ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ)-ਖਾਲਸਾ ਕਾਲਜ ਦੇ ਖਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਲੋੜਵੰਦ ਔਰਤਾਂ, ਲੜਕੀਆਂ ਲਈ ਕਟਿੰਗ, ਟੇਲਰਿੰਗ ਅਤੇ ਫੂਡ ਪ੍ਰੋਸੈਸਿੰਗ ਦਾ ਚੌਥਾ ਮੁਫਤ ਸਿਖਲਾਈ ਕੈਂਪ ਲਗਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਲਗਾਏ ਇਸ ਕੈਂਪ ’ਚ ਲੋੜਵੰਦ ਔਰਤਾਂ ਨੂੰ ਕਟਿੰਗ, ਟੇਲਰਿੰਗ ਸਿਲਾਈ ਅਤੇ ਚਟਨੀ, ਜੈਮ, ਅਚਾਰ ਆਦਿ ਤਿਆਰ ਕਰਨ ਸਬੰਧੀ ਜ਼ਰੂਰੀ ਸਿਖਲਾਈ ਦਿੱਤੀ ਗਈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਯੋਗ ਰਹਿਨੁਮਾਈ ਸਦਕਾ ਸਕਿੱਲ ਡਿਵੈਲਪਮੈਂਟ ਸੈਂਟਰ ਪੱਛੜੇ ਵਿਦਿਆਰਥੀਆਂ ਵਾਸਤੇ ਜੀਵਨ ਭਰ ਲਈ ਸਿਖਲਾਈ ਪ੍ਰੋਗਰਾਮ ਪਿੱਛਲੇ ਕੁੱਝ ਸਾਲਾਂ ਤੋਂ ਚਲਾ ਰਿਹਾ ਹੈ।ਜਿਸ ਵਿਚ ਮੱਧ ਵਰਗੀ ਪਰਿਵਾਰ ਦੀਆਂ ਲੜਕੀਆਂ, ਵਿਧਵਾ, ਤਲਾਕਸ਼ੁਦਾ ਔਰਤਾਂ ਨੂੰ ਸਿਲਾਈ, ਕਢਾਈ, ਕੁਕਿੰਗ, ਫੂਡ-ਪ੍ਰੀਜਰਵੇਸ਼ਨ (ਆਚਾਰ, ਜੈਮ, ਮੁਰੱਬਾ, ਚਟਨੀਆਂ) ਆਦਿ ਬਣਾਉਣਾ ਮੁਫ਼ਤ ਸਿਖਾਇਆ ਜਾਂਦਾ ਹੈ ਅਤੇ ਲੋੜਵੰਦ ਔਰਤਾਂ, ਲੜਕੀਆਂ ਨੂੰ ਸਵੈ-ਨਿਰਭਰ ਬਣਨ ਲਈ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਸੁਤੰਤਰ ਹੋ ਸਕਣ ਅਤੇ ਵਾਧੂ ਆਮਦਨ ਨਾਲ ਆਪਣੇ ਪਰਿਵਾਰਾਂ ਦਾ ਸਮਰਥਨ ਕਰ ਸਕਣ।
ਇਸ ਕੋਰਸ ਦੀ ਸਮਾਪਤੀ ‘ਤੇ ਹੁਨਰ ਵਿਕਾਸ ਕੇਂਦਰ ’ਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਗ ਲੈਣ ਵਾਲੇ 30 ਸਿਖਿਆਰਥੀਆਂ ਨੂੰ ਕੋਰਸ ਪੂਰਾ ਹੋਣ ’ਤੇ ਪਿ੍ਰੰਸੀਪਲ ਡਾ: ਮਹਿਲ ਸਿੰਘ ਵਲੋਂ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ 3 ਮਹੀਨਿਆਂ ਦੇ ਮੁਫਤ ਸਿਖਲਾਈ ਪ੍ਰੋਗਰਾਮ ਦਾ ਅਗਲਾ ਬੈਚ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ।ਜਿਸ ਵਿਚ ਕੋਈ ਵੀ ਲੋੜਵੰਦ ਔਰਤ ਇਸ ਕੋਰਸ ’ਚ ਦਾਖ਼ਲਾ ਲੈ ਸਕਦੀ ਹੈ।
ਹੁਨਰ ਵਿਕਾਸ ਕੇਂਦਰ ਡਾਇਰੈਕਟਰ ਡਾ. ਐਮ.ਐਸ ਬੱਤਰਾ ਨੇ ਦੱਸਿਆ ਕਿ ਕੇਂਦਰ ’ਚ ਬੀ.ਵੋਕ ਕੋਰਸ ਅਤੇ ਘੱਟ ਸਮੇਂ ਲਈ ਵੈਬਡਿਜ਼ਾਈਨਿੰਗ, ਆਫਿਸ ਆਟੋਮੇਸ਼ਨ, ਕੰਪਿਊਟਰਾਈਜ਼ਡ ਅਕਾਊਂਟਿੰਗ ਸਾਫਟਵੇਅਰ, ਗੁਰਮਤਿ ਸੰਗੀਤ, ਫੂਡ ਐਂਡ ਵੈਜੀਟੇਬਲ ਪ੍ਰੋਸੈਸਿੰਗ, ਸ਼ਖਸੀਅਤ ਵਿਕਾਸ, ਅੰਗਰੇਜ਼ੀ ਬੋਲਣ, ਫੋਟੋਗ੍ਰਾਫੀ, ਐਕਟਿੰਗ ਅਤੇ ਥੀਏਟਰੀਕਲ ਆਰਟਸ, ਫੈਬਰਿਕ ਪੇਂਟਿੰਗ ਆਦਿ ਕਈ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਗਏ ਹਨ।ਵਿਦਿਆਰਥੀਆਂ ਨੇ ਇਨ੍ਹਾਂ ਕੋਰਸਾਂ ’ਚ ਬਹੁਤ ਦਿਲਚਸਪੀ ਦਿਖਾਈ ਹੈ।ਇਸ ਸਮੇਂ 500 ਦੇ ਕਰੀਬ ਵਿਦਿਆਰਥੀ ਇਨ੍ਹਾਂ ਕੋਰਸਾਂ ਦਾ ਲਾਭ ਲੈ ਰਹੇ ਹਨ।
ਇਸ ਮੌਕੇ ਡਾ. ਤਮਿੰਦਰ ਸਿੰਘ, ਡਾ. ਮਨਬੀਰ ਸਿੰਘ, ਪ੍ਰੋ: ਜਸਮੀਤ ਕੌਰ, ਨਵਨੀਨ ਬਾਵਾ, ਡਾ: ਗੁਰਸ਼ਰਨ ਕੌਰ ਅਤੇ ਕਮਲਜੀਤ ਕੌਰ ਆਦਿ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।