ਇਨੋਵੇਸ਼ਨ ਅਤੇ ਨਵੀਆਂ ਤਕਨੀਕਾਂ ਦਾ ਮਕਸਦ ਸਮਾਜ ਨੂੰ ਲਾਭ ਪਹੁੰਚਾਉਣਾ – ਛੀਨਾ
ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਪੰਜਾਬ ਭਰ ਤੋਂ ਪ੍ਰਤਿਭਾ ਅਤੇ ਨਵੀਨਤਾਵਾਂ ਨੂੰ ਆਕਰਸ਼ਿਤ ਕਰਨ ਦੇ ਮਕਸਦ ਤਹਿਤ ਆਈ.ਐਸ.ਟੀ.ਈ ਸਟੂਡੈਂਟ ਚੈਪਟਰ ਦੇ ਸਹਿਯੋਗ ਨਾਲ ਆਈ.ਈ.ਈ ਈ ਵਿਦਿਆਰਥੀ ਸ਼ਾਖਾ ਅਧੀਨ ਰਾਸ਼ਟਰੀ ਪੱਧਰ ਦਾ ਸਾਲਾਨਾ ‘ਟੈਕ-ਫੈਸਟੀਵਲ ‘ਟੈਕ ਊਰਜਾ-2ਕੇ23’ ਕਰਵਾਇਆ ਗਿਆ।ਜਿਸ ਵਿੱਚ ਪੁਰੇ ਸੂਬੇ ਤੋਂ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ 700 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ 50 ਤੋਂ ਵੱਧ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਨਾਮ ਪ੍ਰਾਪਤ ਕੀਤੇ।
ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਅਤੇ ਉਨ੍ਹਾਂ ਦੀ ਫੈਕਲਟੀ ਟੀਮ ਦੁਆਰਾ ਕਰਵਾਏ ਇਸ ਉਚ ਪੱਧਰੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਚਿੰਤਾਜ਼ ਕਰਦਿਆਂ ਕਿਹਾ ਕਿ ਇੰਜੀਨੀਅਰ ਸਿੱਖਿਆ ਸੰਸਥਾਵਾਂ ਪ੍ਰੈਕਟੀਕਲ ਗਿਆਨ ਤੋਂ ਬਿਨ੍ਹਾਂ ਪੜ੍ਹਾਈ ਕਰਵਾ ਰਹੇ ਹਨ, ਜੋ ਕਿ ਸਰਾਸਰ ਗਲਤ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਅਤੇ ਟੀਮ ਵਰਕ ’ਤੇ ਜ਼ਿਆਦਾ ਧਿਆਨ ਦੇਣ ਲਈ ਸੇਧ ਦਿੱਤੀ।ਉਨ੍ਹਾਂ ਕਿਹਾ ਕਿ ਤਕਨੀਕੀ ਸੰਸਥਾ ਦਾ ਹਿੱਸਾ ਹੋਣ ਦੇ ਨਾਤੇ ਹਰੇਕ ਵਿਦਿਆਰਥੀ ਦਾ ਨੈਤਿਕ ਫਰਜ਼ ਬਣਦਾ ਹੈ, ਕਿ ਉਹ ਸਮਾਜ ਅਤੇ ਰਾਸ਼ਟਰ ਦੇ ਭਲੇ ਅਤੇ ਉਨਤੀ ਲਈ ਨਵੀਆਂ ਖੋਜ਼ਾਂ ਅਤੇ ਤਕਨਾਲੋਜੀ ਨੂੰ ਲਾਗੂ ਕਰੇ।
ਡਾ. ਬਾਲਾ ਨੇ ਤਕਨੀਕੀ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਨਵੀਨਤਾ ਅਤੇ ਸਿਰਜਣਾਤਮਕਤਾ ਆਧੁਨਿਕ ਸੰਸਾਰ ’ਚ ਸਫਲਤਾ ਦੇ ਗੁਰ ਦੱਸੇ।ਪਹਿਲੇ ਦਿਨ ਕਈ ਤਰ੍ਹਾਂ ਦੇ ਤਕਨੀਕੀ ਈਵੈਂਟ ਜਿਵੇਂ ਕੋਡ ਵਾਰੀਅਰ, ਵੈਬ ਵਾਰ, ਆਈ.ਟੀ ਚਾਰਟ/ਕੋਲਾਜ਼, ਮਸ਼ੀਨ ਡਰਾਇੰਗ, ਸਾਲਿਡ ਮਾਡਲਿੰਗ, ਬ੍ਰਿਜ ਬਿਲਡਿੰਗ, ਵਾਟਰ ਪਿਊਰੀਫਾਇਰ, ਸਰਵੇ ਹੰਟ, ਆਟੋ-ਕੈਡ, ਇਲੈਕਟ੍ਰਾਨਿਕ ਪੋਸਟਰ ਮੇਕਿੰਗ ਆਦਿ ਦਾ ਆਯੋਜਨ ਕੀਤਾ ਗਿਆ। ਤਕਨੀਕੀ ਈਵੈਂਟ ਜਿਵੇਂ ਕਿ ਕੁਇਜ਼ਪੀਡੀਆ, ਐਕਸਟੈਂਪੋਰ, ਗਰੁੱਪ ਡਿਸਕਸ਼ਨ, ਡਿਸ਼ ਗਾਰਡਨਿੰਗ, ਪੋਟ ਮੇਕਿੰਗ, ਨੋ ਫਲੇਮ ਕੁਕਿੰਗ, ਮੌਕ-ਟੇਲ ਅਤੇ ਟੌਲ ਆਰਟ ਦੀ ਤਿਆਰੀ ਆਦਿ ਕਰਵਾਏ ਗਏ।ਇਸ ਤੋਂ ਇਲਾਵਾ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ’ਤੇ ਆਧਾਰਿਤ ਕਾਰਜ਼ਕਾਰੀ ਮਾਡਲਾਂ ਰਾਹੀਂ ਆਪਣੇ ਨਵੀਨਤਾਕਾਰੀ ਵਿਚਾਰ ਪੇਸ਼ ਕੀਤੇ।
ਇਸ ਪ੍ਰੋਗਰਾਮ ਦੇ ਈਵੈਂਟ ਦੇ ਦੂਜੇ ਦਿਨ ਉੱਦਮੀ ਭਾਸ਼ਣ, ਸਥਿਤੀ ਪ੍ਰਤੀਕਿਰਿਆ ਟੈਸਟ, ਪੇਪਰ ਪੇਸ਼ਕਾਰੀ, ਗਾਇਕੀ ਅਤੇ ਮਿਮਿਕਰੀ, ਟੈਕ ਰੀਲਜ਼ ਅਤੇ ਡੀ.ਐਸ.ਐਲ.ਆਰ ਫੋਟੋਗ੍ਰਾਫੀ ਦੇ ਨਾਲ ਸਪੋਰਟਸ ਵਰਗੇ ਕਈ ਮੁਕਾਬਲੇ ਆਯੋਜਿਤ ਕੀਤੇ ਗਏ।
ਵੈਲੀਡੀਕਟੋਰੀਅਨ ਸੈਸ਼ਨ ’ਚ ਮੁੱਖ ਮਹਿਮਾਨ ਵਜੋਂ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਰਜਿਸਟਰਾਰ ਡਾ. ਐਸ.ਕੇ ਮਿਸ਼ਰਾ ਨੇ ਸ਼ਿਰਕਤ ਕੀਤੀ।ਵਿਦਿਆਰਥੀਆਂ ਨੇ ਰੌਫ (ਕਸ਼ਮੀਰੀ ਨਾਚ) ਅਤੇ ਝੂਮਰ ਸਮੇਤ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ।ਈਵੈਂਟਾਂ ’ਚ ਆਈ.ਕੇ.ਜੀ.ਪੀ.ਟੀ.ਯੂ ਅੰਮ੍ਰਿਤਸਰ ਕੈਂਪਸ ਦੇ ਵਿਦਿਆਰਥੀਆਂ ਨੇ ਸਿਚੂਏਸ਼ਨ ਰਿਐਕਸ਼ਨ ਟੈਸਟ, ਪੇਪਰ ਪ੍ਰੈਜ਼ੈਂਟੇਸ਼ਨ ’ਚ ਪਹਿਲਾ ਸਥਾਨ ਹਾਸਲ ਕੀਤਾ।ਜਦਕਿ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਮੁਕਾਬਲਿਆਂ ’ਚ ਕਈ ਸਥਾਨ ਹਾਸਲ ਕੀਤੇ।
ਡਾ. ਮਿਸ਼ਰਾ ਨੇ ਕਿਹਾ ਕਿ ਅਜੋਕਾ ਯੁੱਗ ਨਵੀਨਤਾ ਅਤੇ ਪ੍ਰੋਫੈਸ਼ਨਲ ਦਾ ਹੈ।ਉਨ੍ਹਾਂ ਕਿਹਾ ਕਿ ਇਕ ਚੰਗੇ ਪੇਸ਼ੇਵਰ ਹੋਣ ਦੇ ਨਾਲ-ਨਾਲ ਇਕ ਵਧੀਆ ਇਨਸਾਨ ਹੋਣਾ ਵੀ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਸਵੈ-ਨਿਰਭਰਤਾ ਦਾ ਗੁਣ ਵਿਕਸਿਤ ਕਰਨਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਨੌਕਰੀ ਭਾਲਣ ਵਾਲਿਆਂ ਦੀ ਬਜ਼ਾਏ ਨੌਕਰੀ ਉਤਪਾਦਕ ਬਣਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਇੰਜ਼: ਬਿਕਰਮਜੀਤ ਸਿੰਘ (ਰਜਿਸਟਰਾਰ), ਡਾ. ਰਿਪਿਨ ਕੋਹਲੀ (ਕੋਆਰਡੀਨੇਟਰ ਆਈ.ਕਿਊ.ਏ.ਸੀ), ਡਾ. ਜੁਗਰਾਜ ਸਿੰਘ (ਡੀਨ ਅਕਾਦਮਿਕ), ਇੰਜ਼. ਸੁਖਮੀਤ ਕੌਰ, (ਡਿਪਟੀ ਡੀਨ ਅਕਾਦਮਿਕ), ਡਾ. ਜਸਲੀਨ ਕੌਰ, ਡਾ. ਪ੍ਰਦੀਪ ਸਿੰਘ, ਡਾ. ਰੁਚੀ ਹਾਂਡਾ, ਡਾ. ਸੰਦੀਪ ਦੇਵਗਨ, ਪ੍ਰਨੀਤ ਕੌਰ, ਸਰਬਜੋਤ ਕੌਰ, ਬਿੰਨੀ ਅਬਰੋਲ ਅਤੇ ਹੋਰ ਫੈਕਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।