Thursday, September 19, 2024

ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ ‘ਚ ਜਗਦੀਸ਼ ਖੰਨਾ ਦੇ ਨਵੇਂ ਨਾਟਕ ‘ਤੇ ਹੋਈ ਭਰਵੀਂ ਚਰਚਾ

ਸਮਰਾਲਾ, 24 ਫਰਵਰੀ (ਇੰਦਰਜੀਤ ਸਿੰਘ ਕੰਗ) – ਸਰਦੀਆਂ ਦੇ ਲੰਮੇ ਸਮੇਂ ਤੋਂ ਬਾਅਦ ਨਿਕਲੀ ਨਿੱਘੀ ਧੁੱਪ ਵਿੱਚ ਕਿੰਡਰ ਗਾਰਟਨ ਸਕੂਲ ਦੀ ਖੁਸ਼ਗਵਾਰ ਫ਼ਿਜ਼ਾ ਵਿੱਚ ਲੇਖਕ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਦੀ ਪ੍ਰ੍ਰਧਾਨਗੀ ਹੇਠ ਹੋਈ ਮਾਸਿਕ ਮੀਟਿੰਗ ਵਿੱਚ ਇਕੱਤਰ ਹੋਏ ਲੇਖਕਾਂ, ਕਵੀਆਂ ਤੇ ਗੀਤਕਾਰਾਂ ਨੇ ਰਚਨਾਵਾਂ ਦਾ ਰੌਚਕ ਦੌਰ ਚਲਾਇਆ। ਕਰੀਬ ਤਿੰਨ ਵਜੇ ਤੱਕ ਚੱਲੇ ਇਸ ਸਮਾਗਮ ਵਿੱਚ ਲੇਖਕਾਂ, ਕਵੀਆਂ ਤੇ ਗੀਤਕਾਰਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰ ਲੇਖਕਾਂ ਨੂੰ ਸਰਸ਼ਾਰ ਕੀਤਾ।ਮੀਟਿੰਗ ਦੇ ਆਗਾਜ਼ ਵਿੱਚ ਉੱਘੇ ਮਾਨਵਵਾਦੀ ਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਜਸਟਿਸ ਅਜੀਤ ਸਿੰਘ ਬੈਂਸ ਦੀ ਮੌਤ ’ਤੇ ਸ਼ੋਕ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
                ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਜਸਟਿਸ ਅਜੀਤ ਸਿੰਘ ਦੀ ਸਖਸ਼ੀਅਤ ਅਤੇ ਜੀਵਨ ਸਫਰ ‘ਤੇ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਕਿਵੇਂ ਅੱਤਵਾਦ ਦੇ ਕਾਲੇ ਦੌਰ ਦੇ ਦੌਰਾਨ ਜਸਟਿਸ ਅਜੀਤ ਸਿੰਘ ਬੈਂਸ ਨੇ ਸਰਕਾਰੀ ਜਬਰ-ਜ਼ੁਲਮ ਦੇ ਖਿਲਾਫ਼ ਹਾਕਮਾਂ ਨਾਲ ਆਢਾ ਲਿਆ।ਇਸ ਦੇ ਨਾਲ ਹੀ ਵੱਖ-ਵੱਖ ਹੋਰ ਲੇਖਕਾਂ ਨੇ ਵੀ ਜਸਟਿਸ ਅਜੀਤ ਸਿੰਘ ਬੈਂਸ ਵਲੋਂ ਕੀਤੇ ਮਾਨਵਵਾਦੀ ਸੰਘਰਸ਼ ਦੀ ਸ਼ਲਾਘਾ ਕੀਤੀ।ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿੱਚ ਹਰਬੰਸ ਮਾਲਵਾ, ਜਸਵੀਰ ਸਿੰਘ ਝੱਜ ਤੇ ਬਲਦੇਵ ਸਿੰਘ ਝੱਜ ਨੂੰ ਅਕਾਦਮੀ ਦਾ ਪ੍ਰਬੰਧਕੀ ਮੈਂਬਰ ਚੁਣੇ ਜਾਣ ’ਤੇ ਵਧਾਈ ਦਿੱਤੀ।ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਗਾਇਕ ਕਲਾਕਾਰ ਪਰਮਿੰਦਰ ਸੇਖੋਂ ਵਲੋਂ ਵਿਚੋਲਿਆ ਦੀ ਸਿਫ਼ਤਾਂ ਵਿੱਚ ਵਿਅੰਗਾਤਮਕ ਗੀਤ ‘ਜਗ ‘ਤੇ ਪੈ ਜਾਵੇ ਜਿਹਨੂੰ ਚਸਕਾ ਵਿਚੋਗਿਰੀ ਦਾ’ ਤਰਨੰੁਮਾ ਵਿੱਚ ਪੇਸ਼ ਕਰਕੇ ਸਾਰੇ ਹਾਜ਼ਰ ਲੇਖਕਾਂ ਦਾ ਮਨੋਰੰਜਨ ਕੀਤਾ।
                    ਅਵਤਾਰ ਸਿੰਘ ਉਟਾਲਾਂ ਨੇ ਆਪਣੀ ਤਾਜ਼ਾ ਨਜ਼ਮ ‘ਦਾਤਣ’ ਪੇਸ਼ ਕੀਤੀ, ਨਾਟਕਕਾਰ ਜਗਦੀਸ਼ ਸਿੰਘ ਨੇ ਹਿੰਦੀ ਲੇਖਕ ਉਮਾ ਸ਼ੰਕਰ ਚੌਧਰੀ ਦੀ ਕਹਾਣੀ ‘ਕੋਟ-ਟੂ-ਦਿੱਲੀ’ ’ਤੇ ਅਧਾਰਤ ਆਪਣਾ ਨਵਾਂ ਲਿਖਿਆ ਨਾਟਕ ‘ਕੱਟ-ਟੂ-ਦਿੱਲੀ ਵਾਇਆ ਰਤਨਗੜ੍ਹ’ ਪੜ੍ਹ ਕੇ ਸੁਣਾਇਆ।ਕਰੀਬ ਇੱਕ ਘੰਟੇ ਦੇ ਇਸ ਦਿਲਚਸਪ ਨਾਟਕ ਤੇ ਲੇਖਕਾਂ ਨੇ ਨਿੱਠ ਕੇ ਵਿਚਾਰ ਚਰਚਾ ਕੀਤੀ ਤੇ ਨਾਟਕ ਨੂੰ ਇਕ ਸਫ਼ਲ ਰਚਨਾ ਕਰਾਰ ਦਿੱਤਾ।ਗੀਤਕਾਰ ਹਰਬੰਸ ਮਾਲਵਾ ਨੇ ਆਪਣਾ ਗੀਤ ‘ਚਾਹੇ ਮੇਰੇ ਕੋਲ ਕੁੱਝ ਨਾ ਰਿਹਾ, ਚਾਹੇ ਸਾਰਾ ਕੁਝ ਮੈਂ ਗੁਆ ਲਿਆ’ ਪੇਸ਼ ਕੀਤਾ।ਅਮਨ ਅਜ਼ਾਦ ਨੇ ਨਜ਼ਮ ‘ਚੰਨ ਜੀ’ ਪੇਸ਼ ਕੀਤੀ।ਕਰਮ ਸਿੰਘ ਨੇ ਨਜ਼ਮ ‘ਲੁੱਟ ਲੁਟ ਕੇ ਦੇਸ਼ ਮੇਰਾ ਵੱਡੇ ਸੱਪ ਖਾ ਗਏ’ ਸੁਣਾਈ।ਜੱਸੀ ਢਿੱਲਵਾਂ, ਕਸ਼ਮੀਰ ਸਿੰਘ, ਕੇਵਲ ਸਿੰਘ ਮੰਜ਼ਾਲੀਆਂ, ਕੇਵਲ ਕੁੱਲੇਵਾਲੀਆਂ ਤੇ ਮਾਸਟਰ ਤਰਲੋਚਨ ਸਿੰਘ ਹੁਰਾਂ ਨੇ ਆਪੋ-ਆਪਣੇ ਲਿਖੇ ਗੀਤ ਤਰਨੁੰਮ ’ਚ ਪੇਸ਼ ਕੀਤੇ। ਪੇਸ਼ ਕੀਤੀਆਂ ਰਚਨਾਵਾਂ ਤੇ ਲੇਖਕਾਂ ਵੱਲੋਂ ਉਸਾਰੂ ਬਹਿਸ ਕੀਤੀ ਗਈ।
                 ਮੀਟਿੰਗ ’ਚ ਰਾਜਵਿੰਦਰ ਸਮਰਾਲਾ, ਡਾ. ਹਰਜਿੰਦਰਪਾਲ ਸਿੰਘ, ਅਵਤਾਰ ਸਿੰਘ ਉਟਾਲਾਂ, ਕਹਾਣੀਕਾਰ ਐਡੋਕੇਟ ਦਲਜੀਤ ਸਿੰਘ ਸ਼ਾਹੀ, ਅਜ਼ਾਦ ਵਿਸ਼ਮਾਦ, ਜੱਸੀ ਢਿੱਲਵਾਂ, ਕਸ਼ਮੀਰ ਸਿੰਘ, ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਰਜਿੰਦਰ ਸਿੰਘ, ਜਗਦੀਸ਼ ਸਿੰਘ, ਹਰਬੰਸ ਸਿੰਘ, ਕਰਮ ਸਿੰਘ, ਮਾਸਟਰ ਤਰਲੋਚਨ ਸਿੰਘ, ਸੁਰਜੀਤ ਸਿੰਘ ਵਿਸ਼ਾਦ, ਅਜੈ ਕੁਮਾਰ, ਕੇਵਲ ਸਿੰਘ ਮੰਜਾਲੀਆ, ਐਡਵੋਕੇਟ ਗਗਨਦੀਪ ਸ਼ਰਮਾ, ਕੇਵਲ ਕੁੱਲੇਵਾਲੀਆ ਤੇ ਪਰਮਿੰਦਰ ਸੇਖੋਂ ਆਦਿ ਸ਼ਾਮਲ ਸਨ।
ਅੰਤ ‘ਚ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਦੇ ਜਨਰਲ ਸਕੱਤਰ ਸੁਰਜੀਤ ਸਿੰਘ ‘ਵਿਸ਼ਾਦ’ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …