ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਛੱਡਣ ਤੇ ਜੰਗਾਂ-ਯੁੱਧਾਂ ਉਪਰੰਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਾਲਵੇ ਦੀ ਪਾਵਨ ਧਰਤੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ੀ ਸੀ।
ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਤੋਂ 17 ਮੀਲ ਦੱਖਣ ਵੱਲ ਤਲਵੰਡੀ ਸਾਬੋ ਨਾਮ ਦੇ ਨਗਰ ਵਿਖੇ ਸਥਿਤ ਹੈ। ਇਹ ਸਥਾਨ ਸਿੱਖ ਪੰਥ ਦੇ ਪੰਜ ਤਖ਼ਤਾਂ ਵਿੱਚੋਂ ਚੌਥੇ ਤਖ਼ਤ ਦਾ ਸਥਾਨ ਰੱਖਦਾ ਹੈ। ਇਹ ਨਗਰ ਗੁਰੂ ਕੀ ਕਾਸ਼ੀ ਦੇ ਆਸ਼ੀਰਵਾਦ ਨਾਲ ਸੁਸ਼ੋਭਿਤ ਹੈ। ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੱਕਾ ਪਿੰਡ ਤੋਂ ਆਏ ਸਨ ਜੋ ਤਲਵੰਡੀ ਤੋਂ 10 ਕੋਹ ਦੀ ਦੂਰੀ ‘ਤੇ ਸਥਿਤ ਹੈ। ਗੁਰੂ ਜੀ ਦਾ ਆਉਣਾ ਸੁਣ ਕੇ ਭਾਈ ਡੱਲੇ ਨੇ ਨਗਰ ਅਤੇ ਹੋਰ ਇਲਾਕੇ ਵਿੱਚੋਂ 400 ਵਿਅਕਤੀਆਂ ਨੂੰ ਨਾਲ ਲੈ ਤਲਵੰਡੀ ਤੋਂ ਬਾਹਰ ਆ ਗੁਰੂ ਜੀ ਦਾ ਸੁਆਗਤ ਕੀਤਾ। ਮੌਜੂਦਾ ਬੰਗੀ ਨਿਹਾਲ ਸਿੰਘ ਵਾਲਾ ਨਗਰ ਵਿਖੇ ਇਸ ਦੀ ਯਾਦਗਾਰ ਮੌਜੂਦ ਹੈ। ਤਲਵੰਡੀ ਸਾਬੋ ਪੁੱਜਣ ‘ਤੇ ਭਾਈ ਡੱਲ ਸਿੰਘ ਨੇ ਗੁਰੂ ਜੀ ਨੂੰ ਬਹੁਤ ਆਦਰ-ਸਤਿਕਾਰ ਨਾਲ ਨਗਰ ਵਿੱਚ ਲਿਆਂਦਾ। ਭਾਈ ਡੱਲ ਸਿੰਘ ਨੇ ਗੁਰੂ ਜੀ ਨੂੰ ਆਪਣੇ ਕਿਲ੍ਹੇ ਵਿੱਚ ਨਿਵਾਸ ਰੱਖਣ ਦੀ ਬੇਨਤੀ ਕੀਤੀ ਪ੍ਰੰਤੂ ਗੁਰੂ ਜੀ ਨੇ ਦਮਦਮਾ ਸਾਹਿਬ ਦੇ ਸਥਾਨ ‘ਤੇ ਹੀ ਟਿਕਾਣਾ ਕੀਤਾ। ਭਾਈ ਡੱਲ ਸਿੰਘ ਨੇ ਪਰਿਵਾਰ ਸਹਿਤ ਸਤਿਗੁਰੂ ਜੀ ਦੀ ਸੇਵਾ ਕੀਤੀ। ਗੁਰੂ ਜੀ ਤਲਵੰਡੀ ਨਗਰ ਤੋਂ ਕਈ ਹੋਰਨਾਂ ਨਗਰਾਂ ਲਈ ਪ੍ਰਚਾਰ ਦੌਰੇ ‘ਤੇ ਜਾਂਦੇ ਰਹੇ ਜਿਵੇਂ ਕਿ ਭਾਗੀ ਬਾਂਦਰ, ਕੋਟ ਸ਼ਮੀਰ, ਜੰਡਾਲੀ ਟਿੱਬਾ, ਟਾਹਲਾ ਸਾਹਿਬ, ਮਿਠਿਆਈ ਸਰ (ਦਲੀਏ ਵਾਲ) ਚੱਕ ਫਤਹਿ ਸਿੰਘ, ਲਵੇਰੀ ਸਰ (ਕੱਚੀ ਭੁੱਚੋ), ਭਾਗੂ, ਹਾਜੀ ਰਤਨ, ਲੱਖੀ ਜੰਗਲ, ਭੋਖੜੀ, ਹਰਿਰਾਇ ਪੁਰ ਆਦਿ ਜਿਥੇ ਗੁਰੂ ਜੀ ਯਾਦ ਵਿੱਚ ਗੁਰੂ ਘਰ ਬਣੇ ਹੋਏ ਹਨ। ਲੇਕਿਨ ਮੁਖ ਕੇਂਦਰ ਦਮਦਮਾ ਸਾਹਿਬ ਹੀ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਜੀ ਦੇ ਸਥਾਨ ‘ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਇਹ ਕਾਰਜ ਪੂਰਾ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸੰਪੂਰਨ ਹੋਣ ‘ਤੇ ਗੁਰੂ ਜੀ ਨੇ ਮਹਾਨ ਸਮਾਗਮ ਰਚਿਆ ਜੋ ਭਾਦ੍ਰੋਂ ਵਦੀ ਏਕਮ ਤੋਂ ਭਾਦ੍ਰੋਂ ਵਦੀ ਤੀਜ ਤੱਕ ਭਾਵ ਤਿੰਨ ਦਿਨ ਚੱਲਦਾ ਰਿਹਾ। ਦਮਦਮਾ ਸਾਹਿਬ ਦੇ ਸਥਾਨ ‘ਤੇ ਜਿਥੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੰਪੂਰਨ ਕੀਤਾ, ਉੱਥੇ ਨਾਲ ਹੀ ਗੁਰਬਾਣੀ ਦੀ ਵਿਆਖਿਆ ਵੀ ਲਗਾਤਾਰ ਕਰਨੀ ਆਰੰਭ ਕੀਤੀ। ਅੰਮ੍ਰਿਤ ਵੇਲੇ ਗੁਰਬਾਣੀ ਦੀ ਲਿਖਾਈ ਦਾ ਕਾਰਜ ਕੀਤਾ ਜਾਂਦਾ ਤੇ ਸ਼ਾਮ ਵੇਲੇ ਬਾਣੀ ਦੀ ਕਥਾ ਵਿਆਖਿਆ ਹੁੁੰਦੀ। ਇਥੇ ਹੀ ਦਮਦਮੀ ਟਕਸਾਲ ਹੋਂਦ ਵਿਚ ਆਈ ਤੇ ਇਸ ਟਕਸਾਲ ਨੇ ਅਨੇਕਾਂ ਗੁਣੀ-ਗਿਆਨੀ ਪੰਥ ਦੀ ਝੋਲੀ ਪਾਏ ਹਨ, ਜਿਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਤੇ ਲਿਖਤਾਂ ਦੁਆਰਾ ਵਡਮੁੱਲੀ ਸੇਵਾ ਕੀਤੀ ਹੈ। ਦਮਦਮਾ ਸਾਹਿਬ ਦੇ ਸਥਾਨ ‘ਤੇ ਇਕ ਨਹੀਂ ਕਈ ਮਹਾਨ ਕਾਰਜ ਸੰਪੰਨ ਹੋਏ ਸਨ। ਗਿਆਨੀ ਗਿਆਨ ਸਿੰਘ ਦੀ ਲਿਖਤ ‘ਪੰਥ ਪ੍ਰਕਾਸ਼’ ਅਨੁਸਾਰ ਗੁਰੂ ਸਾਹਿਬ ਵੱਲੋਂ ਤਿਆਰ ਕੀਤੇ ਸੰਪੂਰਨ ਤੇ ਪ੍ਰਵਾਣਿਤ ਸਰੂਪ ਦੇ ਚਾਰ ਉਤਾਰੇ ਬਾਬਾ ਦੀਪ ਸਿੰਘ ਜੀ ਵੱਲੋਂ ਕੀਤੇ ਗਏ ਅਤੇ ਅਲੱਗ-ਅਲੱਗ ਚਾਰੇ ਤਖ਼ਤ ਸਾਹਿਬਾਨ ਤੇ ਭਿਜਵਾਏ ਗਏ ਸਨ:
ਅਉਰ ਚਾਰ ਤਿਸ ਪਰਤੇ ਭਾਇ। ਦੀਪ ਸਿੰਘ ਸ਼ਹੀਦ ਲਿਖਾਇ।
ਇਕ ਅਕਾਲ ਬੁੰਗੇ ਇਕ ਪਟਨੇ। ਤਿਰਤੀ ਹਜੂਰ ਦਯੋ ਹਿਤ ਪਠਨੇ।
ਚਤੁਰਥ ਰਾਖਯੋ ਦਮਦਮੇ ਮਾਹਿ। ਬਢ ਬਾਬੇ ਯਹਿ ਚਾਰ ਕਹਾਇ॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪੂਰਨਤਾ ਦਾ ਕਾਰਜ ਇਕ ਭਾਰੀ ਤੇ ਕਠਿਨ ਕਾਰਜ ਸੀ, ਜਿਸ ਵਿੱਚ ਅਨੇਕਾਂ ਕਲਮਾਂ, ਕਾਗਜ਼ ਤੇ ਸਿਆਹੀ ਦੀ ਵਰਤੋਂ ਹੋਈ। ਲਿਖਾਈ ਕਰਦਿਆਂ ਜਿਸ ਕਲਮ ਦਾ ਮੂੰਹ ਘੱਸ ਜਾਂਦਾ ਸੀ ਗੁਰੂ ਸਾਹਿਬ ਜੀ ਉਸ ਕਲਮ ਨੂੰ ਦੁਬਾਰਾ ਨਹੀਂ ਸਨ ਘੜਦੇ ਤੇ ਪੁਰਾਣੀ ਕਲਮ ਨੂੰ ਸੰਭਾਲ ਕੇ ਰੱਖਦੇ ਰਹੇ। ਲਿਖਾਈ ਦੇ ਕਾਰਜ ਦੀ ਸਮਾਪਤੀ ਉਪਰੰਤ ਇਸ ਪ੍ਰਕਾਰ ਦੀਆਂ ਘਸੀਆਂ ਕਲਮਾਂ ਤੇ ਬਚੀ ਸਿਆਹੀ ਨੂੰ ਗੁਰੂ ਜੀ ਨੇ ਮੌਜੂਦਾ ਲਿਖਣਸਰ ਸਰੋਵਰ ਵਿੱਚ ਜਲ ਪ੍ਰਵਾਹ ਕਰ ਦਿੱਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਫੁਰਮਾਇਆ ਕਿ ਇਹ ਸਥਾਨ ‘ਗੁਰੂ ਕੀ ਕਾਸ਼ੀ’ ਹੈ ਭਾਵ ਦਮਦਮਾ ਸਾਹਿਬ ਗੁਰਮਤਿ ਦੇ ਗਿਆਨ ਦਾ ਮਹਾਨ ਕੇਂਦਰ ਹੋਵੇਗਾ, ਜਿੱਥੇ ਗੁਰਮਤਿ ਵਿਚ ਪ੍ਰਬੁੱਧ ਵਿਦਵਾਨ, ਲਿਖਾਰੀ ਪੈਦਾ ਹੋਣਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਸਰਵੋਤਮ ਧਾਰਮਿਕ, ਵਿਲੱਖਣ, ਸਰਬ-ਸਾਂਝਾ ਤੇ ਅਦੁੱਤੀ ਗ੍ਰੰਥ ਹੈ ਜਿਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਹਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚਵਰ ਤਖ਼ਤ ਦੇ ਮਾਲਕ ਹਾਜ਼ਰ-ਨਾਜ਼ਰ ਗੁਰੂ ਮੰਨ ਕੇ ਸਤਿਕਾਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਸਾਹਿਬਾਨ ਤੇ ਭਗਤਾਂ, ਭੱਟਾਂ ਦੀ ਬਾਣੀ ਜਿਥੇ ਮਨੁੱਖ ਮਾਤਰ ਨੂੰ ਸਰਬ-ਸਾਂਝੀਵਾਲਤਾ ਦਾ ਪਾਠ ਪੜ੍ਹਾਉਂਦੀ ਹੈ, ਉਥੇ ਸਮਾਜ ਵਿਚ ਆਈਆਂ ਕੁਰੀਤੀਆਂ, ਗਿਰਾਵਟਾਂ ਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਕੇ, ਨਾਮ-ਸਿਮਰਨ ਦਾ ਉਪਦੇਸ਼ ਦੇ ਕੇ ਨਰੋਆ ਸਮਾਜ ਸਥਾਪਤ ਕਰਦੀ ਹੋਈ ਉਸ ਅਕਾਲ ਪੁਰਖ ਨਾਲ ਇਕਮਿਕ ਹੋਣ ਦਾ ਸੰਦੇਸ਼ ਦਿੰਦੀ ਹੈ। ਮਨੁੱਖ ਇਸਦੇ ਇਲਾਹੀ ਉਪਦੇਸ਼ਾਂ ਨੂੰ ਅਮਲ ਵਿਚ ਲਿਆ ਕੇ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਉਤਰ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਮਨੁੱਖੀ ਜੀਵਨ ਦਾ ਮਾਰਗ ਦਰਸ਼ਨ ਕਰਦੀ ਹੈ। ਸੰਸਾਰ ਅੰਦਰ ਅਗਿਆਨਤਾ ਅਤੇ ਵਿਕਾਰਾਂ ਦੇ ਹਨੇਰੇ ਵਿਚ ਭਟਕ ਰਹੀ ਮਨੁੱਖਤਾ ਲਈ ਗੁਰਬਾਣੀ ਦਾ ਚਾਨਣ ਆਸ ਦੀ ਕਿਰਨ ਹੈ। ਅੱਜ ਦੇ ਇਸ ਪਦਾਰਥਵਾਦੀ ਯੁੱਗ ਅੰਦਰ ਗੁਰਬਾਣੀ ਦਾ ਆਸਰਾ ਮਨੁੱਖ ਲਈ ਵੱਡਾ ਸਹਾਰਾ ਹੈ। ਗੁਰਬਾਣੀ ਮਨੁੱਖ ਨੂੰ ਸਹਿਜ, ਸੰਜਮ ਭਰਪੂਰ ਉਚਾ-ਸੁੱਚਾ ਜੀਵਨ ਜਿਉਣ ਲਈ ਪ੍ਰੇਰਿਤ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਸਦਾ ਅਟੱਲ ਹੈ ਅਤੇ ਵਰਤਮਾਨ ਵਿਗਿਆਨਕ ਯੁੱਗ ਵਿਚ ਇਸ ਦੀ ਅਹਿਮ ਸਾਰਥਿਕਤਾ ਹੈ। ਇਸੇ ਲਈ ਗੁਰੂ ਸਾਹਿਬ ਜੀ ਗੁਰਬਾਣੀ ਰੂਪੀ ਇਨ੍ਹਾਂ ਸ੍ਰੇਸ਼ਟ ਬਚਨਾਂ ਨੂੰ ਸਦਾ ਯਾਦ ਰੱਖਣ ਦੀ ਪ੍ਰੇਰਨਾ ਕਰਦੇ ਹਨ:
ਪ੍ਰਭ ਬਾਣੀ ਸਬਦੁ ਸੁਭਾਖਿਆ॥
ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ॥
(ਪੰਨਾ 611)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਮਨਾਉਂਦਿਆਂ ਅੱਜ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਇਸ ਸ਼ਬਦ ਰੂਪੀ ਖ਼ਜਾਨੇ ਤੋਂ ਅਗਵਾਈ ਲੈ ਕੇ ਆਪਣੇ ਜੀਵਨ ਨੂੰ ਉੱਚਾ-ਸੁੱਚਾ ਬਣਾਈਏ।
-ਦਿਲਜੀਤ ਸਿੰਘ ‘ਬੇਦੀ’
ਮੋ: 98148-98570