ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਕਾਂਗਰਸ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਮਜ਼ਦੂਰ ਵਰਗ ਨਾਲ ਵਿਸ਼ਵਾਸਘਾਤ ਕੀਤਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼਼੍ਰੋਮਣੀ ਅਕਾਲੀ ਦਲ (ਅ) ਦੇ ਲੇਬਰ ਵਿੰਗ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਕੁੱਕੂ ਨੇ ਪਾਰਟੀ ਦੇ ਸੰਗਰੂਰ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।
ਕੁੱਕੂ ਨੇ ਦੱਸਿਆ ਕਿ ਉਸਾਰੀ ਕਿਰਤੀ ਮਜ਼ਦੂਰਾਂ ਨੂੰ ਪੰਜਾਬ ਬਿਲਡਿੰਗ ਅਦਰ ਕੰਸਟਰਕਸਨ ਵੈਲਫੇਅਰ ਬੋਰਡ ਵਲੋਂ ਵੱਖ-ਵੱਖ ਸਕੀਮਾਂ ਤਹਿਤ ਲਾਭ ਦਿੱਤਾ ਜਾਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਮਜ਼ਦੂਰ ਲਾਭਪਾਤਰੀਆ ਨੂੰ ਸੰਨ 2018 ਤੋਂ 2023 ਤੱਕ ਕਿਸੇ ਸਕੀਮ ਦਾ ਲਾਭ ਪ੍ਰਾਪਤ ਨਹੀਂ ਹੋਇਆ।ਪਿੱਛਲੀ ਕਾਂਗਰਸ ਸਰਕਾਰ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਮਜ਼ਦੂਰਾਂ ਨੂੰ ਲੋਕ ਭਲਾਈ ਸਕੀਮਾਂ ਰਾਹੀਂ ਮਿਲਣ ਵਾਲਾ ਉਨ੍ਹਾਂ ਦਾ ਹੱਕ ਨਹੀਂ ਮਿਲ ਰਿਹਾ।ਕੁੱਕੂ ਨੇ ਕਿਹਾ ਕਿ ਇਸ ਵੈਲਫੇਅਰ ਬੋਰਡ ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁੱਦ ਹੋਣ ਦੇ ਬਾਵਜ਼ੂਦ ਮਜ਼ਦੂਰਾਂ ਨੂੰ ਸਕੀਮਾਂ ਦਾ ਲਾਭ ਨਾ ਮਿਲਣਾ ਬਹੁਤ ਹੀ ਹੈਰਾਨੀਜਨਕ ਹੈ।ਲੇਬਰ ਵਿਭਾਗ ਹੇਠ ਕੰਮ ਕਰਦੇ ਬੋਰਡ ਦੀ ਸਕੀਮਾਂ ਦਮ ਤੋੜ ਗਈਆਂ ਹਨ।ਉਸਾਰੀ ਮਜ਼ਦੂਰਾਂ ਵਲੋਂ ਵੱਖ-ਵੱਖ ਸਕੀਮਾਂ ਤਹਿਤ ਫਾਰਮ ਅਪਲਾਈ ਕੀਤੇ ਹੋਏ ਹਨ।ਬੋਰਡ ਦੀਆਂ ਸਕੀਮਾਂ ਦਾ ਲਾਭ ਨਾ ਮਿਲਣ ਕਾਰਨ ਮਜ਼ਦੂਰ ਲਾਭਪਾਤਰੀ ਨਿਰਾਸ਼ਾ ਦੇ ਆਲਮ ਵਿੱਚ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵੈਲਫੇਅਰ ਬੋਰਡ ਵੱਲ ਧਿਆਨ ਦੇ ਕੇ ਤਮਾਮ ਸੋਸ਼ਲ ਵੈਲਫੇਅਰ ਸਕੀਮਾਂ ਨੂੰ ਸਰਲ ਤਰੀਕੇ ਨਾਲ ਚਲਾ ਕੇ ਮਜ਼ਦੂਰਾਂ ਨੂੰ ਲਾਭ ਦਿੱਤਾ ਜਾਵੇ, ਤਾਂ ਜੋ ਮਜ਼ਦੂਰਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਲਾਭ ਪ੍ਰਾਪਤ ਹੋਵੇ।
ਇਸ ਮੌਕੇ ਸੁਨਾਮ ਦੇ ਜ਼ੋਨ-1 ਦੇ ਇੰਚਾਰਜ਼ ਗੁਰਚਰਨ ਸਿੰਘ ਵਿਰਦੀ, ਜੋਨ-3 ਦੇ ਇੰਚਾਰਜ਼ ਮਲਕੀਤ ਸਿੰਘ ਬੇਲਾ, ਜੋਨ-2 ਦੇ ਇੰਚਾਰਜ਼ ਪਰਵਿੰਦਰ ਸਿੰਘ, ਜੋਨ-6 ਦੇ ਇੰਚਾਰਜ਼ ਸਤਿਗੁਰ ਸਿੰਘ ਵੀ ਹਾਜ਼ਰ ਸਨ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …