ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਸੜਕ ਹਾਦਸੇ ‘ਚ ਜ਼ਖਮੀ ਕਾਰ ਸਵਾਰਾਂ ਦੀ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਮੌਕੇ ‘ਤੇ ਸਾਂਭ ਸੰਭਾਲ਼ ਕਰਦਿਆਂ ਮੁੱਢਲੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ।ਜਿਕਰਯੋਗ ਹੈ ਕਿ ਬੀਤੇ ਦਿਨੀ ਡਾ. ਕਿਰਪਾਲ ਸਿੰਘ ਸਿਵਲ ਸਰਜਨ ਸੰਗਰੂਰ ਜਿਲ੍ਹੇ ਦੇ ਪਿੰਡ ਢੱਡਰੀਆਂ ਵਿਖੇ ਅਚਾਨਕ ਲੈਂਡ ਹੋਏ ਜਹਾਜ਼ ਵਾਲੇ ਘਟਨਾ ਸਥਾਨ ਤੋਂ ਵਾਪਸ ਪਰਤ ਰਹੇ ਸਨ ਰਸਤੇ ਵਿੱਚ (ਟੀ ਪੁਆਇੰਟ ਸੰਤ ਹਰਚੰਦ ਸਿੰਘ ਲੌਂਗੋਵਾਲ ਇੰਸਟੀਚਿਊਟ ਨੇੜੇ) ਵਾਪਰੇ ਅਚਾਨਕ ਸੜਕ ਹਾਦਸੇ ਦੋਰਾਨ ਕਾਰ ਸਵਾਰ ਜਖਮੀ ਹੋ ਗਏ।ਇਨ੍ਹਾਂ ਜਖਮੀਆਂ ਦੀ ਜਾਨ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਬਣਾਈ ਸੜਕ ਸੁਰੱਖਿਆ ਫੋਰਸ ਵੀ ਮੌਜ਼ੂਦ ਸੀ।ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸੜਕੀ ਹਾਦਸਿਆਂ ਦੌਰਾਨ ਜ਼ਖਮੀਆਂ ਦੀ ਜਾਨ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਹੈ, ਜੋ ਕਿ ਮਨੁੱਖੀ ਜਾਨਾਂ ਬਚਾਉਣ ‘ਚ ਸਹਾਈ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਹਾਦਸਿਆਂ ਦੌਰਾਨ ਕਈ ਜਖਮੀ ਤੇ ਕੁੱਝ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ,ਜੋ ਬਹੁਤ ਦੁੱਖਦਾਇਕ ਹੈ।ਉਨਾਂ ਸੜਕ ਸੁਰੱਖਿਆ ਫੋਰਸ ‘ਚ ਤਾਇਨਾਤ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਮਾਨਵਤਾ ਦੀ ਸੇਵਾ ਲਈ ਆਪਣੀ ਡਿਉਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ।