕੁਆਟਰ ਬਲਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਇਸ ਸਬੰਧੀ ਡੀ.ਐਸ.ਪੀ ਜੰਡਿਆਲਾ ਨੂੰ ਛਾਣਬੀਨ ਕਰਕੇ ਪਰਚਾ ਰੱਦ ਕਰਨ ਬਾਰੇ ਕਿਹਾ ਗਿਆ ਹੈ। ਉਹਨਾ ਦੱਸਿਆ ਕਿ ਇਹ ਪਰਚਾ ਦਰਜ ਕਰਨ ਵਾਲੇ ਪੁਲਿਸ ਅਧਿਕਾਰੀਆ ਦੇ ਖਿਲਾਫ ਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਕੀਤੀ ਜਾਵੇਗੀ।