ਆਸਟ੍ਰੇਲੀਆ ਵਿੱਚ ਵਸਦੇ ਸਿੱਖਾਂ ਨੂੰ ਗਲਤ ਪਛਾਣ ਕਰਕੇ ਹੋਣ ਵਾਲੇ ਹਮਲਿਆਂ ਤੋਂ ਬਚਾਉਣ ਲਈ ਕਦਮ ਚੁੱਕਣ ਦੀ ਕੀਤੀ ਅਪੀਲ
ਨਵੀਂ ਦਿੱਲੀ, 16 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਸਟ੍ਰੇਲੀਆ ਸਰਕਾਰ ਨੂੰ ਸਿੱਖ ਪਛਾਣ ਦੇ ਮਸਲਿਆ ਬਾਰੇ ਖਾਸ ਧਿਆਨ ਰੱਖਣ ਦੀ ਗੱਲ ਕਹੀ ਹੈ। ਬੀਤੇ ਦਿਨੀ ਸਿਡਨੀ ਦੇ ਕੈਫੇ ਵਿਖੇ ਹੋਏ ਬੰਧਕ ਕਾਂਡ ਦੌਰਾਨ ਮਾਰੇ ਗਏ ਦੋ ਨਿਰਦੋਸ਼ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹੋਏ ਜੀ.ਕੇ. ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬੇਟ ਨੂੰ ਇਸ ਬਾਰੇ ਅੱਜ ਪੱਤਰ ਲਿੱਖਿਆ ਹੈ। ਇਸ ਪੱਤਰ ਨੂੰ ਦਿੱਲੀ ਵਿਚਾਲੇ ਸਥਿਤ ਆਸਟ੍ਰੇਲੀਅਨ ਸ਼ਫੀਰ ਦੇ ਮਾਧਿਅਮ ਨਾਲ ਭੇਜਦੇ ਹੋਏ ਜੀ.ਕੇ. ਨੇ ਦੱਸਿਆ ਹੈ ਕਿ ਸਿੱਖ ਹਮੇਸ਼ਾ ਹੀ ਮਾਨਵਤਾ, ਦਿਆਲਤਾ, ਸ਼ਾਂਤੀ ਅਤੇ ਭਾਈਚਾਰੇ ਦੀ ਵਕਾਲਤ ਕਰਦੇ ਆਏ ਹਨ ਤੇ ਸਿੱਖਾਂ ਨੇ ਹਮੇਸ਼ਾ ਹੀ ਫਾਸੀਵਾਦੀ ਸੋਚ ਦਾ ਵਿਰੋਧ ਕੀਤਾ ਹੈ।
ਇਸ ਬੰਧਕ ਕਾਂਡ ਨੂੰ ਅੰਜਾਬ ਦੇਣ ਵਾਲੇ ਦੋਸ਼ੀ ਦਹਿਸ਼ਤਗਰਦ ਵੱਲੋਂ ਸਿਰ ਤੇ ਪਗੜੀਨੁਮਾ ਕਪੜਾ ਬੰਨੇ ਹੋਣ ਦੀ ਸਾਹਮਣੇ ਆ ਰਹੀਆਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਇਸ ਪੱਤਰ ਵਿੱਚ ਸਿੱਖਾਂ ਵੱਲੋਂ ਵੱਡੀ ਤਦਾਦ ਵਿੱਚ ਸਿਰ ਤੇ ਪਗੜੀ ਸਜਾਉਣ ਕਰਕੇ ਭਵਿੱਖ ਵਿੱਚ ਆਸਟ੍ਰੇਲੀਆ ਵਿਖੇ ਗਲਤ ਪਛਾਣ ਦਾ ਸ਼ਿਕਾਰ ਹੋਣ ਦਾ ਵੀ ਖਦਸਾ ਜਤਾਇਆ ਹੈ। ਗਲਤ ਪਛਾਣ ਕਰਕੇ ਸੰਸਾਰ ਭਰ ਵਿੱਚ ਸਿੱਖਾਂ ਤੇ ਹੋ ਰਹੇ ਹਮਲਿਆਂ ਬਾਰੇ ਆਸਟ੍ਰੇਲੀਆਈ ਪ੍ਰਸ਼ਾਸਨ ਨੂੰ ਵੀ ਸੁਚੇਤ ਕਰਨ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਆਸਟ੍ਰੇਲੀਆ ਵਿੱਚ ਵਸਦੇ ਸਿੱਖਾਂ ਵੱਲੋਂ ਆਸਟ੍ਰੇਲੀਆ ਦੇ ਵਿਕਾਸ ਅਤੇ ਆਰਥਿਕ ਪੱਖੋ ਮਜਬੂਤੀ ਲਈ ਕੰਮ ਕਰਨ ਦਾ ਵੀ ਭਰੋਸਾ ਦਿੱਤਾ ਹੈ। ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਵਸਦੇ ਸਿੱਖਾਂ ਵੱਲੋਂ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਆਪਸੀ ਸਬੰਧ ਮਜਬੂਤ ਕਰਨ ਦਾ ਵੀ ਜੀ.ਕੇ. ਵੱਲੋਂ ਦਾਅਵਾ ਕੀਤਾ ਹੈ।
ਪਗੜੀ ਨੂੰ ਸਿੱਖਾਂ ਦੀ ਪਛਾਣ ਦਾ ਪ੍ਰਤੀਕ ਅਤੇ ਅਣਖਿੜਵਾਂ ਅੰਗ ਦੱਸਦੇ ਹੋਏ ਜੀ.ਕੇ. ਨੇ ਸਿੱਖ ਰਹਿਤ ਮਰਿਆਦਾ ਤਹਿਤ ਇਸ ਨੂੰ ਹਰ ਸਿੱਖ ਲਈ ਜ਼ਰੂਰੀ ਵੀ ਦੱਸਿਆ ਹੈ। ਵੱਖ-ਵੱਖ ਵਿਦੇਸ਼ੀ ਦੂਤਘਰਾਂ ਤੇ ਉਨ੍ਹਾਂ ਦੇ ਸ਼ਫੀਰਾਂ ਨਾਲ ਇਸ ਮਸਲੇ ਤੇ ਦਿੱਲੀ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮਾ ਦੌਰਾਨ ਸਿੱਖ ਪਛਾਣ ਦੇ ਮਸਲੇ ਬਾਰੇ ਦਿੱਤੀ ਗਈ ਜਾਣਕਾਰੀ ਦਾ ਵੀ ਜੀ.ਕੇ. ਨੇ ਜ਼ਿਕਰ ਕੀਤਾ ਹੈ। ਸੰਸਾਰਭਰ ਵਿੱਚ ਵਸਦੇ ਸਿੱਖਾਂ ਨੂੰ ਆਪਣੇ ਆਸ ਪੜੋਸ ਵਸਦੇ ਲੋਕਾਂ ਨੂੰ ਸਿੱਖ ਵਿਰਸੇ, ਰਿਤੀ-ਰਿਵਾਜ, ਰਹਿਤ ਮਰਿਆਦਾ ਅਤੇ ਸਭ ਤੋਂ ਜ਼ਰੂਰੀ ਆਪਣੀ ਨਿਵੇਕਲੀ ਪਛਾਣ ਬਾਰੇ ਦੱਸਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਬਾਰੇ ਵੀ ਜੀ.ਕੇ. ਨੇ ਅਪੀਲ ਕੀਤੀ ਹੈ।