Monday, December 23, 2024

ਪਾਖੰਡਵਾਦ ਤੇ ਅੰਧ ਵਿਸ਼ਵਾਸ ਰੋਕਣ ਲਈ ਮਹਾਰਾਸ਼ਟਰ ਦੀ ਤਰਜ ‘ਤੇ ਪੰਜਾਬ ‘ਚ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਲਾਗੂ ਹੋਵੇ- ਤਰਕਸ਼ੀਲ

ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ ਸੱਗੂ)- ਪਿਛਲੇ ਤਿੰਨ ਦਹਾਕਿਆਂ ਤੋਂ ਸਮਾਜ ਵਿਚੋਂ ਅੰਧ ਵਿਸ਼ਵਾਸ਼ਾਂ, ਵਹਿਮਾਂ-ਭਰਮਾਂ ਅਤੇ ਪਾਖੰਡਵਾਦ ਖਿਲਾਫ਼ ਜਦੋ ਜਹਿਦ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਸਮੂਹ ਸਿਆਸੀ ਪਾਰਟੀਆਂ ਤੋਂ ਮੰਗ ਕੀਤੀ ਹੈ ਕਿ ਪਾਖੰਡੀ ਬਾਬਿਆਂ, ਤਾਂਤਰਿਕਾਂ ਅਤੇ ਅਖੌਤੀ ਸਿਆਣਿਆਂ ਜੋਤਸ਼ੀਆਂ ਹੱਥੋਂ ਲੁੱਟੇ ਜਾ ਰਹੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਵਿਚ ਅੰਧ ਵਿਸ਼ਵਾਸ਼ ਵਿਰੋਧੀ ਕਾਨੂੰਨ ਲਾਗੂ ਕਰਨ ਦੇ ਅਹਿਮ ਮੁੱਦੇ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਸ਼ਾਮਲ ਕੀਤਾ ਜਾਵੇ।
ਇਸ ਸਬੰਧੀ ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਦੀ ਹੋਈ ਮੀਟਿੰਗ ਤੋਂ ਬਾਅਦ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ, ਐਡਵੋਕੇਟ ਅਮਰਜੀਤ ਬਾਈ, ਮਾਸਟਰ ਕੁਲਜੀਤ ਵੇਰਕਾ ਅਤੇ ਸੁਖਮੀਤ ਸਿੰਘ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਇਸ ਸਾਲ ਫਰਵਰੀ ਮਹੀਨੇ ਪੰਜਾਬ ਸਰਕਾਰ ਤੋਂ ਇਲਾਵਾ ਪੰਜਾਬ ਦੇ ਸਮੂਹ ਵਿਧਾਇਕਾਂ ਨੂੰ ਅੰਧ ਵਿਸ਼ਵਾਸ਼ ਵਿਰੋਧੀ ਕਾਨੂੰਨ ਦਾ ਖਰੜਾ ਅਤੇ ਮੰਗ ਪੱਤਰ ਸੌਂਪੇ ਗਏ ਸਨ ਪਰ ਪੰਜਾਬ ਸਰਕਾਰ ਵਲੋਂ ਇਸ ਬਿੱਲ ਨੂੰ ਪਾਸ ਕਰਾਉਣ ਲਈ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਤਰਕਸ਼ੀਲ ਆਗੂਆਂ ਦੋਸ਼ ਲਾਇਆ ਕਿ ਪਾਖੰਡੀ ਬਾਬੇ, ਤਾਂਤਰਿਕ, ਜੋਤਸ਼ੀ ਆਦਿ ਭੋਲੇ ਭਾਲੇ ਲੋਕਾਂ ਨੂੰ ਆਪਣੀ ਝੂਠੀ ਅਤੇ ਗੈਰ ਕਾਨੂੰਨੀ ਇਸ਼ਤਿਹਾਰਬਾਜ਼ੀ ਰਾਹੀਂ ਵੱਖ ਵੱਖ ਤਰ੍ਹਾਂ ਦੇ ਅੰਧ ਵਿਸ਼ਵਾਸ ਅਤੇ ਵਹਿਮ ਭਰਮਾਂ ਵਿਚ ਫਸਾ ਕੇ ਉਨ੍ਹਾਂ ਦੀ ਹੱਕ ਹਲਾਲ ਦੀ ਕਮਾਈ ਲੁੱਟੀ ਜਾ ਰਹੇ ਹਨ ਪਰ ਪੰਜਾਬ ਸਰਕਾਰ ਦੇ ਸਮੁੱਚੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵਲੋਂ ਇਨ੍ਹਾਂ ਪਾਖੰਡੀਆਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਮੰਗ ਕੀਤੀ ਕਿ ਸਮੂਹ ਸਿਆਸੀ ਪਾਰਟੀਆਂ ਬਾਬਾਵਾਦ ਅਤੇ ਡੇਰਾਵਾਦ ਦੀ ਸਵਾਰਥੀ ਰਾਜਨੀਤੀ ਤੋਂ ਉਪਰ ਉਠ ਕੇ ਇਸ ਅਹਿਮ ਲੋਕਪੱਖੀ ਮੁੱਦੇ ਨੂੰ ਆਪਣੇ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਸ਼ਾਮਲ ਕਰਨ ਦੀ ਰਾਜਸੀ ਇੱਛਾ ਸ਼ਕਤੀ ਵਿਖਾਉਣ ਤਾਂ ਕਿ ਪੰਜਾਬ ਵਿਚ ਮਹਾਰਾਸ਼ਟਰ ਦੀ ਤਰਜ ਤੇ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਲਾਗੂ ਕਰਕੇ ਪਾਖੰਡਵਾਦ ਅਤੇ ਅੰਧ ਵਿਸ਼ਵਾਸ ਰਾਹੀਂ ਹੁੰਦੀ ਲੋਕਾਂ ਦੀ ਲੁੱਟ  ਨੂੰ ਰੋਕਿਆ ਜਾ ਸਕੇ।
ਉਨ੍ਹਾਂ ਪੰਜਾਬ ਦੇ ਸਮੂਹ ਲੋਕਪੱਖੀ ਜਨਤਕ ਤੇ ਸਮਾਜਿਕ ਪ੍ਰਗਤੀਸ਼ੀਲ ਸੰਗਠਨਾਂ ਤੋਂ ਇਲਾਵਾ ਅਗਾਂਹਵਧੂ ਬੁੱਧੀਜੀਵੀਆਂ, ਲੇਖਕਾਂ, ਮੀਡੀਏ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੰਧ ਵਿਸ਼ਵਾਸ਼ੀ ਵਿਰੋਧੀ ਕਾਨੂੰਨ ਨੂੰ ਚੋਣ ਮੁੱਦਾ ਬਣਾਉਣ ਲਈ ਸਮੂਹ ਸਿਆਸੀ ਪਾਰਟੀਆਂ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਉਤੇ ਦਬਾਅ ਪਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ। ਇਸ ਮੌਕੇ ਕਾਮਰੇਡ ਅਜੀਤ ਸਿੰਘ, ਬਲਦੇਵ ਰਾਜ ਵੇਰਕਾ, ਕਰਨ ਰਾਜ ਸਿੰਘ, ਰਾਜ ਕੁਮਾਰ ਵੇਰਕਾ, ਜਸਪਾਲ ਬਾਸਰਕਾ, ਧਰਵਿੰਦਰ ਕੋਹਾਲੀ, ਮੇਜਰ ਸਿੰਘ, ਵਰਿੰਦਰ ਕੌਰ, ਨਾਗਰ ਮੱਲ, ਅਮਰਜੀਤ ਕੋਹਾਲੀ, ਬੀ.ਐਮ ਸਿੰਘ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply