ਅੰਮ੍ਰਿਤਸਰ, 4 ਜੂਨ (ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਅੱਜ ਪਾਰਟੀ ਵਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਇੰਚਾਰਜ਼ ਨਿਯੁੱਕਤ ਕੀਤਾ ਗਿਆ ਹੈ ਤਾਂ ਜੋ ਸੰਸਦੀ ਖੇਤਰ ’ਚ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਨੂੰ ਲਾਮਬੰਧ ਕੀਤਾ ਜਾ ਸਕੇ।ਇਹ ਐਲਾਨ ਪਾਰਟੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਦੌਰਾਨ ਕੀਤਾ ਗਿਆ।
ਸਾਲ-2017 ਦੀ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜ ਚੁੱਕੇ ਛੀਨਾ ਨੇ ਕਿਹਾ ਕਿ ਉਹ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦ ਕਰਦੇ ਹਨ।ਉਨਾਂ ਕਿਹਾ ਕਿ ਪਾਰਟੀ ਦੇ ਬੂਥ ਪੱਧਰ ਦੇ ਕੇਡਰ ਨੂੰ ਸੁਚਾਰੂ ਬਣਾਇਆ ਜਾਵੇਗਾ ਅਤੇ 2024 ਦੀਆਂ ਆਮ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਰਕਰਾਂ ਦੀ ਸ਼ਕਤੀ ਨੂੰ ਸੰਚਾਲਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਦੇ ‘ਕਿਸਾਨ ਆਊਟਰੀਚ ਪੂੋਗਰਾਮ’ ਸਬੰਧੀ ਸੂਬਾ ਪੱਧਰੀ ਕਿਸਾਨ ਪੱਖੀ ਸਮਾਗਮਾਂ ਦਾ ਆਯੋਜਨ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਦੇ ਨਾਲ-ਨਾਲ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਤੇ ਦੱਬੇ-ਕੁੱਚਲੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹੁਲਾਰਾ ਦਿੱਤਾ ਜਾਵੇਗਾ।ਸੂਬੇ ’ਚ ਵਪਾਰ ਨੂੰ ਹੁੰਗਾਰਾ ਦੇਣ ਲਈ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਰਿਆਇਤਾਂ ਦੇਣ ਦੇ ਮੁੱਦੇ ਪਹਿਲਾਂ ਹੀ ਕੇਂਦਰ ਸਰਕਾਰ ਨਾਲ ਉਠਾ ਚੁੱਕੇ ਹਨ।
ਛੀਨਾ ਨੇ ਕਿਹਾ ਕਿ ਕੇਂਦਰ ਸਰਕਾਰ ਸਰਹੱਦੀ ਰਾਜ ’ਚ ਵਪਾਰ ਨੂੰ ਬੇਹਤਰ ਬਣਾਉਣ ਲਈ ਇੱਕ ਅਨੁਕੂਲ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ।ਛੋਟੇ ਪੱਧਰ ਦੇ ਉਦਯੋਗ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਕਿਸਾਨਾਂ ਦੀ ਆਮਦਨ ’ਚ ਵਾਧਾ ਕਰਨ ਲਈ ਖੇਤੀਬਾੜੀ ਨੂੰ ਪ੍ਰਫ਼ੁਲਿਤ ਕਰਨ ਦੀ ਜ਼ਰੂਰਤ ਹੈ।
ਪੰਜਾਬ ’ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਲਈ ‘ਆਪ’ ਦੀ ਭਗਵੰਤ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਅਮਨ-ਸ਼ਾਂਤੀ, ਉਦਯੋਗ ਅਤੇ ਵਪਾਰ ਨੂੰ ਪ੍ਰਫ਼ੁਲਿੱਤ ਕਰਨਾ ਅਤਿ ਜ਼ਰੂਰੀ ਹੈ।ਗੁਰੂਆਂ ਦੀ ਇਸ ਧਰਤੀ ’ਤੇ ਹਿੰਸਾ ਅਤੇ ਗੈਂਗਵਾਰ ਲਈ ਕੋਈ ਥਾਂ ਨਹੀਂ ਹੈ। ‘ਆਪ’ ਸਰਕਾਰ ਅਮਨ-ਕਾਨੂੰਨ ਦਾ ਮਾਹੌਲ ਪ੍ਰਦਾਨ ਕਰਨ ’ਚ ਨਾਕਾਮ ਰਹੀ ਹੈ ਅਤੇ ਹਿੰਸਾ ਵਧ ਰਹੀ ਹੈ, ਜਿਸ ਨੇ ਸਮਾਜ ਦੇ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …