Tuesday, May 21, 2024

ਖਾਲਸਾ ਕਾਲਜ ਵਿਖੇ 3 ਰੋਜ਼ਾ ‘ਮੋਜੋ ਮੋਬਾਇਲ ਜਰਨਲਿਜ਼ਮ’ ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੱਤਰਕਾਰੀ ਵਿਭਾਗ ਦੇ ਯਤਨਾਂ ਸਦਕਾ ਸੈਂਟਰ ਫ਼ਾਰ ਮੀਡੀਆ ਸਟੱਡੀਜ਼ (ਸੀ.ਐਮ.ਐਸ ਵਾਤਾਵਰਣ) ਨਵੀਂ ਦਿੱਲੀ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ 3 ਰੋਜ਼ਾ ‘ਮੋਜ਼ੋ ਮੋਬਾਇਲ ਜਰਨਲਿਜ਼ਮ’ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਦਿੱਲੀ ਤੋਂ ਆਏ ਮਾਹਿਰਾਂ ਨੇ ਅਜੋਕੇ ਸਮੇਂ ਮੋਬਾਇਲ ਜਰਨਲਿਜ਼ਮ ਦੇ ਮਾਧਿਅਮ ਰਾਹੀਂ ਲੋਕ ਜਾਗਰੂਕਤਾ ਪੈਦਾ ਕਰਨ ਦੀਆਂ ਨਵੀਆਂ ਤਕਨੀਕਾਂ ’ਤੇ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ।
ਇਸ ਵਰਕਸ਼ਾਪ ’ਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ, ਵਿਗਿਆਨਕ ਅਫਸਰ, ਵਿਗਿਆਨ ਪ੍ਰਸਾਰ, (ਡੀ.ਐਸ.ਟੀ, ਜੀ.ਓ.ਆਈ) ਡਾ. ਬੀ.ਕੇ ਤਿਆਗੀ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਸਾਇੰਸ ਐਂਡ ਐਨਵਾਇਰਮੈਂਟ ਆਊਟਰੀਚ) ਦੇ ਸੰਯੁਕਤ ਡਾਇਰੈਕਟਰ ਪ੍ਰੋਫੈਸਰ ਡਾ. ਕੇ.ਐਸ ਬਾਠ ਨੇ ਸ਼ਿਰਕਤ ਕੀਤੀ।ਉਨ੍ਹਾਂ ਤੋਂ ਇਲਾਵਾ ਸਕਿਲਿੰਗ ਇੰਡੀਆ-ਇਨ-ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦੇ ਡਾਇਰੈਕਟਰ ਰਿਤੇਸ਼ ਟਕਸਾਂਡੇ, ਮੋਜੋ ਐਜੂਕੇਟਰ (ਫਿਲਮ ਅਤੇ ਫੋਟੋਗ੍ਰਾਫੀ) ਅਤੇ ਸੰਚਾਲਕ ਸਬਯਸਾਚੀ ਭਾਰਤੀ, ਪਿ੍ਰੰਸੀਪਲ ਡਾ. ਮਹਿਲ ਸਿੰਘ ਮੌਜ਼ੂਦ ਸਨ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡੀਨ ਅਕਾਦਮਿਕ ਮਾਮਲੇ ਡਾ: ਤਮਿੰਦਰ ਸਿੰਘ, ਪ੍ਰੋ: ਜਸਪ੍ਰੀਤ ਕੌਰ ਅਤੇ ਮਾਸ ਕਮਿਊਨੀਕੇਸ਼ਨ ਅਤੇ ਵੀਡੀਓ ਪ੍ਰੋਡਕਸ਼ਨ ਵਿਭਾਗ ਦੇ ਮੁਖੀ ਡਾ: ਸਾਨੀਆ ਮਰਵਾਹਾ ਨਾਲ ਮਿਲ ਕੇ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ।ਇਸ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਜਰਨਲਿਜ਼ਮ ਵਿਭਾਗ ਵੱਲੋਂ ਪੱਤਰਕਾਰੀ ਅਤੇ ਵਾਤਾਵਰਣ ਦੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਅਜਿਹੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਮੋਬਾਇਲ ਟੈਕਨਾਲੋਜੀ ਦੁਆਰਾ ਵਾਤਾਵਰਣ ਸੁਰੱਖਿਆ ਕਾਰਜਾਂ ਸਬੰਧੀ ਜਾਗਰੂਕਤਾ ਫ਼ੈਲਾਉਣਾ ਹੀ ਇਸ ਵਰਕਸ਼ਾਪ ਦਾ ਮੁੱਖ ਮੰਤਵ ਹੈ।ਡਾ. ਤਿਆਗੀ ਨੇ ਕਿਹਾ ਕਿ ਸੰਚਾਰ ਦੇ ਨਵੇਂ ਸਾਧਨਾਂ ਜਿਵੇਂ ਕਿ ‘ਮੋਜ਼ੋ’ ਰਾਹੀਂ ਅਸੀ ਕੁਦਰਤ ਅਤੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਾਂ।
ਡਾ. ਬਾਠ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸੀ.ਐਮ.ਐਸ ਵਾਤਾਵਰਣ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਤਾਕਤ ਨੂੰ ਪਛਾਣ ਲਿਆ ਹੈ ਅਤੇ ਮੋਬਾਈਲ ਤਕਨਾਲੋਜੀ ਪਲੇਟਫਾਰਮਾਂ ਦੇ ਮਾਧਿਅਮ ਰਾਹੀਂ ਵਾਤਾਵਰਣ ਸਬੰਧੀ ਸਿੱਖਿਆ ਦੀ ਨਿਰੰਤਰ ਵਹਾਅ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ।
ਸਮਾਗਮ ਦੀ ਸ਼ੁਰੂਆਤ ਤਿੰਨ ਸੈਸ਼ਨਾਂ ਨਾਲ ਹੋਈ ਜਿਸ ’ਚ ਰਿਸੋਰਸ ਪਰਸਨ ਰਿਤੇਸ਼ ਟਕਸਾਂਡੇ ਨੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਫ਼ਿਲਮ ਮੇਕਿੰਗ ਲਈ ਲੋੜੀਂਦੇ ਹੁਨਰ ਬਾਰੇ ਦੱਸਿਆ।ਉਨ੍ਹਾਂ ਵਿਦਿਆਰਥੀਆਂ ਨੂੰ ਸਿਖਲਾਈ ਪ੍ਰੋਗਰਾਮ ਦਾ ਵੀ ਸੰਚਾਲਨ ਕੀਤਾ, ਜਿਸ ਦੁਆਰਾ ਉਹ ਸਿੱਖ ਸਕਦੇ ਹਨ ਕਿ ਕਿਵੇਂ ਪ੍ਰਭਾਵਸ਼ਾਲੀ ਸੁਰੱਖਿਆ ਫ਼ਿਲਮਾਂ ਬਣਾਈਆਂ ਜਾ ਸਕਦੀਆਂ ਹਨ।ਇਸ 3 ਰੋਜ਼ਾ ਵਰਕਸ਼ਾਪ ਦੌਰਾਨ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਸੰਪਾਦਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਦੇ ਸੰਕਲਪਾਂ ’ਤੇ ਬਾਰੀਕੀ ਨਾਲ ਚਰਚਾ ਕੀਤੀ ਜਾਵੇਗੀ।
ਡਾ. ਮਰਵਾਹਾ ਨੇ ਵਿਦਿਆਰਥੀਆਂ ਨੂੰ ਇਸ ਮੋਬਾਈਲ ਪੱਤਰਕਾਰੀ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …