ਬਠਿੰਡਾ, 24 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ, ਬਠਿੰਡਾ ਵੱਲੋਂ ਵਾਇਸ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਦਾ ਵਿਦਿਅਕ ਟੂਰ ਲਿਜਾਇਆ ਗਿਆ। ਇਸ ਟੂਰ ਦੇ ਦੌਰਾਨ ਵਿਦਿਆਰਥੀਆਂ ਨੂੰ ਰਾਜਸਥਾਨ ਦੀਆਂ ਵੱਖ-ਵੱਖ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਵਾਈ ਗਈ। ਇਸ ਟੂਰ ਦੀ ਸ਼ੁਰੂਆਤ ਰਾਜਸਥਾਨ ਦੇ ਮਸ਼ਹੂਰ ‘ਨੀਲੇ ਸ਼ਹਿਰ ਜੋਧਪੁਰ ਤੋਂ ਕੀਤੀ ਗਈ। ਇਥੇ ਵਿਦਿਆਰਥੀਆਂ ਨੇ ਜਸਵੰਤ ਥੜ੍ਹਾ, ਮਹਿਰਾਨਗੜ੍ਹ ਕਿਲ੍ਹਾ ਅਤੇ ਉਮੇਦ ਮਹਿਲ ਦੇਖਿਆ।ਇਸ ਤੋਂ ਬਾਅਦ ਮਾਊਂਟ ਆਬੂ ਦੇ ਵੱਖ-ਵੱਖ ਸਥਾਨ ਜਿਵੇਂ ਸਨ-ਸੈਟ ਪੁਆਂਇੰਟ, ਬ੍ਰਹਮ ਕੁਮਾਰੀ ਆਸ਼ਰਮ, ਦਿਲਵਾੜਾ ਮੰਦਰ ਅਤੇ ਰਾਜਾ ਭਰਥਰੀ ਹਰੀ ਦਾ ਮਹਿਲ ਆਦਿ ਵੇਖੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਨੱਕੀ ਝੀਲ ਵਿਖੇ ਕਿਸ਼ਤੀ ਚਲਾਉਣ ਦਾ ਵੀ ਆਨੰਦ ਮਾਣਿਆ ਅਤੇ ਬਾਜ਼ਾਰ ਵਿੱਚ ਖਰੀਦੋ ਫਰੋਖਤ ਕੀਤੀ। ਇਸ ਤੋਂ ਅੱਗੇ ਵੱਧਦਾ ਹੋਇਆ ਟੂਰ ‘ਸੁਨਹਿਰੀ ਸ਼ਹਿਰ ਜੈਸਲਮੇਰ’ ਪਹੁੰਚਿਆ।ਇਥੇ ਵਿਦਿਆਰਥੀਆਂ ਨੇ ਸੁਨਾਰ ਕਿਲਾ ਪਟੂਓਂ ਕੀ ਹਵੇਲੀ, ਬੜਾ ਬਾਗ਼ ਸਮਾਧਾਂ ਅਤੇ 400 ਸਾਲ ਪੁਰਾਣਾ ਉਜੜਿਆ ਪਿੰਡ ਕੁਲਧਰਾ ਦੇਖਿਆ।ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਜੈਸਲਮੇਰ ਦੇ ਟਿੱਬਿਆਂ ਵਿੱਚ ਕੈਂਪਿੰਗ ਅਤੇ ਊਠ ਦੀ ਸਵਾਰੀ ਵੀ ਕੀਤੀ।ਰਾਤ ਦੇ ਸਮੇਂ ਵਿਦਿਆਰਥੀਆਂ ਨੇ ਰਾਜਸਥਾਨੀ ਨਾਚ-ਗਾਣਿਆਂ ਦਾ ਆਨੰਦ ਮਾਣਿਆ।ਵਾਪਸੀ ਦੌਰਾਨ ਵਿਦਿਆਰਥੀਆਂ ਨੇ ਬੀਕਾਨੇਰ ਸ਼ਹਿਰ ਵਿੱਚ ਜੂਨਾਗੜ ਦਾ ਕਿਲ੍ਹਾ ਅਤੇ ਵਿਸ਼ਵ ਪ੍ਰਸਿੱਧ ਕਰਨੀ ਮਾਤਾ ਦਾ ਚੂਹਿਆਂ ਵਾਲਾ ਮੰਦਰ ਵੀ ਵੇਖਿਆ।ਕੁੱਲ ਮਿਲਾ ਕੇ ਵਿਦਿਆਰਥੀਆਂ ਲਈ ਇਹ ਟੂਰ ਅਭੁੱਲ ਤੇ ਯਾਦਗਾਰੀ ਹੋ ਨਿਬੜਿਆ।ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਨਾਇਬ ਸਿੰਘ ਨੇ ਸਫਲਤਾਪੂਰਵਕ ਲਗਾਏ ਗਏ ਇਸ ਵਿੱਦਿਅਕ ਟੂਰ ਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਂਦੇ ਹਨ ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …