Sunday, December 22, 2024

ਮੁਆਫ਼ੀਨਾਮਾ

                ਜਿਵੇਂ ਕਿ ਕਿਹਾ ਜਾਂਦਾ ਹੈ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ, ਇਸ ਸੰਸਾਰ ਵਿੱਚ ਕੋਈ ਵੀ ਅਜਿਹਾ ਨਹੀਂ ਹੈ ਕਿ ਜਿਸ ਨੇ ਕਦੇ ਨਾ ਕਦੇ ਜਾਣੇ-ਅਣਜਾਣੇ ਵਿੱਚ ਕੋਈ ਗਲਤੀ ਨਾ ਕੀਤੀ ਹੋਵੇ ਪਰਤੂੰ ਵੱਡੀ ਗੱਲ ਸਮੇਂ ਰਹਿੰਦੇ ਸੰਬੰਧਤ ਗਲਤੀ ਲਈ ਮਾਫ਼ੀ ਮੰਗਣਾ ਹੈ।ਬੇਸ਼ੱਕ ਕੁਝ ਮਾਮਲਿਆਂ ਵਿੱਚ ਮਾਫ਼ੀ ਮੰਗਣ ਨਾਲ ਸੰਬੰਧਤ ਵਿਅਕਤੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ ਜਾਂ ਸੰਬੰਧਤ ਵਿਅਕਤੀ ਨੂੰ ਹੋਏ ਨੁਕਸਾਨ ਆਦਿ ਵਿੱਚ ਕੋਈ ਸੁਧਾਰ ਨਾ ਹੋਵੇ ਪਰੰਤੂ ਹੋਈ ਭੁੱਲ ਜਾਂ ਗਲਤੀ ਲਈ ਮਾਫ਼ੀ ਮੰਗਣ ਤੇ ਉਹਨਾਂ ਦੇ ਸੰਬੰਧਾਂ ਵਿੱਚ ਸੁਧਾਰ ਜ਼ਰੂਰ ਹੁੰਦਾ ਹੈ।ਗਲਤੀ ਹੋਣ ਤੇ ਮੁਆਫ਼ੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਅਤੇ ਕਿਸੇ ਨੂੰ ਮੁਆਫ਼ ਕਰਕੇ ਉਸ ਨੂੰ ਇੱਕ ਹੋਰ ਮੌਕਾ ਦੇਣਾ ਵੀ ਸੱਜਣਤਾ ਦੀ ਨਿਸ਼ਾਨੀ ਹੈ।ਕਿਸੇ ਨੂੰ ਮਾਫ਼ ਕਰਨਾ ਬੰਦ ਕਮਰੇ ਵਿੱਚ ਰੌਸ਼ਨੀ ਕਰਨ ਸਾਮਾਨ ਹੈ।ਜੇਕਰ ਕੋਈ ਕਿਸੇ ਨੂੰ ਮਾਫ਼ ਨਾ ਕਰੇ ਤਾਂ ਸੋਚੋ ਕਿ ਦੁਨੀਆਂ ਵਿੱਚ ਕੋਈ ਕਿਸੇ ਨੂੰ ਪਿਆਰ ਕਰ ਹੀ ਨਹੀਂ ਸਕੇਗਾ ਅਤੇ ਜ਼ਿੰਦਗੀ ਈਰਖਾ, ਕ੍ਰੋਧ, ਵੈਰ ਆਦਿ ਦੀਆਂ ਘੁੰਮਣਘੇਰੀਆਂ ਵਿੱਚ ਹੀ ਉਲਝ ਕੇ ਰਹਿ ਜਾਵੇਗੀ।ਮੈਕਸ ਮੂਲਰ ਦੇ ਸ਼ਬਦ ਹਨ ਕਿ ਫੁੱਲ ਧੁੱਪ ਤੋਂ ਬਗੈਰ ਨਹੀਂ ਖਿੜ ਸਕਦਾ ਅਤੇ ਮਨੁੱਖ ਪਿਆਰ ਤੋਂ ਬਿਨ੍ਹਾਂ ਜਿਉਂਦਾ ਨਹੀਂ ਰਹਿ ਸਕਦਾ।ਜ਼ਿਆਦਾਤਰ ਲੋਕ ਆਸਤਿਕ ਹਨ ਅਤੇ ਆਪਣੀਆਂ ਕੀਤੀਆਂ ਗਲਤੀਆਂ ਲਈ ਅਕਸਰ ਪ੍ਰਮਾਤਮਾ ਤੋਂ ਮੁਆਫੀ ਮੰਗਦੇ ਹਨ।ਮਾਂ-ਬਾਪ ਆਪਣੇ ਬੱਚਿਆਂ ਦੀਆਂ ਕੀਤੀਆਂ ਅਣਗਿਣਤ ਗਲਤੀਆਂ ਨੂੰ ਮਾਫ਼ ਕਰਦਾ ਹੈ, ਜੇਕਰ ਮਾਂ ਬਾਪ ਮਾਫ਼ ਨਾ ਕਰਨ ਤਾਂ ਕੀ ਸਥਿਤੀ ਹੋਵੇਗੀ।ਸਾਡੇ ਸਮਾਜ ਵਿੱਚ ਆਮ ਧਾਰਨਾ ਹੈ ਕਿ ਮਰਨ ਵਾਲੇ ਨੂੰ ਹਮੇਸ਼ਾਂ ਮਾਫ਼ ਕਰ ਦੇਣਾ ਚਾਹੀਦਾ ਹੈ, ਕਿਉਂਕਿ ਉਸ ਨੂੰ ਫਿਰ ਕਦੇ ਮੁਆਫ਼ੀ ਮੰਗਣ ਦਾ ਮੌਕਾ ਨਹੀਂ ਮਿਲੇਗਾ ਜਾਂ ਸਾਨੂੰ ਫਿਰ ਕਦੇ ਉਸਨੂੰ ਮਾਫ਼ ਕਰਨ ਦਾ ਮੌਕਾ ਨਹੀਂ ਮਿਲੇਗਾ।
ਜਾਗਦੀ ਜ਼ਮੀਰ ਵਾਲੇ ਇਨਸਾਨ ਨੂੰ ਕੀਤੀ ਗਲਤੀ ਦਾ ਅਹਿਸਾਸ ਹੋਣ ਤੇ ਮਨ ਤੇ ਬੋਝ ਮਹਿਸੂਸ ਹੁੰਦਾ ਹੈ ਅਤੇ ਇਹ ਉਦੋਂ ਹੀ ਮੁਕਤ ਹੁੰਦਾ ਹੈ ਜਦੋਂ ਸੰਬੰਧਤ ਵਿਅਕਤੀ ਤੋਂ ਮੁਆਫ਼ੀ ਮੰਗ ਲਈ ਜਾਵੇ।ਪਰ ਇਹ ਸੱਚ ਹੈ ਕਿ ਮੁਆਫ਼ੀ ਮੰਗਣ ਲਈ ਤੁਹਾਨੂੰ ਅੰਦਰੋਂ ਮਜ਼ਬੂਤ ਹੋਣਾ ਜ਼ਰੂਰੀ ਹੈ ਕਿਉਂਕਿ ਹੈਂਕੜ ਜਾਂ ਈਗੋ ਅਜਿਹਾ ਕਰਨ ਤੋਂ ਰੋਕਦੀ ਹੈ।ਮੁਆਫ਼ ਕਰਨ ਦਾ ਮਤਬਲ ਹੈ ਕਿ ਕਿਸੇ ਦੁਆਰਾ ਕੀਤੀ ਗਲਤੀ ਤੇ ਸਵੈਇੱਛਾ ਨਾਲ ਉਸਦੇ ਪ੍ਰਤੀ ਭੇਦਭਾਵ ਅਤੇ ਕ੍ਰੋਧ ਨੂੰ ਸਮਾਪਤ ਕਰ ਦੇਣਾ।ਕਿਸੇ ਨੂੰ ਕੀਤੀ ਗਲਤੀ ਲਈ ਮੁਆਫ਼ ਕਰਨ ਲਈ ਵੀ ਦਿਲ ਵੱਡਾ ਹੋਣਾ ਚਾਹੀਦਾ ਹੈ ਕਿਉਂਕਿ ਈਗੋ ਐਥੇ ਵੀ ਜ਼ਹਿਰ ਘੋਲਣ ਦਾ ਕੰਮ ਕਰਦੀ ਹੈ।ਕਿਸੇ ਨੂੰ ਮਾਫ਼ ਕਰਨ ਲਈ ਈਗੋ ਤੋਂ ਉੱਪਰ ਉੱਠ ਕੇ ਸੋਚਣਾ ਪੈਂਦਾ ਹੈ ਅਤੇ ਇੱਕ ਸਹਿਣਸ਼ੀਲ ਵਿਅਕਤੀ ਹੀ ਅਜਿਹਾ ਕਰ ਸਕਦਾ ਹੈ।ਮਹਾਨ ਵਿਦਵਾਨ ਸਟੇਫਨੀ ਦੇ ਸ਼ਬਦ ਹਨ ਕਿ ਕਿਸੇ ਦੀ ਭੁੱਲ ਜਾਂ ਗਲਤੀ ਦੇ ਲਈ ਮਾਫ਼ ਨਾ ਕਰਨਾ ਬਿਲਕੁਲ ਐਵੇਂ ਹੀ ਹੈ ਜਿਵੇਂ ਕਿ ਜ਼ਹਿਰ ਖ਼ੁਦ ਪੀਣਾ ਅਤੇ ਉਮੀਦ ਕਰਨਾ ਕਿ ਉਸਦਾ ਅਸਰ ਕਿਸੇ ਦੂਜੇ ਤੇ ਹੋਵੇ।ਮਨ ਨੀਵਾਂ ਕਰਕੇ ਮੁਆਫ਼ੀ ਮੰਗਣਾ ਅਤੇ ਦਿਲ ਵੱਡਾ ਰੱਖਦੇ ਹੋਏ ਕਿਸੇ ਨੂੰ ਮੁਆਫ਼ ਕਰਨਾਂ ਦੋਨੋਂ ਮਹਾਨਤਾ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
ਵਿਦਵਾਨਾਂ ਦੇ ਅਨੁਸਾਰ ਮੂਰਖ ਵਿਅਕਤੀ ਨਾ ਤਾਂ ਮਾਫ਼ ਕਰਦਾ ਹੈ ਅਤੇ ਨਾ ਹੀ ਭੁੱਲਦਾ ਹੈ। ਬੁੱਧੀਮਾਨ ਵਿਅਕਤੀ ਮੁਆਫ਼ ਤਾਂ ਕਰ ਦਿੰਦਾ ਹੈ ਪਰ ਭੁੱਲਦਾ ਨਹੀਂ।ਇੱਥੇ ਇਹ ਕਹਿਣਾ ਕੋਈ ਅੱਤਕਥਨੀ ਨਹੀਂ ਹੈ ਕਿ ਕਿਸੇ ਦੀ ਪਹਿਲੀ ਗਲਤੀ ਲਈ ਮਾਫ਼ ਕਰ ਦੇਣਾ, ਉਸਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਦੇਣਾ ਕੋਈ ਮਾੜੀ ਗੱਲ ਨਹੀਂ ਪਰ ਜੇਕਰ ਸੰਬੰਧਤ ਇਨਸਾਨ ਇਕੋ ਗਲਤੀ ਨੂੰ ਵਾਰ ਵਾਰ ਦੁਹਰਾਅ ਰਿਹਾ ਹੈ ਤਾਂ ਉਸਤੋਂ ਵਾਰ ਵਾਰ ਠੋਕਰ ਖਾਣੀ ਮੂਰਖਤਾ ਹੀ ਹੈ।ਕਿਉਂਕਿ ਮਾਫ਼ੀ ਮੰਗਦੇ ਸਮੇਂ ਮੈਨੂੰ ਮਾਫ਼ ਕਰਦੋ ਇੱਕ ਬੇਨਤੀ ਹੈ, ਮੈਂ ਇਹ ਦੁਬਾਰਾ ਨਹੀਂ ਕਰਦਾ ਇੱਕ ਵਾਅਦਾ ਹੈ ਅਤੇ ਮੈਂ ਇਹ ਤੁਹਾਡੇ ਨਾਲ ਕਿਵੇਂ ਕਰ ਸਕਦਾ ਹਾਂ।ਇਹ ਇੱਕ ਜ਼ਿੰਮੇਵਾਰੀ ਹੈ ਅਤੇ ਮਾਫ਼ੀ ਮੰਗਣ ਵਾਲੇ ਨੂੰ ਇਹਨਾ ਸ਼ਬਦਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।ਪਹਿਲਾਂ ਕੀਤੀ ਗਲਤੀ ਲਈ ਮਾਫ਼ੀ ਮੰਗਣਾ ਜਾਂ ਤੋਬਾ ਕਰਨਾ ਅਤੇ ਫੇਰ ਗਲਤੀ ਕਰਕੇ ਮਾਫ਼ੀ ਜਾਂ ਤੋਬਾ ਕਰਨਾ, ਏਦਾਂ ਜ਼ਮੀਰ ਮਰਿਆਂ ਇਨਸਾਨਾਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਬੁੱਲੇ ਸ਼ਾਹ ਕਹਿੰਦੇ ਹਨ :
ਤੋਬਾ ਨਾ ਕਰ ਯਾਰ, ਕੈਸੀ ਤੋਬਾ ਹੈ
ਨਿੱਤ ਪੜਦੇ ਇਸਤਗਫ਼ਾਰ, ਕੈਸੀ ਤੋਬਾ ਹੈ।
ਸਾਨੂੰ ਜ਼ਿੰਦਗੀ ਨੂੰ ਸਾਰਥਕਤਾ ਨਾਲ ਜਿਊਂਦੇ ਹੋਏ ਕਿਸੇ ਦੀ ਪਹਿਲੀ ਕੀਤੀ ਭੁੱਲ ਜਾਂ ਗਲਤੀ ਲਈ ਵਡੱਪਣ ਰੱਖਦੇ ਹੋਏ ਕਿਸੇ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨਾ ਅੰਦਰੋਂ ਅੰਦਰ ਸੜਨ ਨਾਲੋਂ ਕਿਤੇ ਚੰਗਾ ਹੈ।ਕਿਸੇ ਤੋਂ ਆਪਣੀ ਹੋਈ ਭੁੱਲ ਜਾਂ ਗਲਤੀ ਲਈ ਮਨ ਨੀਵਾਂ ਰੱਖਦੇ ਹੋਏ ਮੁਆਫ਼ੀਨਾਮਾ ਮੰਗ ਲੈਣਾ ਚਾਹੀਦਾ ਹੈ ਅਤੇ ਉਸਨੂੰ ਦੁਬਾਰਾ ਸ਼ਿਕਾਇਤ ਦਾ ਮੌਕਾ ਨਾ ਦੇਣ ਦੀ ਜ਼ਿੰਮੇਵਾਰੀ ਨੂੰ ਵੀ ਅਮਲੀ ਜਾਮਾ ਪਹਿਣਾਉਣਾ ਚਾਹੀਦਾ ਹੈ।ਅਜਿਹਾ ਕਰਨ ਨਾਲ ਰਿਸ਼ਤਿਆਂ ਦੀਆਂ ਡੋਰਾਂ ਲੰਮੇਰੇ ਪੈਂਡੇ ਸੁਖਮਈ ਕੱਢ ਦਿੰਦੀਆਂ ਹਨ।

Gobinder Singh Dhindsa

 

 

 

 

 

 

ਗੋਬਿੰਦਰ ਸਿੰਘ ਢੀਂਡਸਾ
ਬਰੜ੍ਹਵਾਲ, ਸੰਗਰੂਰ
ਮੋਬਾਇਲ ਨੰਬਰ : 92560-66000

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply