ਲੋਕਧਾਰਾ ਅਜਿਹਾ ਵਰਤਾਰਾ ਹੈ ਜਿਸਦਾ ਮਨੁੱਖ ਨਾਲ ਸੰਬੰਧ ਜਨਮ ਤੋਂ ਲੈ ਕੇ ਮੌਤ ਤੱਕ ਹੈ।ਲੋਕਧਾਰਾਈ ਰਸਮਾਂ ਰੀਤਾਂ ਵਿਚ ਮਨੁੱਖ ਜਨਮਦਾ ਹੈ, ਜਵਾਨ ਹੁੰਦਾ ਹੈ ਤੇ ਖ਼ਤਮ ਹੋ ਜਾਂਦਾ ਹੈ।ਲੋਕਧਾਰਾ ਦਾ ਅਹਿਮ ਵਰਤਾਰਾ ਲੋਕ ਸਾਹਿਤ, ਬਚਪਨ ਦੀਆਂ ਲੋਰੀਆਂ ਤੋਂ ਲੈ ਕੇ ਸੁਹਾਗ, ਘੋੜੀਆਂ, ਟੱਪੇ, ਮਾਹੀਏ, ਲੋਕ ਗੀਤ, ਸਿੱਠਣੀਆਂ, ਲੋਕ ਕਹਾਣੀਆਂ, ਬੁਝਾਰਤਾਂ, ਅਖਾਣਾਂ, ਲੋਕ ਤੱਥਾਂ ਅਤੇ ਮਿਥਾਂ ਦਾ ਸਫ਼ਰ ਤੈਅ ਕਰਦਾ ਹੋਇਆ ਕੀਰਨੇ ਅਤੇ ਅਲਾਹੁਣੀਆਂ ਨਾਲ ਅੰਤਿਮ ਸਮੇਂ ਤੱਕ ਮਨੁੱਖ ਦਾ ਸਾਥ ਨਿਭਾਉਂਦਾ ਹੈ।
ਲੋਕਧਾਰਾ ਇਕ ਅਜਿਹਾ ਅਨੁਸ਼ਾਸਨ ਹੈ, ਜਿਸ ਦੇ ਅੰਤਰਗਤ ਉਹ ਸਾਰੇ ਪਰੰਪਰਾਗਤ ਵਰਤਾਰੇ ਆ ਜਾਂਦੇ ਹਨ ਜਿਹੜੇ ਲੋਕਮਾਨਸ ਦੀ ਸਿਰਜਣਾ ਕਰਦੇ ਹਨ ਅਤੇ ਜਿਨ੍ਹਾਂ ਨੂੰ ਲੋਕ ਸਮੂਹ ਨੇ ਪ੍ਰਵਾਨਗੀ ਦੇ ਕੇ ਪੀੜ੍ਹੀ ਦਰ ਪੀੜ੍ਹੀ ਅਪਣਾਇਆ ਹੋਵੇ।ਸੁਭਾਵਕ ਹੀ ਇਹਨਾਂ ਵਰਤਾਰਿਆਂ ਵਿੱਚ ਸਰਲਤਾ, ਸਹਿਜ਼ਤਾ, ਵਿਆਪਕਤਾ, ਨਿਰੰਤਰਤਾ, ਗਹਿਰਾਈ, ਵੰਨ-ਸੁਵੰਨਤਾ ਤੇ ਆਪ-ਮੁਹਾਰਾਪਣ ਵਰਗੇ ਗੁਣ ਹੁੰਦੇ ਹਨ ਕਿਉਂਕਿ ਲੋਕਧਾਰਾ ਦੀ ਸਿਰਜਣਾ ਕਿਸੇ ਸੀਮਾ ਵਿੱਚ ਬੱਝੀ ਹੋਈ ਹੁੰਦੀ ਹੈ ਅਤੇ ਇਹ ਸੀਮਾ ਉਸ ਸਮਾਜ ਨਾਲ ਜੁੜੀ ਹੁੰਦੀ ਹੈ ਜਿਥੇ ਲੋਕ ਸਮੂਹ ਵਿੱਚਰਦਾ ਹੈ।
ਆਧੁਨਿਕ ਪੰਜਾਬੀ ਦੇ ਸਰਬਾਂਗੀ ਸਾਹਿਤਕਾਰ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ. ਨੂੰ ਅੰਮ੍ਰਿਤਸਰ ਵਿਖੇ ਡਾ. ਚਰਨ ਸਿੰਘ ਦੇ ਘਰ ਹੋਇਆ।ਭਾਵੇਂ ਭਾਈ ਵੀਰ ਸਿੰਘ ਜੀ ਦੀ ਵਿਦਿਅਕ ਯੋਗਤਾ ਦੱਸਵੀਂ ਜਮਾਤ ਤੱਕ ਹੀ ਸੀ, ਪਰ ਉਹਨਾਂ ਦੀ ਸਾਹਿਤਕ ਦੇਣ ਸਦਕਾ ਉਹਨਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਉਸਰਈਏ ਵਜੋਂ ਜਾਣਿਆ ਜਾਂਦਾ ਹੈ।ਭਾਈ ਵੀਰ ਸਿੰਘ ਜੀ ਪੰਜਾਬੀ ਦੇ ਮਹਾਨ ਕਵੀ ਹੋਣ ਦੇ ਨਾਲ-ਨਾਲ ਆਧੁਨਿਕ ਪੰਜਾਬੀ ਸਾਹਿਤ ਦੇ ਮੁੱਢਲੇ ਨਾਵਲਕਾਰ, ਨਾਟਕਕਾਰ, ਵਾਰਤਕਕਾਰ, ਟੀਕਾਕਾਰ, ਵਿਆਖਿਆਕਾਰ, ਖੋਜਾਰਥੀ ਤੇ ਸੰਪਾਦਕ ਹਨ।
‘ਸੁੰਦਰੀ’ ਭਾਈ ਵੀਰ ਸਿੰਘ 1898 ਈ. ਵਿਚ ਪ੍ਰਕਾਸ਼ਿਤ ਹੋਇਆ ਪ੍ਰਥਮ ਨਾਵਲ ਹੈ।ਇਹ ਨਾਵਲ ਇਕ ਲੋਕ ਗੀਤ ਉਪਰ ਆਧਾਰਿਤ ਹੈ।ਜਿਸ ਵਿੱਚ ਮੁਗ਼ਲ ਹਾਕਮ ਸੁੰਦਰੀ ਨੂੰ ਜਬਰੀ ਚੁੱਕ ਕੇ ਲੈ ਜਾਂਦਾ ਹੈ।ਮੁਗ਼ਲਾਂ ਦੀ ਕੈਦ ਵਿੱਚ ਸੁੰਦਰੀ ਬਾਣੀ ਦੀ ਓਟ ਲੈਂਦੀ ਹੈ ਤੇ ਉਸ ਦਾ ਭਰਾ ਉਸ ਨੂੰ ਬਚਾਅ ਲੈਂਦਾ ਹੈ।ਇਹ ਨਾਵਲ ਧਾਰਮਿਕ ਇਤਿਹਾਸਕ ਸੁਮੇਲਤਾ ਵਾਲਾ ਹੋਣ ਦੇ ਨਾਲ ਲੋਕਧਾਰਾਈ ਵਰਤਾਰਿਆਂ ਨਾਲ ਓਤ-ਪੋਤ ਹੈ।ਨਾਵਲ ਦੇ ਮੁੱਖ ਬਿਰਤਾਂਤ ਤੋਂ ਇਲਾਵਾ ਬਹੁਤ ਸਾਰੇ ਉਪ-ਬਿਰਤਾਂਤ ਵੀ ਲੋਕਧਾਰਾਈ ਤੱਥਾਂ ਦੀ ਨਿਸ਼ਾਨਦੇਹੀ ਕਰਦੇ ਹਨ।
ਨਾਵਲ ਦਾ ਨਾਮ ਇਕ ਇਸਤਰੀ ਪਾਤਰ ਸੁੰਦਰੀ ਦੇ ਨਾਮ ‘ਤੇ ਹੈ।ਉਹ ਇਸ ਨਾਵਲ ਦੀ ਨਾਇਕਾ ਹੈ। ਨਾਵਲ ਦਾ ਸਮੁੱਚਾ ਬਿਰਤਾਂਤ ਇਸ ਦੁਆਲੇ ਬੁਣਿਆ ਗਿਆ ਹੈ।ਲੋਕਧਾਰਾ ਵਿੱਚ ਦੇਵੀਆਂ, ਅਪਸਰਾਵਾਂ, ਪਰੀਆਂ ਨਾਇਕਾਵਾਂ ਦੇ ਰੂਪ ਵਿੱਚ ਕਈ ਲੋਕ-ਬਿਰਤਾਂਤਾਂ ਦਾ ਹਿੱਸਾ ਬਣੀਆਂ ਹਨ।ਸੁੰਦਰੀ ਦਾ ਪ੍ਰਕਾਰਜ ਵੀ ਇਸੇ ਲੋਕਧਾਰਾਈ ਪ੍ਰਵਿਰਤੀ ਤੋਂ ਪ੍ਰਭਾਵਿਤ ਹੋਇਆ ਹੈ।ਨਾਵਲ ਵਿੱਚ ਮੁਕਲਾਵੇ ਜਾਂਦੀ ਸੁੰਦਰੀ ਨੂੰ ਮੁਗ਼ਲ ਹਾਕਮ ਚੁੱਕ ਕੇ ਲੈ ਜਾਂਦਾ ਹੈ ਤੇ ਆਪਣੀ ਬੇਗ਼ਮ ਬਣਾਉਣਾ ਚਾਹੁੰਦਾ ਹੈ।ਸੁੰਦਰੀ ਨੂੰ ਬਚਾਉਣ ਉਸ ਦਾ ਭਰਾ ਬਲਵੰਤ ਸਿੰਘ ਪਹੁੰਚ ਜਾਂਦਾ ਹੈ।ਰੁਮਾਂਸ ਵਿਚ ਇਹ ਜੁਗਤ ਲੋਕ-ਬਿਰਤਾਂਤ ਤੋਂ ਆਈ ਹੈ।
ਭਾਈ ਵੀਰ ਸਿੰਘ ਦਾ ਨਾਵਲ ਸੁੰਦਰੀ ਹੇਠ ਲਿਖੇ ਲੋਕ ਗੀਤ ‘ਤੇ ਆਧਾਰਿਤ ਹੈ, ਜਿਸ ਵਿਚ ਔਰਤ ਨੂੰ ਹਾਕਮਾਂ ਦੀ ਕੈਦ ਵਿੱਚੋਂ ਛੁਡਾਉਣ ‘ਚ ਪਿਉ, ਭਰਾ ਤੇ ਪਤੀ ਅਸਮਰੱਥ ਰਹਿੰਦੇ ਹਨ।
ਨਣਦ ਭਰਜਾਈ ਚੀਣਾ ਛੜਦੀਆਂ
ਫੌਜ ਮੁਗ਼ਲਾਂ ਦੀ ਚੜਿਆ
ਹਾਏ ਵੇ ਸਿਪਾਹੀ ਜਾਂਦਿਆਂ
ਘਰ ਨਹੀਂ ਸੀ ਰਾਂਝਾ
ਆਪਣੀ ਗੋਰੀ ਨੂੰ ਕੌਣ ਛੁਡਾ
ਹਾਏ ਵੇ……।
ਉੱਡੀਂ ਉੱਡੀਂ ਵੇ ਕਾਗ ਸੁਲੱਖਣੇ
ਕਹਿ ਮੇਰੇ ਬਾਪੂ ਨੂੰ ਧੀ ਪਕੜੀ ਵੀ ਜਾ
ਹਾਏ ਵੇ……।
ਮੁਹਰਾਂ ਦਿਆਂ ਡੇਢ ਲੱਖ
ਰੁਪਏ ਦਿਆਂ ਲੱਖ ਚਾਰ
ਮਿੰਨਤ ਮੁਥਾਜੀ ਕਰਕੇ ਧੀ ਲਊਂਗਾ ਛੁਡਾ
ਹਾਏ ਵੇ……।
ਅੱਗ ਲਾਵਾਂ ਤੇਰੇ ਲੱਖਾਂ ਨੂੰ
ਮੋਹਰਾਂ ਜਲ ਜਾ
ਐਸੀ ਸੁੰਦਰ ਸੋਹਣੀ
ਸਾਥੋਂ ਛਡੀਆ ਨਾ ਜਾ
ਹਾਏ ਵੇ……।
ਮੁਗਲ ਗਿਆ ਸੀ ਪਾਣੀਏ
ਪਿਛੋਂ ਗੋਰੀ ਚਿਖਾ ਬਣਾ
ਸੜਨ ਲੱਗੀ ਸੀ ਭੈਨੜੀ
ਉਤੋਂ ਵੀਰ ਗਿਆ ਆ
ਹਾਏ ਵੇ……।
ਭਾਈ ਵੀਰ ਸਿੰਘ ਦਾ ਨਾਵਲ ਸੁੰਦਰੀ ਉਪਰੋਕਤ ਲੋਕ ਗੀਤ ਤੇ ਆਧਾਰਿਤ ਹੈ।ਲੋਕ ਗੀਤ ਵਿੱਚ ਉਸ ਦਾ ਪਿਉ, ਭਰਾ ਤੇ ਪਤੀ ਉਸ ਨੂੰ ਬਚਾਉਣ ਵਿਚ ਅਸਮਰੱਥ ਰਹਿੰਦੇ ਹਨ, ਪਰ ਨਾਵਲ ਵਿਚ ਸੁੰਦਰੀ ਭਰਾ ਉਸ ਨੂੰ ਬਚਾਅ ਲੈਂਦਾ ਹੈ।ਹਾਕਮ ਦੀ ਕੈਦ ਵਿੱਚ ਸੁੰਦਰੀ ਆਪਣੀ ਰੱਖਿਆ ਲਈ ਪ੍ਰਭੂ ਸਿਮਰਨ ਵਿੱਚ ਲੀਨ ਰਹਿੰਦੀ ਹੈ। ਪੰਜਾਬੀ ਲੋਕਧਾਰਾ ਵਿੱਚ ਮੰਨਿਆ ਜਾਂਦਾ ਹੈ ਕਿ ਪ੍ਰਮਾਤਮਾ ਦੇ ਸਿਮਰਨ ਨਾਲ ਜਿਥੇ ਇਨਸਾਨ ਸੁਰੱਖਿਅਤ ਹੁੰਦਾ ਹੈ ਉਥੇ ਆਵਾਗਉਣ ਤੋਂ ਮੁਕਤ ਹੋਣ ਦੇ ਨਾਲ-ਨਾਲ ਉਸ ਦਾ ਲੋਕ-ਪ੍ਰਲੋਕ ਵੀ ਸਾਰਥਕ ਹੋ ਜਾਂਦਾ ਹੈ।ਨਾਵਲ ਵਿੱਚ ਸੁੰਦਰੀ ਸਵੈ-ਸੁਰੱਖਿਆ ਦੇ ਮੰਤਵ ਨਾਲ ਸਮੁੱਚੀਆਂ ਮੱਧਕਾਲੀ ਔਰਤਾਂ ਦੀ ਮਿਸਾਲ ਬਣਦੀ ਹੈ, ਜੋ ਆਪਣੀ ਖੁਦ-ਮੁਖਤਿਆਰ ਹੋਂਦ ਰੱਖਦੀਆਂ ਹਨ।
ਇਸ ਤੋਂ ਇਲਾਵਾ ਨਾਵਲ ਵਿਚ ਕਈ ਥਾਵਾਂ ‘ਤੇ ਅਜਿਹੇ ਵੇਰਵੇ ਆਉਂਦੇ ਹਨ।ਜਿਹਨਾਂ ਵਿੱਚ ਧਾਰਮਿਕ ਦ੍ਰਿਸ਼ਟੀ ਤੋਂ ਪੰਜਾਬ ਵਿਚ ਇਸਤਰੀ ਵਿਰੋਧੀ ਕੁਰੀਤੀਆਂ ਦਾ ਵਿਰੋਧ ਕੀਤਾ ਗਿਆ ਹੈ, ਜਿਵੇਂ ਕੁੜੀ ਮਾਰਨ ਵਾਲਿਆਂ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਂਦਾ ਹੈ।ਲੋਕਧਾਰਾ ਵਿੱਚ ਵੀ ਔਰਤ ਨੂੰ ਸਤਿਕਾਰ ਦੀ ਪਾਤਰ ਸਮਝਿਆ ਗਿਆ ਤੇ ਧੀਆਂ-ਧਿਆਣੀਆਂ ਉੱਪਰ ਜ਼ੁਲਮ ਕਰਨਾ ਪਾਪ ਸਮਝਿਆ ਜਾਂਦਾ ਹੈ।ਬਿਲਕੁੱਲ ਇਹੋ ਵਿਚਾਰਧਾਰਾ ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ।ਮਿਸਾਲ ਵਜੋਂ:-
ਇਸਤਰੀ ਪਰ ਧੱਕਾ ਕਰਨਾ ਖ਼ਾਲਸੇ ਦਾ ਧਰਮ ਨਹੀਂ।
‘ਯਿਸੂਈ ਮੁਸਾਫਰ ਦੀ ਯਾਤਰਾ’ ਅਤੇ ‘ਜਯੋਤਿਰੁਦਯ’ ਈਸਾਈ ਧਰਮ ਦੇ ਪ੍ਰਚਾਰ ਲਈ ਅੰਗਰੇਜ਼ਾਂ ਨੇ ਪੰਜਾਬੀ ਵਿੱਚ ਅਨੁਵਾਦ ਕਰਵਾਏ।ਇਹਨਾਂ ਨਾਵਲਾਂ ਦੇ ਅਨੁਵਾਦ ਦਾ ਮਕਸਦ ਪੰਜਾਬੀਆਂ ਨੂੰ ਸਮਾਜਿਕ ਤੇ ਸਭਿਆਚਾਰਕ ਤੌਰ ‘ਤੇ ਗ਼ੁਲਾਮ ਬਣਾਉਣਾ ਸੀ।ਪੰਜਾਬੀ ਲੋਕਧਾਰਾ ਦੀ ਆਪਣੀ ਲੰਮੀ ਪਰੰਪਰਾ ਰਹੀ ਹੈ।ਜਿਸ ਦੌਰਾਨ ਬਹੁਤ ਸਾਰੇ ਅਮੀਰ ਲੋਕਧਾਰਾਈ ਵਰਤਾਰੇ ਸਾਂਭੇ ਗਏ ਅਤੇ ਨਵੇਂ ਅਪਣਾਏ ਗਏ।ਭਾਈ ਵੀਰ ਸਿੰਘ ਦਾ ਨਾਵਲ ਸੁੰਦਰੀ ਅੰਗਰੇਜ਼ਾਂ ਦੁਆਰਾ ਇਸਾਈਅਤ ਦੇ ਪ੍ਰਚਾਰ ਦਾ ਪ੍ਰਤੀਉੱਤਰ ਸੀ।
ਪੰਜਾਬੀ ਲੋਕਧਾਰਾ ਵਿੱਚ ਮੰਨਿਆ ਜਾਂਦਾ ਹੈ ਕਿ ਕੁੱਝ ਖੂਹਾਂ, ਚਸ਼ਮਿਆਂ ਤੇ ਸਰੋਵਰਾਂ ਦਾ ਪਾਣੀ ਤਲਿਸਮੀ ਹੁੰਦਾ ਹੈ, ਜਿਨ੍ਹਾਂ ਦਾ ਪਾਣੀ ਪੀਣ ਅਤੇ ਇਸ਼ਨਾਨ ਕਰਨ ਨਾਲ ਤੰਦਰੁਸਤੀ ਅਤੇ ਬਲ ਮਿਲਦਾ ਹੈ।ਸੁੰਦਰੀ ਨਾਵਲ ਵਿਚ ਵੀ ਸਿੰਘ ਅਕਸਰ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ।
ਰੁਮਾਂਸ ਲੋਕ ਸਾਹਿਤ ਦਾ ਮਹੱਵਪੂਰਨ ਅੰਗ ਹੈ।ਰੁਮਾਂਸ ਦੀ ਇਹ ਪਰੰਪਰਾ ਭਾਰਤੀ ਮਹਾਂਕਾਵਿ ਤੇ ਕਿੱਸਿਆਂ ਵਿਚ ਭਰਪੂਰ ਦਿਖਾਈ ਦਿੰਦੀ ਹੈ।ਭਾਈ ਵੀਰ ਸਿੰਘ ਦਾ ਨਾਵਲ ਸੁੰਦਰੀ ਵੀ ਰੁਮਾਂਸ ਭਰਪੂਰ ਹੈ, ਜਿਸ ਨੂੰ ਲੋਕਧਾਰਾਈ ਦ੍ਰਿਸ਼ਟੀ ਤੋਂ ਦੇਖਿਆ ਜਾ ਸਕਦਾ ਹੈ।ਸੰਤ ਸਿੰਘ ਸੇਖੋਂ ਨੇ ਭਾਈ ਵੀਰ ਸਿੰਘ ਦੇ ਨਾਵਲਾਂ ਨੂੰ ‘ਇਤਿਹਾਸਕ ਰੁਮਾਂਸ’ ਆਖਿਆ ਹੈ।ਡਾ. ਜੋਗਿੰਦਰ ਸਿੰਘ ਰਾਹੀ ਅਨੁਸਾਰ, “ਸੁਪਨਿਆਂ ਦਾ ਸਿਰਜਣ ਰੁਮਾਂਸ ਰਾਹੀਂ ਹੀ ਸੰਭਵ ਹੈ।”
ਮਨੋਵਿਗਿਆਨ ਦੇ ਮੋਢੀ ਸਿਗਮੰਡ ਫਰਾਇਡ ਅਤੇ ਕਾਰਲ ਯੁੰਗ ਨੇ ਮਨੁੱਖੀ ਸ਼ਖ਼ਸੀਅਤ ਨੂੰ ਸਮਝਣ ਲਈ ਇਡ, ਈਗੋ ਤੇ ਸੁਪਰ ਈਗੋ ਦੇ ਤਿੰਨ ਸੰਕਲਪ ਦਿੱਤੇ।ਮਨੁੱਖੀ ਮਨ ਦੇ ਇਹਨਾਂ ਤਿੰਨਾਂ ਭਾਗਾਂ ਦਾ ਸੰਬੰਧ ਕੁੱਝ ਬੁਨਿਆਦੀ ਪ੍ਰਵਿਰਤੀਆਂ ਨਾਲ ਹੈ।ਪਹਿਲਾ ਜੀਵਨਮੁਖ ਪ੍ਰਵਿਰਤੀਆਂ ਅਤੇ ਦੂਜਾ ਮ੍ਰਿਤੂਮੁਖ ਪ੍ਰਵਿਰਤੀਆਂ।ਯੂਨਾਨੀ ਮਿਥਿਹਾਸ ਵਿਚ ਜੀਵਨਮੁਖ ਪ੍ਰਵਿਰਤੀਆਂ ਲਈ ਈਰੋਜ਼ ਅਤੇ ਮ੍ਰਿਤੂਮੁਖ ਪ੍ਰਵਿਰਤੀਆਂ ਲਈ ਥਾਨਾਟੋਜ਼ ਸ਼ਬਦਾਂ ਦੀ ਵਰਤੋਂ ਕੀਤੀ ਗਈ।ਜੀਵਨਮੁਖ ਸ਼ਕਤੀਆਂ ਮਨੁੱਖੀ ਜੀਵਨ ਦੀ ਸੁਰੱਖਿਆ ਕਰਦੀਆਂ ਹਨ ਤੇ ਮ੍ਰਿਤੂਮੁਖ ਪ੍ਰਵਿਰਤੀਆਂ ਦਾ ਉਦੇਸ਼ ਮਾਰਨਾ ਤੇ ਨਸ਼ਟ ਕਰਨਾ ਹੁੰਦਾ ਹੈ।ਇਹਨਾਂ ਦੋਹਾਂ ਪ੍ਰਵਿਰਤੀਆਂ ਦੀ ਕਸ਼ਮਕਸ਼ ਸਾਰੀ ਉਮਰ ਚੱਲਦੀ ਰਹਿੰਦੀ ਹੈ ਤੇ ਜੇਕਰ ਮ੍ਰਿਤੂਮੁਖ ਪ੍ਰਵਿਰਤੀਆਂ ਭਾਰੂ ਹੋ ਜਾਣ ਤਾਂ ਈਰਖਾ, ਆਤਮਘਾਤ, ਕਤਲ ਆਦਿ ਉਤਪੰਨ ਹੁੰਦੇ ਹਨ।
ਫਰਾਇਡ ਮਨੁੱਖੀ ਮਨ ਦੇ ਤਿੰਨ ਭਾਗ ਮੰਨਦਾ ਹੈ: (1) ਸੁਚੇਤਨ (2) ਅਚੇਤਨ (3) ਅਰਧ ਚੇਤਨ।ਮਨੁੱਖ ਦੀਆਂ ਇੱਛਾਵਾਂ ਸਮਾਜਕ ਆਲੇ ਦੁਆਲੇ ਨਾਲ ਟਕਰਾਉਂਦੀਆਂ ਹਨ ਤੇ ਅਧੂਰੀਆਂ ਰਹਿ ਜਾਂਦੀਆਂ ਹਨ।ਇਹ ਇੱਛਾਵਾਂ ਉਸ ਦੇ ਅਵਚੇਤਨ ਵਿੱਚ ਪਈਆਂ ਹੁੰਦੀਆਂ ਹਨ।ਮਨ ਦਾ ਸਭ ਤੋਂ ਵੱਡਾ ਹਿੱਸਾ ਅਚੇਤਨ ਹੁੰਦਾ ਹੈ।ਇਸ ਲਈ ਫਰਾਇਡ ਬਰਫ਼ ਦੇ ਤੋਦੇ ਦੀ ਉਦਾਹਰਨ ਦਿੰਦਾ ਹੈ।ਯੁੰਗ ਅਨੁਸਾਰ ਅਚੇਤਨ ਸਮੂਹਿਕ ਹੀ ਹੁੰਦਾ ਹੈ।ਸਮਾਜ ਵਿਚ ਰਹਿੰਦਾ ਵਿਅਕਤੀ ਸਮਾਜ ਦੇ ਸਾਂਝੇ ਤਜ਼ਰਬੇ ਵਿਚੋਂ ਗੁਜ਼ਰਦਾ ਹੈ।ਪੰਜਾਬੀਆਂ ਨੂੰ ਲੰਬੇ ਸਮੇਂ ਲਈ ਜੰਗਾਂ ਯੁੱਧਾਂ ਵਿਚੋਂ ਗੁਜ਼ਰਨਾ ਪਿਆ ਹੈ, ਜਿਸ ਕਾਰਨ ਪੰਜਾਬੀਆਂ ਦੇ ਅਚੇਤਨ ਵਿੱਚ ਹਿੰਸਾ ਦਾ ਭਾਵ ਸਮੋਇਆ ਹੋਇਆ ਹੈ। ਸੁਭਾਵਿਕ ਹੈ ਕਿ ਜਦੋਂ ਕਿਸੇ ਵਰਤਾਰੇ ਨਾਲ ਲੰਮੇ ਸਮੇਂ ਤੱਕ ਲੋਕ ਸਮੂਹ ਜੁੜਿਆ ਰਹੇ ਤਾਂ ਉਹ ਵਰਤਾਰਾ ਜਾਂ ਉਸ ਨਾਲ ਜੁੜੇ ਸੰਕਲਪ, ਵਿਸ਼ਵਾਸ ਅਤੇ ਮਨੌਤਾਂ ਲੋਕਮਨ ਦਾ ਹਿੱਸਾ ਬਣ ਜਾਂਦੀਆਂ ਹਨ ਜਾਂ ਲੋਕ ਸਮੂਹ ਦੇ ਅਚੇਤਨ ਦਾ ਭਾਗ ਬਣਦੀਆਂ ਹਨ।
ਵਾਸਤਵ ਵਿਚ ਲੋਕਮਨ ਦੀਆਂ ਅਕਾਂਖਿਆਵਾਂ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ, ਜਿਹੜੀਆਂ ਲੋਕ ਸਮੂਹ ਲਈ ਘਾਤਕ ਹੋ ਨਿਬੜਦੀਆਂ ਹਨ।ਲੋਕਧਾਰਾਈ ਵਰਤਾਰਿਆਂ ਵਿੱਚ ਲੜਕੀਆਂ ਨੂੰ ਬਿਗਾਨਾ ਧਨ ਸਮਝ ਕੇ, ਕਮਜ਼ੋਰ ਸਮਝ ਕੇ, ਬੋਝ ਸਮਝ ਕੇ ਅਤੇ ਅਪਵਿੱਤਰ ਸਮਝ ਕੇ ਅਸਵਿਕਾਰ ਕੀਤਾ ਜਾਂਦਾ ਰਿਹਾ ਹੈ।ਇਹੋ ਕਾਰਨ ਹੈ ਲੋਕਮਨ ਆਦਿ ਕਾਲ ਤੋਂ ਹੀ ਔਰਤ ਨੂੰ ਜਨਮ ਤੋਂ ਪਹਿਲਾਂ ਅਤੇ ਜਨਮ ਸਮੇਂ ਹੀ ਮਾਰ ਦੇਣ ਦਾ ਹਾਮੀ ਰਿਹਾ ਹੈ ਜਾਂ ਬੁਰਜੂਆ ਸ਼੍ਰੇਣੀ ਇਸ ਨੂੰ ਭੋਗਣ ਵਾਲੀ ਵਸਤੂ ਹੀ ਸਮਝਦੀ ਰਹੀ ਹੈ।ਭਾਈ ਵੀਰ ਸਿੰਘ ਨੇ ਸੁੰਦਰੀ ਨਾਵਲ ਵਿੱਚ ਅਜਿਹੀਆਂ ਪਰੰਪਰਕ ਰਵਾਇਤਾਂ ਦਾ ਤਿਆਗ ਕਰਦਿਆਂ ਜਿਥੇ ਔਰਤ ਨੂੰ ਸੂਰਬੀਰਤਾ ਦਾ ਰੁਤਬਾ ਦਿੱਤਾ ਹੈ ਉਥੇ ਸੁੰਦਰੀ ਨੂੰ ਉਹਨਾਂ ਬਹਾਦਰ ਦੇਵੀਆਂ (ਸਰਸਵਤੀ/ਸੁੰਦਰੀ) ਅਤੇ ਔਰਤਾਂ ਦੀ ਸੰਗਿਆ ਵੀ ਦਿੰਦਾ ਹੈ, ਜੋ ਸਿਰਫ ਆਪਣੇ ਲਈ ਨਹੀਂ ਸਮਾਜ ਲਈ ਵੀ ਸੰਘਰਸ਼ ਕਰਦੀਆਂ ਹਨ।ਨਾਵਲ ਵਿੱਚ ਕਈ ਵਾਰ ਭਾਈ ਵੀਰ ਸਿੰਘ ਸੁੰਦਰੀ ਨੂੰ ‘ਸੋਨੇ ਦੀ ਚਿੜ੍ਹੀ’ ਕਹਿ ਕੇ ਭਾਰਤ ਅਤੇ ਪੰਜਾਬ ਦੀ ਆਜ਼ਾਦੀ ਦਾ ਪ੍ਰੇਰਨਾ ਸ੍ਰੋਤ ਬਣਦਾ ਹੈ।ਇਕ ਤਰ੍ਹਾਂ ਨਾਲ ਇਹ ਲੋਕ-ਪ੍ਰਤੀਕ ਹਨ ਜੋ ਭਾਈ ਵੀਰ ਸਿੰਘ ਨੇ ਸੁੰਦਰੀ ਨਾਵਲ ਵਿਚ ਕਈ ਥਾਵਾਂ ‘ਤੇ ਵਰਤੇ ਹਨ।
ਇਸ ਤਰ੍ਹਾਂ ਨਾਵਲ ਦਾ ਬਿਰਤਾਂਤ ਸਮਾਜਕ ਸੰਘਰਸ਼ ਵੱਲ ਮੁੜਦਾ ਹੈ।ਗੁਲਾਮੀ ਨੂੰ ਗਲੋਂ ਲਾਹੁਣ ਲਈ ਖ਼ਾਲਸੇ ਦਾ ਸੰਘਰਸ਼ ਸਾਹਮਣੇ ਆਉਂਦਾ ਹੈ।ਲੋਕ ਗੀਤ ਵਿੱਚ ਤਾਂ ਗੋਰੀ ਨੂੰ ਛੁਡਾਉਣ ਲਈ ਉਸ ਦੇ ਭਰਾ, ਪਤੀ ਤੇ ਪਿਉ ਅਸਮਰੱਥ ਰਹਿੰਦੇ ਹਨ, ਪਰ ਨਾਵਲ ਵਿਚ ਸੁੰਦਰੀ ਆਪ ਜ਼ੁਲਮ ਦਾ ਖਾਤਮਾ ਕਰਨ ਦੀ ਠਾਣ ਲੈਂਦੀ ਹੈ।ਅੰਤਾਂ ਦਾ ਵਿਸ਼ਵਾਸ ਤੇ ਹੌਂਸਲਾ ਕਰ ਕੇ ਉਹ ਕਹਿੰਦੀ ਹੈ:-
ਇਹ ਹਾਲ ਵੇਖ ਕੇ ਸੁਰੱਸਤੀ ਦੇ ਮਨ ਵਿਚ ਖਬਰੇ ਕੀ ਆਈ ਕਿ ਅੱਥਰੂ ਸੁੱਕ ਗਏ ਅਰ ਦਿਲ ਵਿੱਚ ਹੌਂਸਲਾ ਭਰ ਗਿਆ।ਉੱਠ ਕੇ ਭਰਾ ਦੇ ਕੰਨ ਵਿੱਚ ਕਹਿਣ ਲੱਗੀ… ਉੱਠ ਵੇ ਉੱਠ।ਮੇਰੀ ਮਾਂ ਦਿਆ ਜਾਇਆ ਉੱਠ।ਘਰਾਂ ਨੂੰ ਜਾਹ ਮੁਗਲ ਦਾ ਪਾਣੀ ਮੈਂ ਨਾ ਪੀਆਂ ਵੀਰਾ।ਮਰਾਂਗੀ ਅੱਗ ਜਲਾ।ਜਦ ਪਿਉ ਭਰਾ ਨੂੰ ਪ੍ਰਤੀਤ ਹੋ ਗਈ ਕਿ ਮੁਗਲ ਕਿਸੇ ਤਰ੍ਹਾਂ ਨਹੀਂ ਛੱਡਦਾ ਅਤੇ ਪੁੱਤਰੀ ਧਰਮ ਛੀਨ ਭੀ ਨਹੀਂ ਕਰੇਗੀ ਤਦ ਸਾਰੇ ਉਠਾ ਕੇ ਟੁੱਟੇ ਲੱਕ ਤੇ ਭੱਜੇ ਦਿਲ ਘਰ ਨੂੰ ਆ ਰਹੇ।
ਲੋਕ-ਬਿਰਤਾਂਤਾਂ ਵਿੱਚ ਆਮ ਤੌਰ ‘ਤੇ ਕਸ਼ਟ ਨਿਵਾਰਣ ਜਾਂ ਸੰਜੋਗੀ-ਮੇਲ ਦੇ ਸੰਕੇਤ ਮਿਲਦੇ ਹਨ।ਕਈ ਲੋਕ-ਕਥਾਵਾਂ ਵਿਚ ਨਾਇਕ ਜਾਂ ਨਾਇਕਾ ਉੱਤੇ ਔਖਾ ਵੇਲਾ ਆਉਂਦਾ ਹੈ ਤਾਂ ਕੋਈ ਮਨੁੱਖ ਜਾਂ ਦੈਵੀ ਸ਼ਕਤੀ ਉਸ ਦਾ ਕਸ਼ਟ ਨਿਵਾਰਨ ਲਈ ਪ੍ਰ੍ਰਗਟ ਹੁੰਦੀ ਹੈ।ਸੁੰਦਰੀ ਨਾਵਲ ਵਿੱਚ ਵੀ ਜਦੋਂ ਸੁੰਦਰੀ ਉੱਤੇ ਬਿਪਤਾ ਪੈਂਦੀ ਹੈ ਤਾਂ ਉਸ ਦਾ ਭਰਾ ਜੋ ਸਿੰਘ ਸੱਜ ਚੁੱਕਾ ਹੈ, ਉਸ ਨੂੰ ਬਚਾਉਣ ਲਈ ਪਹੁੰਚ ਜਾਂਦਾ ਹੈ।ਇਸ ਦੇ ਨਾਲ ਹੀ ਭਾਈ ਵੀਰ ਸਿੰਘ ਨੇ ਸੁੰਦਰੀ ਨਾਵਲ ਵਿੱਚ ਪੰਜਾਬੀ ਲੋਕਧਾਰਾ ਵਿਭਿੰਨ ਵਰਤਾਰਿਆਂ, ਰਹਿਣ-ਸਹਿਣ, ਕੰਮ-ਧੰਦੇ, ਰੀਤੀ ਰਿਵਾਜਾਂ ਆਦਿ ਦੀ ਪੇਸ਼ਕਾਰੀ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ।ਭਾਈ ਵੀਰ ਸਿੰਘ ਨੇ ਕਈ ਤੱਥਾਂ ਨੂੰ ਪੇਸ਼ ਕਰਨ ਲਈ ਲੋਕ ਗੀਤਾਂ, ਧਾਰਮਿਕ ਗ੍ਰੰਥਾਂ ਅਤੇ ਗੁਰਬਾਣੀ ਦੀਆਂ ਪੰਕਤੀਆਂ ਦਾ ਹਵਾਲਾ ਵੀ ਦਿੱਤਾ ਹੈ।
ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਭਾਈ ਵੀਰ ਸਿੰਘ ਦਾ ਪ੍ਰਥਮ ਨਾਵਲ ਸੁੰਦਰੀ ਲੋਕਧਾਰਾਈ ਵੇਰਵਿਆਂ ਤੇ ਵਰਤਾਰਿਆਂ ਨਾਲ ਓਤ-ਪੋਤ ਹੈ।ਇਸ ਵਿਚ ਭਾਈ ਵੀਰ ਸਿੰਘ ਨੇ ਲੋਕਧਾਰਾਈ ਤੱਥਾਂ ਦੀ ਪੇਸ਼ਕਾਰੀ ਧਾਰਮਿਕ, ਇਤਿਹਾਸਕ, ਸਾਂਸਕ੍ਰਿਤਕ ਅਤੇ ਦਾਰਸ਼ਨਿਕ ਪੱਖ ਤੋਂ ਕੀਤੀ ਹੈ।3112202201
-ਡਾ. ਆਤਮਾ ਸਿੰਘ ਗਿੱਲ
ਸਹਾਇਕ ਪ੍ਰੋਫੈਸਰ, ਬਾਬਾ ਅਜੈ ਸਿੰਘ ਖਾਲਸਾ ਕਾਲਜ
ਗੁਰਦਾਸ ਨੰਗਲ, ਗੁਰਦਾਸਪੁਰ।
ਮੋ – 9878883680