ਲੈਬ ਸਰਹੱਦੀ ਖ਼ੇਤਰ ਦੇ ਵਸਨੀਕਾਂ ਲਈ ਵਰਦਾਨ- ਸੱਤਿਆਜੀਤ ਮਜੀਠੀਆ
ਅੰਮ੍ਰਿਤਸਰ, 24 ਜਨਵਰੀ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਅੱਜ ਇਕ ਅਤਿ-ਆਧੁਨਿਕ ਅਤੇ ਨਵੀਨਤਮ ਖ਼ਾਲਸਾ ਡਾਇਗਨੌਸਟਿਕ ਲੈਬ (ਕੇ. ਡੀ. ਐੱਲ.) ਅਤੇ ਰਿਸਰਚ ਬਲਾਕ ਨੂੰ ਲੋਕ ਅਰਪਿਤ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਲੈਬ ਸਰਹੱਦੀ ਖੇਤਰ ਦੇ ਵਸਨੀਕਾਂ ਲਈ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਮੌਜ਼ੂਦ ਨਿਵੇਕਲੀ ਟੈਕਨਾਲੋਜੀ ਨਾਲ ਲੈਸ ਇਸ ਲੈਬ ਵਿੱਚ 92 ਬਿਮਾਰੀਆਂ ਦੀ ਵੱਖ-ਵੱਖ ਟੈਸਟਾਂ ਰਾਹੀਂ ਜਾਂਚ ਸੰਭਵ ਹੋਵੇਗੀ।
ਸ: ਮਜੀਠੀਆ ਨੇ ਇਸ ਮੌਕੇ ਕਿਹਾ ਕਿ ਫ਼ਾਰਮੇਸੀ ਕਾਲਜ ਵਿਖੇ ਚਲ ਰਹੇ ਪੋਸਟ ਗ੍ਰੈਜ਼ੂਏਟ ਕੋਰਸਾਂ ਲਈ ਸਥਾਪਿਤ ਕੀਤੇ ਗਏ ਇਸ ਖੋਜ਼ ਬਲਾਕ ਅਤੇ ਡਾਇਗਨੌਸਟਿਕ ਲੈਬ ਵਿੱਚ ਹਰੇਕ ਤਰ੍ਹਾਂ ਦੇ ਪੈਥੋਲੋਜੀ ਟੈਸਟ ਹੋਣਗੇ। ਉਨ੍ਹਾਂ ਕਿਹਾ ਕਿ ਜਿੱਥੇ ਇਸ ਸਹੂਲਤ ਤੋਂ ਆਮ ਲੋਕ ਲਾਭ ਲੈਣਗੇ, ਉੱਥੇ ਵਿਦਿਆਰਥੀਆਂ ਲਈ ਇੱਥੇ ਨਵੀਆਂ ਖੋਜ਼ਾਂ ਕਰਨ ਅਤੇ ਮੌਜ਼ੂਦਾ ਸਮੇਂ ਵਿੱਚ ਬਿਮਾਰੀਆਂ ਦੀ ਪਛਾਣ ਕਰਨ ਦੇ ਸਾਧਨਾਂ ਦੇ ਸਹੀ ਇਸਤੇਮਾਲ ਬਾਰੇ ਭਰਪੂਰ ਜਾਣਕਾਰੀ ਹਾਸਲ ਹੋਵੇਗੀ।
ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਭਾਵੇਂ ਕੇ. ਡੀ. ਐੱਲ. ਵਿੱਚ 92 ਬਿਮਾਰੀਆਂ ਦੇ ਟੈਸਟ ਹੋਣਗੇ ਪਰ ਜਲਦ ਹੀ ਇੱਥੇ ਟੈਸਟਾਂ ਦੀ ਗਿਣਤੀ 122 ਤੱਕ ਪਹੁੰਚੇਗੀ, ਜਿਸ ਵਿੱਚ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੀ ਪਰਖ ਅਤੇ ਜਾਂਚ ਸੰਭਵ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਲੈਬ ਵਿੱਚ ਵਿਦੇਸ਼ੀ ਆਟੋਮੈਟਿਕ ਮਸ਼ੀਨਾਂ ਦੀ ਸਹਾਇਤਾ ਨਾਲ ਟੈਸਟ ਹੋਣਗੇ ਅਤੇ ਨਮੂਨੇ ਬਿਨ੍ਹਾਂ ਮਨੁੱਖ ਦੇ ਛੂਹਣ ਦੇ ਆਧੁਨਿਕ ਯੰਤਰਾਂ ਦੁਆਰਾ ਪਰਖੇ ਜਾਣਗੇ।
ਕਾਲਜ ਪ੍ਰਿੰਸੀਪਲ ਡਾ. ਰਵੀ ਕੁਮਾਰ ਧਵਨ ਨੇ ਕਿਹਾ ਕਿ ਇੱਥੇ ਬਹੁਤ ਹੀ ਕਿਫ਼ਾਇਤੀ ਮੁੱਲ ‘ਤੇ ਲੋਕਾਂ ਨੂੰ ਟੈਸਟ ਦੀਆਂ ਸਹੂਲਤਾਂ ਘੱਟ ਰੇਟਾਂ ਤੇ ਖਾਸ ਪੈਕੇਜ਼ਾਂ ਰਾਹੀਂ ਉਪਲਬੱਧ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇੱਥੇ ਯੋਗ ਸਟਾਫ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਟੈਸਟਾਂ ਦੇ ਵੱਖ-ਵੱਖ ਪੈਕੇਜ਼ ਵੀ ਲੋਕਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਲੈਬ ਵਿੱਚ ਮੌਜ਼ੂਦ ਮਸ਼ੀਨਾਂ ਨੂੰ ਖਾਸ ਤੌਰ ‘ਤੇ ਜਾਪਾਨ ਅਤੇ ਆਸਟਰੇਲੀਆਂ ਤੋਂ ਮੰਗਵਾਇਆ ਗਿਆ ਹੈ, ਜਿਸਦੇ ਵੱਲੋਂ ਮਰੀਜ਼ਾਂ ਦੇ ਖੂਨ, ਪੇਸ਼ਾਬ ਅਤੇ ਹੋਰ ਨਮੂਨਿਆਂ ਦੀ ਬਰੀਕੀ ਨਾਲ ਮੈਡੀਕਲ ਜਾਂਚ ਹੋਵੇਗੀ। ਇਸਦੇ ਇਲਾਵਾ ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਪਹਿਲਾਂ ਹੀ ਦਵਾਈਆਂ ਦੀ ਜਾਂਚ ਲਈ ਇਕ ‘ਡਰੱਗ ਟੈਸਟਿੰਗ ਲੈਬ’ ਸਥਾਪਿਤ ਕੀਤੀ ਗਈ ਹੈ, ਜਿਸ ਵਿੱਚ ਦਵਾਈਆਂ ਅੰਦਰ ਕਿਹੜੇ-ਕਿਹੜੇ ਮਿਸ਼ਰਨ ਦੀ ਵਰਤੋਂ ਕੀਤੀ ਗਈ ਹੈ, ਸਬੰਧੀ ਆਸਾਨੀ ਨਾਲ ਪਤਾ ਲਗਾਇਆ ਜਾ ਸਕੇਗਾ।
ਇਸ ਮੌਕੇ ‘ਤੇ ਕੌਂਸਲ ਦੇ ਫ਼ਾਈਨਾਸ ਸਕੱਤਰ ਸ: ਗੁਨਬੀਰ ਸਿੰਘ, ਜੁਆਇੰਟ ਸਕੱਤਰ ਸ: ਨਿਰਮਲ ਸਿੰਘ, ਸ: ਅਜ਼ਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਣ, ਸ: ਰਾਜਬੀਰ ਸਿੰਘ, ਸ: ਕਰਤਾਰ ਸਿੰਘ ਗਿੱਲ, ਮੈਂਬਰ ਐੱਸ. ਐੱਸ. ਸੇਠੀ, ਸ: ਅਜੀਤ ਸਿੰਘ ਬਸਰਾ, ਸ: ਲਖਵਿੰਦਰ ਸਿੰਘ ਢਿੱਲੋਂ, ਜੀ. ਐੱਸ. ਭੱਟੀ, ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰਿੰ: ਡਾ. ਸੁਖਬੀਰ ਕੌਰ ਮਾਹਲ, ਪ੍ਰਿੰ: ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਿੰ: ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰ: ਨੀਲਮ ਹੰਸ, ਪ੍ਰਿੰ: ਡਾ. ਜਸਪਾਲ ਸਿੰਘ, ਪ੍ਰਿੰ: ਜੀ. ਐੱਸ. ਕੰਗ, ਪ੍ਰਿੰ: ਡਾ. ਸਰਵਜੀਤ ਕੌਰ ਬਰਾੜ, ਪ੍ਰਿੰ: ਤੇਜਿੰਦਰ ਕੌਰ ਬਿੰਦਰਾ, ਪ੍ਰਿੰ: ਦਵਿੰਦਰ ਕੌਰ ਸੰਧੂ, ਪ੍ਰੋਜੈਕਟ ਮੈਨੇਜ਼ਰ ਐੱਨ. ਕੇ. ਸ਼ਰਮਾ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਸ: ਸਿਮਰਨ ਸਿੰਘ, ਸ: ਜਸਵਿੰਦਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਹੋਰ ਸਖ਼ਸ਼ੀਅਤਾਂ ਅਤੇ ਸਮੂੰਹ ਸਟਾਫ਼ ਮੌਜ਼ੂਦ ਸੀ।