Sunday, December 22, 2024

 ਧੀਆਂ ਦੀ ਵੀ ਮਨਾਈਏ ਲੋਹੜੀ

Bikramjit Singh

ਬਿਕਰਮਜੀਤ ਸਿੰਘ
ਸ੍ਰੀ ਅੰਮ੍ਰਿਤਸਰ

ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਵਿਚ ਆਪਣੀ ਨਿਵੇਕਲੀ ਪਛਾਣ ਅਤੇ ਵਿਸ਼ੇਸ਼ ਮਹੱਤਤਾ ਰੱਖਦਾ ਹੈ । ਹਰ ਪੰਜਾਬੀ ਇਸ ਤਿਉਹਾਰ ਨੂੰ ਬੜੀਆਂ ਖੁਸ਼ੀਆਂ-ਖੇੜਿਆਂ ਅਤੇ ਚਾਵਾਂ ਨਾਲ ਮਨਾਉਂਦਾ ਹੈ। ਇਸ ਤਿਉਹਾਰ ਦੇ ਮੌਕੇ ਜਿੱਥੇ ਦਿਨ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿਚ ਪਤੰਗਬਾਜ਼ੀ ਹੁੰਦੀ ਹੈ, ਉਥੇ ਰਾਤ ਵੇਲੇ ਘਰ ਦੇ ਸਾਰੇ ਮੈਂਬਰ- ਬੱਚੇ, ਬਜ਼ੁਰਗ, ਜਵਾਨ, ਮਰਦ-ਤੀਵੀਆਂ ਆਦਿ ਸਭ ਇਕੱਠੇ ਹੋ ਕੇ ਅੱਗ ( ਜਿਸਨੂੰ ਭੁੱਗਾ ਵੀ ਕਹਿੰਦੇ ਹਨ) ਬਾਲ ਕੇ ਉਸ ਵਿਚ ਗੁੜ ਦੀਆਂ ਰਿਉੜੀਆਂ, ਮੁੰਗਫਲੀ ਆਦਿ ਪਾਉਂਦੇ ਹਨ ਅਤੇ ਪੋਹ ਦੇ ਮਹੀਨੇ ਦੀ ਠੰਢ ਨਾਲ ਠਰੇ ਹੋਏ ਵਾਤਾਵਰਨ ਨੂੰ ਅਲਵਿਦਾ ਕਹਿੰਦੇ ਹੋਏ ਖੁਸ਼ੀ ਵਿਚ ਝੂਮਦਿਆਂ ਗਾਉਂਦੇ ਹਨ ਕਿ, “ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ।”
ਲੋਹੜੀ ਦੇ ਮੌਕੇ ਇਕ ਤਾਂ ਉਨ੍ਹਾਂ ਘਰਾਂ ਵਿਚ ਖਾਸ ਜਸ਼ਨ ਦਾ ਮਹੌਲ ਹੁੰਦਾ ਹੈ, ਜਿਥੇ ਕੋਈ ਨਵਾਂ ਵਿਆਹ ਹੋਇਆ ਹੋਵੇ ਤੇ ਘਰ ਵਿਚ ਨੂੰਹ-ਰਾਣੀ ਆਈ ਹੋਵੇ। ਦੂਜਾ ਉਨ੍ਹਾਂ ਘਰਾਂ ਵਿਚ ਇਸ ਮੌਕੇ ਵਿਸ਼ੇਸ਼ ਖੁਸ਼ੀ ਦਾ ਮਹੌਲ ਹੁੰਦਾ ਹੈ ਜਿਥੇ ਪੁੱਤ ਜੰਮਿਆ ਹੋਵੇ । ਲੋਹੜੀ ਮੌਕੇ ਇਨ੍ਹਾਂ ਘਰਾਂ ਵਿਚ ਵਿਸ਼ੇਸ਼ ਸਮਾਗਮ ਕਰ ਕੇ, ਰਿਸ਼ਤੇਦਾਰਾਂ ਨੂੰ ਬੁਲਾ ਕੇ ਅਤੇ ਰਾਤ ਵੇਲੇ ਇਕ ਪਾਰਟੀ ਵਰਗਾ ਮਹੌਲ ਪੈਦਾ ਕਰ ਕੇ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ । ਖਾਸ ਕਰਕੇ ਜਿਨ੍ਹਾਂ ਘਰਾਂ ਵਿਚ ਪੁੱਤ ਜੰਮਿਆ ਹੁੰਦਾ ਹੈ ਉਨ੍ਹਾਂ ਘਰਾਂ ਵਿਚ ਤਾਂ ਘਰ ਦੇ ਹਰੇਕ ਮੈਂਬਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੁੰਦਾ। ਨਵੇਂ ਪੈਦਾ ਹੋਣ ਵਾਲੇ ਬੱਚੇ ਦੇ ਦਾਦਾ-ਦਾਦੀ, ਚਾਚੇ-ਚਾਚੀਆਂ, ਭੂਆ-ਫੁੱਫੜ, ਮਾਮੇ-ਮਾਮੀਆਂ ਅਤੇ ਆਂਢ-ਗੁਆਂਢ ਆਦਿ ਸਭ ਆਪੋ-ਆਪਣੇ ਢੰਗ ਨਾਲ ਖੁਸ਼ੀ ਦਾ ਇਜ਼ਹਾਰ ਪੁੱਤ ਜੰਮਣ ਵਾਲੀ ਜੋੜੀ ਨਾਲ ਕਰਦੇ ਹਨ।
ਪਰੰਤੂ ਤਿਉਹਾਰ ਤਾਂ ਤਿਉਹਾਰ ਹੈ, ਜੋਕਿ ਆਪਣੀ ਕਿਸੇ ਪੁਰਾਤਨ ਰਵਾਇਤ ਜਾਂ ਪਰੰਪਰਾ ਕਰਕੇ ਮਨਾਇਆ ਜਾਂਦਾ ਹੈ, ਉਸ ਤਿਉਹਾਰ ਨੂੰ ਘਰ ਵਿਚ ਪੈਦਾ ਹੋਣ ਵਾਲੇ ਨਵੇਂ ਜੀਅ ਦੀ ਆਮਦ ਵਿਚ ਵਧੇਰੇ ਹੁਲਾਸ ਨਾਲ ਮਨਾਉਣਾ ਬੇਸ਼ੱਕ ਸੋਨੇ ‘ਤੇ ਸੁਹਾਗੇ ਵਾਲੀ ਸਥਿਤੀ ਬਣ ਜਾਂਦੀ ਹੈ ਅਤੇ ਖੁਸ਼ੀ ਦੁੱਗਣੀ-ਚੌਗੁਣੀ ਹੁੰਦੀ ਹੈ, ਪਰੰਤੂ ਇਹ ਖੁਸ਼ੀ ਉਦੋਂ ਹੀ ਹੁੰਦੀ ਹੈ ਜਦੋਂ ਕਿਸੇ ਘਰ ਵਿਚ ਪੁੱਤਰ ਪੈਦਾ ਹੋਇਆ ਹੋਵੇ ,ਨਾਕਿ ਧੀ।
ਸੋ ਇਥੇ ਸਾਡੇ ਸਮਾਜ ਦੀ ਇਹ ਅਸਮਾਨਤਾ ਵਾਲੀ ਭਾਵਨਾ ਕਿਸੇ ਤਿਉਹਾਰ ਦੀ ਪਵਿੱਤਰਤਾ ਭੰਗ ਕਰਦੀ ਜਾਪਦੀ ਹੈ, ਕਿਉਂਕਿ ਜੇਕਰ ਕਿਸੇ ਘਰ ਪੁੱਤ ਜੰਮਿਆ ਤਾਂ ਇਸ ਤਿਉਹਾਰ ਨੂੰ ਵਧੇਰੇ ਖੁਸ਼ੀ ਨਾਲ ਮਨਾ ਲਿਆ ਤੇ ਜੇਕਰ ਧੀ ਜੰਮ ਪਈ ਤਾਂ ਇਸ ਤਿਉਹਾਰ ਦੇ ਮੌਕੇ ਖੁਸ਼ੀਆਂ-ਚਾਵਾਂ ਦੀ ਥਾਂ ਪਰਿਵਾਰ ਦੇ ਵੱਡੇ-ਛੋਟੇ ਸਾਰੇ ਮੈਂਬਰਾਂ ਦੇ ਚਿਹਰਿਆਂ ‘ਤੇ ਕਿਤੇ ਨਾ ਕਿਤੇ ਉਦਾਸੀ ਜਾਂ ਉਦਰੇਵਾਂ ਜ਼ਰੂਰ ਹੁੰਦਾ ਹੈ। ਜੋਕਿ ਸਰਾਸਰ ਗਲਤ ਹੈ।
ਅੱਜ ਲੋੜ ਹੈ ਸਾਨੂੰ ਇਸ ਆਧੁਨਿਕ ਸਦੀ ਵਿਚ ਆਪਣੀ ਸੋਚ ਬਦਲਣ ਦੀ। ਅੱਜ ਜਿਨ੍ਹਾਂ ਧੀਆਂ ਨੂੰ ਸਾਡੇ ਸਮਾਜ ਵਿਚ ਪੜ੍ਹਨ-ਲਿਖਣ ਤੇ ਅੱਗੇ ਵੱਧਣ ਦੇ ਮੌਕੇ ਮਿਲੇ ਹਨ, ਉਹ ਸਮਾਜ ਵਿਚ ਕਈ ਮਾਣ-ਸਨਮਾਨ ਵਾਲੇ ਉੱਚੇ ਰੁਤਬੇ ਤੇ ਅਹੁਦੇ ਹਾਸਲ ਕਰ ਚੁੱਕੀਆਂ ਹਨ
ਅੱਜ ਪੁੱਤਰਾਂ ਨਾਲੋਂ ਧੀਆਂ ਵਧੇਰੇ ਕਾਮਯਾਬੀ ਦੀਆਂ ਸਿਖਰਾਂ ਨੂੰ ਛੋਹੰਦੀਆਂ ਪ੍ਰਤੀਤ ਹੋ ਰਹੀਆਂ ਹਨ। ਧੀਆਂ ਸਮਾਜ ਵਿਚ ਜਿਥੇ ਵਿੱਦਿਅਕ, ਰਾਜਨੀਤਕ, ਡਾਕਟਰੀ, ਅਤੇ ਕਾਨੂੰਨੀ ਸੇਵਾਵਾਂ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਹੀਆਂ ਹਨ , ਉਥੇ ਰੱਖਿਆ ਖਾਤਰ ਦੇਸ਼ ਦੀਆਂ ਅੰਤਰ-ਰਾਸ਼ਟਰੀ ਸਰਹੱਦਾਂ ਉਤੇ ਜੀਅ-ਜਾਨ ਨਾਲ ਫੌਜੀ ਸੇਵਾਵਾਂ ਵੀ ਦੇ ਰਹੀਆਂ ਹਨ ।
ਧੀਆਂ, ਪੁੱਤਰਾਂ ਨਾਲੋ ਮਾਪਿਆਂ ਨਾਲ ਜ਼ਿੰਦਗੀ ਵਿਚ ਕਿਤੇ ਵੱਧ ਵਫਾਦਾਰੀ ਨਿਭਾਉਂਦੀਆਂ ਹਨ। ਪੁੱਤਰਾਂ ਨੇ ਮਾਪਿਆਂ ਕੋਲੋਂ ਜਿਥੇ ਧਨ- ਦੌਲਤ, ਜ਼ਮੀਨਾਂ-ਜ਼ਾਇਦਾਦਾਂ ਵੰਡਾਉਣੀਆਂ ਹੁੰਦੀਆਂ ਹਨ, ਉਥੇ ਧੀਆਂ ਬੁਢਾਪੇ ਵਿਚ ਰੁਲਦੇ ਤੇ ਪੁੱਤਰਾਂ ਹੱਥੋਂ ਤ੍ਰਿਸਕਾਰੇ ਮਾਪਿਆਂ ਦਾ ਸਹਾਰਾ ਬਣ ਕੇ ਉਨ੍ਹਾਂ ਦੇ ਦੁਖਾਂ ਨੂੰ ਵੀ ਵੰਡਾਉਣ ਤੇ ਘਟਾਉਣ ਦੇ ਯਤਨ ਕਰਦੀਆਂ ਹਨ, ਇਹ ਧੀਆਂ ਹੀ ਹੁੰਦੀਆਂ ਹਨ ਜੋ ਬਾਪ ਅਤੇ ਭਰਾਵਾਂ ਦੇ ਘਰ ਦੀ ਸੁਖ ਮੰਗਦੀਆਂ ਹਨ।
ਸੋ ਅੱਜ ਸਾਨੂੰ ਲੋੜ ਹੈ ਲੋਹੜੀ ਦੇ ਤਿਉਹਾਰ ਮੌਕੇ ਧੀਆਂ ਪ੍ਰਤੀ ਇਸ ਸੌੜੀ ਅਤੇ ਦਲਿੱਦਰਤਾ ਭਰੀ ਸੋਚ ਨੂੰ ਬਦਲਣ ਦੀ। ਇਸ ਸੌੜੀ ਸੋਚ ਨੂੰ ਬਦਲਣ ਨਾਲ ਹੀ ਅਸਲ ਅਰਥਾਂ ਵਿਚ “ਦਲਿੱਦਰ ਦੀ ਜੜ੍ਹ ਚੁੱਲ੍ਹੇ” ਪਵੇਗੀ ਤੇ ਇਸ ਤਿਉਹਾਰ ਦੇ ਸਹੀ ਅਰਥਾਂ ਸਾਹਮਣੇ ਆਉਣਗੇ। ਜਿਥੇ ਅਸੀਂ ਪੁੱਤਰ ਜੰਮਣ ਦੀ ਖੁਸ਼ੀ ਮਨਾਉਂਦੇ ਹਾਂ , ਉਥੇ ਧੀ ਪੈਦਾ ਹੋਣ ਦੀਆਂ ਖੁਸ਼ੀਆਂ ਵੀ ਮਨਾਈਏ । ਆਪਣੀ ਧੀ ਦਾ ਵਿਸ਼ੇਸ਼ ਚਾਵਾਂ-ਮਲ੍ਹਾਰਾਂ ਨਾਲ ਪਾਲਣਪੋਸ਼ਣ ਕਰ ਕੇ ਉਸ ਨੂੰ ਉੱਚ-ਵਿੱਦਿਆ ਪ੍ਰਦਾਨ ਕਰੀਏ ਤਾਂ ਜੋ ਉਹ ਸਮਾਜ ਵਿਚ ਆਪਣੀ ਹੋਂਦ ਨਾਲ ਇਕ ਵੱਖਰੀ ਮਿਸਾਲ ਬਣ ਸਕੇ ਅਤੇ ਆਪਣੇ ਘਰ-ਪਰਿਵਾਰ, ਮਾਂ-ਬਾਪ ਤੇ ਜਿਸ ਸਮਾਜ ਵਿਚ ਉਹ ਵਿਚਰ ਰਹੀ ਹੈ, ਦੇ ਨਾਂ ਨੂੰ ਰੋਸ਼ਨ ਕਰੇ।
-ਬਿਕਰਮਜੀਤ ਸਿੰਘ
ਬਜ਼ਾਰ ਲੁਹਾਰਾਂ, ਸ੍ਰੀ ਅੰਮ੍ਰਿਤਸਰ।
ਮੋ: 87278-00372

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply