Monday, December 23, 2024

ਗਿਆਨਵਾਨ ਵਿੱਦਵਾਨ – ਗਿਆਨੀ ਸੰਤੋਖ ਸਿੰਘ

giani-santokh-s

ਮੋਹਨ ਸਿੰਘ ਵਿਰਕ

ਗ਼ਰ ਨਦਰੇ ਕਰਮ ਹੋ ਉਸ ਕੀ, ਤੋ ਗੁਲਜ਼ਾਰ ਖਿਲਤੇ ਹੈਂ।
     ਹੋ ਰਾਹਨੁਮਾਈ ਉਸ ਕੀ, ਤੋ ਆਪ ਜੈਸੇ ਦਿਲਦਾਰ ਮਿਲਤੇ ਹੈਂ।
              ਕੈਸੇ ਬਿਆਂ ਕਰੂੰ ਇਨ ਕਾ ਕਲਮੇ ਹੁਨਰ,
  ਇਨਹੀ ਸੇ ਚਾਤ੍ਰਿਕ, ਸੀਤਲ ਔਰ ਮੁਖਤਿਆਰ ਮਿਲਤੇ ਹੈਂ।

ਆਪਣੀ ਸ਼ਖ਼ਸੀਅਤ ਦੀ ਸੁਚੱਜੀ ਪਛਾਣ ਗਿਆਨੀ ਸੰਤੋਖ ਸਿੰਘ ਜੀ ਖ਼ੁਦ ਹੀ ਹਨ, ਪਰ ਫਿਰ ਵੀ ਵੱਖ ਵੱਖ ਵਿਦਵਾਨਾਂ ਨੇ ਆਪਣੇ ਆਪਣੇ ਨਜ਼ਰੀਏ ਨਾਲ਼, ਪ੍ਰੋ. ਮੋਹਣ ਸਿੰਘ ਦੁਆਰਾ ਸੰਪਾਦਤ ਪੁਸਤਕ, ‘ਕੁੱਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ’ ਵਿਚ ਪੇਸ਼ ਕੀਤਾ ਹੈ।ਕਿਸੇ ਨੇ ਇਹਨਾਂ ਨੂੰ ਗੁੱਦੜ ਵਿਚ ਛੁਪਿਆ ਲਾਲ ਦੱਸਿਆ ਹੈ, ਕਿਸੇ ਨੇ ਬਹੁਪੱਖੀ ਸ਼ਖ਼ਸੀਅਤ, ਕਿਸੇ ਨੇ ਸਿਰੜੀ ਮਨੁਖ, ਕਿਸੇ ਨੇ ਤੁਰਦਾ ਫਿਰਦਾ ਵਿਸ਼ਵਕੋਸ਼, ਕਿਸੇ ਨੇ ਸਮਰੱਥ ਗੱਦਕਾਰ, ਕਿਸੇ ਨੇ ਵਿਸ਼ਾਲ ਅਨੁਭਵੀ ਮਨੁਖ, ਕਿਸੇ ਨੇ ਇਨਸਾਈਕਲੋਪੀਡੀਆ ਆਫ਼ ਸਿਖਿਜ਼ਮ; ਕਿਸੇ ਨੇ ਕੁੱਝ ਤੇ ਕਿਸੇ ਨੇ ਕੁੱਝ; ਜਿਵੇਂ ਜਿਵੇਂ ਕਿਸੇ ਦੀ ਸਮਝ ਵਿਚ ਆਇਆ, ਉਸ ਨੇ ਪ੍ਰਸੰਸਕ ਸ਼ਬਦਾਂ ਵਿਚ ਬਿਆਨ ਕਰਨ ਦਾ ਯਤਨ ਕੀਤਾ ਹੈ।ਇਹਨਾਂ ਸਾਰੇ ਵਿਦਵਾਨਾਂ ਦੇ ਵਿਚਾਰ ਪੜ੍ਹ ਕੇ, ਸਾਡਾ ਸਿਡਨੀ ਵਾਸੀਆਂ ਦਾ ਸਿਰ ਮਾਣ ਨਾਲ਼ ਉਚਾ ਹੋ ਜਾਂਦਾ ਹੈ।ਇਹਨਾਂ ਵਿਦਵਾਨ ਸੱਜਣਾਂ ਨੇ ਜੋ ਵਿਚਾਰ ਗਿਆਨੀ ਜੀ ਬਾਰੇ ਪ੍ਰਗਟਾਏ ਹਨ, ਇਹਨਾਂ ਤੋਂ ਅੱਗੇ ਮੇਰੇ ਵਰਗੇ ਨਿਮਾਣੇ ਜਿਹੇ ਵਿਅਕਤੀ ਵਾਸਤੇ ਹੋਰ ਕੁੱਝ ਕਹਿਣ ਲਈ ਰਹਿ ਹੀ ਨਹੀਂ ਜਾਂਦਾ।ਫਿਰ ਵੀ ਇਹਨਾਂ ਦੀ ਪ੍ਰਸਿਧੀ ਤੇ ਸ਼ਾਨ ਨੂੰ ਮੁਖ ਰੱਖਦਿਆਂ, ਦਾਸ ਵੱਲੋਂ ਆਪਣੇ ਨਿਜੀ ਵਿਚਾਰ ਇੰਜ ਪੇਸ਼ ਹਨ:
1986 ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰੀਵਜ਼ਬੀ, ਦੇ ਦਰਸ਼ਨ ਕਰਨ ਲਈ ਪਹਿਲੀ ਵਾਰ ਮੈਂ ਗਿਆ।ਏਥੋਂ ਦੇ ਗ੍ਰੰਥੀ ਸਿੰਘ, ਭਾਈ ਸਾਹਿਬ ਸੁਬੇਗ ਸਿੰਘ ਦੇ ਦਰਸ਼ਨ ਵੀ ਹੋਏ। ਭਾਈ ਸਾਹਿਬ ਜੀ ਬਾਣੀ ਤੇ ਬਾਣੇ ਨਾਲ਼ ਪਿਆਰ ਕਰਨ ਵਾਲ਼ੇ, ਨਾਮ ਰਸੀਏ, ਪੰਥ ਦੀ ਨਿਰਭੈਤਾ ਨਾਲ ਸੇਵਾ ਕਰਨ ਵਾਲ਼ੇ ਸਿੰਘ ਹਨ।ਲੋੜਵੰਦਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਲਈ ਸਦਾ ਤਤਪਰ ਰਹਿੰਦੇ ਹਨ। ਥੋਹੜੇ ਹੀ ਸਮੇ ਵਿਚ ਹੀ ਉਹਨਾਂ ਦੀ ਸ਼ਖ਼ਸੀਅਤ ਨੇ ਮੈਨੂੰ ਪ੍ਰਭਾਵਤ ਕਰ ਲਿਆ।ਮੈਂ ਅੱਜ ਸਿੱਖੀ ਸਰੂਪ ਵਿਚ ਉਹਨਾਂ ਦੀ ਪ੍ਰੇਰਨਾ ਕਰਕੇ ਹੀ ਹਾਂ।ਫਿਰ ਹਰੇਕ ਐਤਵਾਰ ਗੁਰਦੁਆਰਾ ਸਾਹਿਬ ਵਿਚ ਸਜਣ ਵਾਲ਼ੇ ਦੀਵਾਨ ਵਿਚ ਹਾਜਰੀ ਭਰ ਕੇ, ਗੁਰਬਾਣੀ ਦਾ ਕੀਰਤਨ ਸਰਵਣ ਕਰਨਾ ਅਤੇ ਭਾਈ ਸਾਹਿਬ ਜੀ ਨਾਲ ਵਿਚਾਰ ਵਟਾਂਦਰਾ ਵੀ ਕਰਨਾ, ਜਿਸ ਕਰਕੇ ਮੇਰੇ ਧਾਰਮਿਕ ਗਿਆਨ ਵਿਚ ਕਾਫੀ ਵਾਧਾ ਹੋਇਆ।
ਇਕ ਐਤਵਾਰ ਵਲ਼ੇ ਦੀਵਾਨ ਸਮੇ ਜਦੋਂ ਮੈਂ ਹਾਜਰੀ ਭਰਨ ਗਿਆ ਤਾਂ ਗੁਰੂ ਦਰਬਾਰ ਵਿਚ ਇਕ ਸਾਦੇ ਲਿਬਾਸ ਵਿਚ ਸਿੱਧੜ ਜਿਹਾ ਸਿੰਘ ਕੀਰਤਨ ਕਰ ਰਿਹਾ ਸੀ।ਸੰਗਤਾਂ ਉਹਨਾਂ ਦੇ ਕੀਰਤਨ ਅਤੇ ਗੁਰਬਾਣੀ ਦੀ ਵਿਆਖਿਆ ਦਾ ਭਰਪੂਰ ਲਾਹਾ ਲੈ ਰਹੀਆਂ ਸਨ। ਦੀਵਾਨ ਦੀ ਸਮਾਪਤੀ ਤੋਂ ਬਾਅਦ, ਭਾਈ ਸੁਬੇਗ ਸਿੰਘ ਜੀ ਹੋਰਾਂ ਤੋਂ ਪਤਾ ਲੱਗਾ ਕਿ ਇਹ ਕਲਾਸੀਕਲ ਕੀਰਤਨੀਏ ਅਤੇ ਵਿਆਖਿਆਕਾਰ, ਪੰਥ ਪ੍ਰਸਿਧ ਹਸਤੀ, ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ ਦੇ ਸਿੱਖ ਸਮਾਜ ਦੀ ਸ਼ਾਨ ਹਨ। ਇਹਨਾਂ ਨੂੰ ਮਿਲ਼ ਕੇ ਖ਼ੁਸ਼ੀ ਤਾਂ ਹੋਈ ਪਰ ਮਨ ਵਿਚ ਸ਼ੰਕਾ ਜਿਹੀ ਰਹੀ ਕਿ ਇਹ ਸਿੱਧ ਪੱਧਰਾ ਜਿਹਾ ਸਾਧਾਰਨ ਬਿਰਤੀ ਦਾ ਮਾਲਕ ਵਿਅਕਤੀ ਏਡਾ ਵੱਡਾ ਵਿੱਦਵਾਨ ਵੀ ਹੋਵੇਗਾ ਪਰ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਸੀ? ਗੁਰਬਾਣੀ ਵਿਚ ਬੜੇ ਸੁੰਦਰ ਅਤੇ ਪਵਿਤਰ ਬਚਨ ਹਨ:

ਜਿਉ ਜਿਉ ਭਿਜੇ ਕੰਬਲੀ ਤਿਉ ਤਿਉ ਭਾਰੀ ਹੋ॥

ਜਿਵੇਂ ਜਿਵੇ ਇਹਨਾਂ ਨਾਲ਼ ਮੇਲ ਮਿਲਾਪ ਵਧਦਾ ਗਿਆ ਇਹਨਾਂ ਦੇ ਗੁਣ, ਚੰਗਿਆਈਆਂ ਅਤੇ ਸ਼ਖ਼ਸੀਅਤ ਦਾ ਖੁਲਾਸਾ ਖੁਲ੍ਹਦਾ ਗਿਆ; ਤਿਵੇਂ ਤਿਵੇਂ ਇਹਨਾਂ ਨਾਲ਼ ਪਿਆਰ ਅਤੇ ਸਤਿਕਾਰ ਵਧਦਾ ਗਿਆ।ਹੌਲ਼ੀ ਹੌਲ਼ੀ, ਕੁਝ ਇਹਨਾਂ ਦੀ ਸੰਗਤ ਕਰਕੇ ਅਤੇ ਕੁਝ ਇਹਨਾਂ ਦੀਆਂ ਲਿਖਤਾਂ ਤੋਂ, ਸਮੇ ਸਮੇ, ਇਹਨਾਂ ਦੇ ਜੀਵਨ ਸਫ਼ਰ ਦੀ ਜਾਣਕਾਰੀ ਪ੍ਰਾਪਤ ਹੁੰਦੀ ਰਹੀ। ਇਹਨਾਂ ਦੇ ਪਿਤਾ ਜੀ, ਜੋ ਕਿ ਆਪ ਵੀ ਗੁਰਮਤਿ ਦੇ ਵਿੱਦਵਾਨ ਸਨ, ਪਾਸੋਂ ਇਹਨਾਂ ਨੂੰ ਗੁਰਮਤਿ ਦੀ ਵਿੱਦਿਆ ਪ੍ਰਾਪਤ ਹੋਈ।ਉਪ੍ਰੰਤ, ਜਨਵਰੀ 1958 ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ, ਆਪਣੇ ਪਿਤਾ ਜੀ ਦੇ ਉਦਮ ਨਾਲ਼, ਟੀਨ ਏਜਰ ਨੌਜਵਾਨ ਸੰਤੋਖ ਸਿੰਘ ਨੂੰ ਦਾਖਲਾ ਮਿਲ ਗਿਆ।ਇਸ ਮਹਾਨ ਪੰਥਕ ਸੰਸਥਾ ਵਿਚੋਂ ਗਿਆਨੀ ਜੀ ਨੇ ਜਿਥੇ ਪ੍ਰੋ. ਰਾਜਿੰਦਰ ਸਿੰਘ ਜੀ ਪਾਸੋਂ ਰਾਗ ਵਿੱਦਿਆ ਦੀਆਂ ਬਾਰੀਕੀਆਂ ਦਾ ਗਿਆਨ ਹਾਸਲ ਕਰਕੇ, ਗੁਰਮਤਿ ਸੰਗੀਤ ਦਾ ਕੋਰਸ ਪਾਸ ਕੀਤਾ ਓਥੇ ਗੁਰਬਾਣੀ ਦੇ ਧੁਰੰਤਰ ਵਿੱਦਵਾਨ, ਪ੍ਰੋ. ਸਾਹਿਬ ਸਿੰਘ ਜੀ ਹੋਰਾਂ ਦੀ ਅਗਵਾਈ ਵਿਚ, ਆਪਣੇ ਵਿਦਿਅਕ ਸ਼ੌਕ ਕਰਕੇ, ਗੁਰਬਾਣੀ ਦਾ ਵਿਸ਼ਾਲ ਗਿਆਨ ਪ੍ਰਾਪਤ ਕਰਨ ਵਿਚ ਵੀ ਖਾਸੀ ਸਫ਼ਲਤਾ ਪ੍ਰਾਪਤ ਕੀਤੀ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚੋਂ ਵਿੱਦਿਆ ਪ੍ਰਾਪਤੀ ਪਿੱਛੋਂ, ਗਿਆਨੀ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ, ਗੁਰਦੁਆਰਾ ਸ੍ਰੀ ਪਿਪਲੀ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਰਾਗੀ ਦੀ ਸੇਵਾ ਸ਼ੁਰੂ ਕਰ ਦਿਤੀ। 1960 ਤੋਂ ਲੈਕੇ, 1973 ਤੱਕ ਇਸ ਮਹਾਨ ਪੰਥਕ ਸੰਸਥਾ ਵਿਚ ਵੱਖ ਵੱਖ ਸੇਵਾਵਾਂ ਉਪਰ ਸੇਵਾ ਨਿਭਾਈ।ਇਸ ਦੌਰਾਨ ਇਹਨਾਂ ਦੀ ਵਿਦਿਆਕ ਯੋਗਤਾ ਤੋਂ ਪ੍ਰਭਾਵਤ ਹੋ ਕੇ, ਸ਼੍ਰੋਮਣੀ ਅਕਾਲੀ ਦੇ ਪ੍ਰਧਾਨ, ਸੰਤ ਬਾਬਾ ਫ਼ਤਿਹ ਸਿੰਘ ਜੀ ਅਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੰਤ ਚੰਨਣ ਸਿੰਘ ਜੀ ਨੇ ਆਪਣੇ ਪੀ.ਏ ਵਜੋਂ ਵੀ ਸੇਵਾ ਸੌਂਪੀ।ਇਹ ਸੇਵਾ ਗਿਆਨੀ ਜੀ ਕੁੱਝ ਸਾਲ ਨਿਭਾਉਂਦੇ ਰਹੇ।ਇਸ ਸੇਵਾ ਦੇ ਨਾਲ਼ ਹੀ ਗਿਆਨੀ ਜੀ ਕਥਾ, ਕੀਰਤਨ, ਪ੍ਰਚਾਰ ਦੀ ਸੇਵਾ ਵੀ ਕਰਦੇ ਰਹੇ।
ਉਪ੍ਰੋਕਤ ਸੇਵਾਵਾਂ ਦੇ ਨਾਲ਼ ਨਾਲ਼ ਗਿਆਨੀ ਸੰਤੋਖ ਸਿੰਘ, ਸਮੇਂ ਸਮੇਂ ਪੰਥਕ ਮਸਲਿਆਂ ਉਪਰ ਵਿਦਵਤਾਪੂਰਣ ਲੇਖ ਵੀ ਲਿਖਦੇ ਰਹੇ ਜੋ ਦੇਸ ਅਤੇ ਪਰਦੇਸਾਂ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪਦੇ ਰਹੇ।ਇਹਨਾਂ ਵੱਲੋਂ ਲੇਖਾਂ ਵਿਚ ਪ੍ਰਗਟਏ ਗਏ ਵਿਚਾਰਾਂ/ਸੁਝਾਵਾਂ ਦਾ, ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ਼ਦਾ ਰਿਹਾ।ਇਹਨਾਂ ਨੇ ਪਿਛਲੀ ਉਮਰ ਵਿਚ ਆ ਕੇ ਲੇਖਾਂ ਦੀਆਂ ਅੱਠ ਕਿਤਾਬਾਂ ਵੀ ਛਪਵਾਈਆਂ ਹਨ।ਇਹਨਾਂ ਦੀ ਪਹਿਲੀ ਧਾਰਮਿਕ ਲੇਖਾਂ ਦੀ ਕਿਤਾਬ, ਨਵੰਬਰ 2006 ਵਿਚ ਛਪੀ ਸੀ।ਇਹ ਲਿਖਣ ਦਾ ਕਾਰਜ ਅਜੇ ਵੀ ਜਾਰੀ ਹੈ।ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹਨ ਤਾਂ ਇਕ ਜਾਂ ਦੋ ਕਿਤਾਬਾਂ ਛਪਵਾ ਲਿਆਉਂਦੇ ਹਨ। ਸੰਸਾਰ ਭਰ ਦੇ ਪੰਜਾਬੀ ਪਾਠਕਾਂ ਵੱਲੋਂ ਇਹਨਾਂ ਦੀਆਂ ਲਿਖਤਾਂ ਉਚੇਚੇ ਧਿਆਨ ਨਾਲ਼ ਪੜ੍ਹੀਆਂ ਜਾਂਦੀਆਂ ਹਨ।ਸੰਸਾਰ ਪਧਰ ਤੇ ਛਪਣ ਵਾਲ਼ੇ ਪੰਜਾਬੀ ਪਰਚਿਆਂ ਵਿਚ ਇਹਨਾਂ ਦੇ ਲੇਖ ਛਪਦੇ ਹਨ।ਬਹੁਤ ਵਾਰੀ ਸੰਪਾਦਕ ਇਹਨਾਂ ਦੇ ਲੇਖ ਇਹਨਾਂ ਪਾਸੋਂ ਖ਼ੁਦ ਮੰਗ ਕੇ ਛਾਪਦੇ ਹਨ।ਸਮੇ ਸਮੇ ਗਲੋਬਲ ਪੰਜਾਬੀ ਮੀਡੀਆ, ਜਿਹਾ ਕਿ ਰੇਡੀਉ, ਟੀ.ਵੀ ਉਪਰ ਇਹਨਾਂ ਦੀਆਂ ਇੰਟਰਵਿਊਆਂ ਨੂੰ ਵੀ ਸਰੋਤਿਆਂ ਵੱਲੋਂ ਬੜੀ ਉਤਸੁਕਤਾ ਨਾਲ਼ ਸੁਣਿਆ ਜਾਂਦਾ ਹੈ।
1973 ਤੋਂ ਗਿਆਨੀ ਜੀ, ਪੰਜਾਬ ਵਿਚ ਹਰੇਕ ਖੇਤਰ ਵਿਚ ਪ੍ਰਾਪਤ ਮਾਣ ਸਤਿਕਾਰ ਨੂੰ ਤਿਆਗ ਕੇ, ਵਿਦੇਸ਼ੀਂ ਵੱਸ ਰਹੇ ਗੁਰੂ ਪਿਆਰਿਆਂ ਨਾਲ਼ ਸ਼ਬਦ ਸਾਖੀ ਦੀ ਸਾਂਝ ਪਾਉਣ ਵਾਸਤੇ, ਦੁਨੀਆਂ ਦੀ ਯਾਤਰਾ ਤੇ ਤੁਰ ਪਏ।ਪਹਿਲੀ ਯਾਤਰਾ ਅਫ਼੍ਰੀਕਾ ਤੋਂ ਸ਼ੁਰੂ ਕੀਤੀ ਅਤੇ ਫਿਰ ਬਹੁਤ ਸਾਰੇ ਮੁਲਕਾਂ ਵਿਚ ਵੱਸਦੀਆਂ ਸਿੱਖ ਸੰਗਤਾਂ ਵਿਚ ਗੁਰੂ ਦੇ ਸ਼ਬਦ ਅਤੇ ਸਾਖੀ ਦਾ ਪ੍ਰਚਾਰ ਕੀਤਾ।
ਛੇ ਕੁ ਸਾਲ ਦਾ ਸਮਾ ਦੁਨੀਆਂ ਦਾ ਭ੍ਰਮਣ ਕਰਨ ਤੋਂ ਬਾਅਦ ਗਿਆਨੀ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭੀ ਆਪਣੀ ਚੌਥੀ ਯਾਤਰਾ ਸਮੇ, ਅਕਤੂਬਰ 1979 ਵਿਚ ਆਸਟ੍ਰੇਲੀਆ ਆ ਗਏ। ਏਥੇ ਦੀਆਂ ਸੰਗਤਾਂ ਨੇ ਆਪ ਜੀ ਦੀ ਵਿੱਦਿਆ ਤੋਂ ਪ੍ਰਭਾਵਤ ਹੋ ਕੇ, ਏਥੇ ਹੀ ਟਿਕ ਜਾਣ ਲਈ ਜੋਰ ਪਾਇਆ।ਫਿਰ ਏਥੇ ਆਮ ਬਾਹਰੋਂ ਆਉਣ ਵਾਲ਼ੇ ਮਾਈਗ੍ਰੈਂਟਸ ਵਾਂਙ, ਆਪ ਨੂੰ ਵੀ ਵੱਖ ਵੱਖ ਥਾਵਾਂ ਤੇ ਮੇਹਨਤ ਮਜ਼ਦੂਰੀ ਕਰਕੇ ਪਰਿਵਾਰਕ ਪਾਲਣਾ ਵਾਲ਼ਾ ਕਾਰਜ ਕਈ ਸਾਲਾਂ ਤੱਕ ਕਰਨਾ ਪਿਆ।ਇਸ ਦੌਰਾਨ ਕਦੀ ਡਾਕਖਾਨਾ, ਕਦੀ ਬੈਂਕ, ਕਦੀ ਬੱਸ ਕੰਡਕਟਰੀ, ਕਦੀ ਕਲੱਰਕੀ, ਕਦੀ ਫ਼ੈਕਟਰੀ, ਕਦੀ ਖੇਤ ਮਜ਼ਦੂਰੀ ਆਦਿ ਵਰਗੇ ਥਾਵਾਂ ਉਪਰ ਕਿਰਤ ਕੀਤੀ।ਇਸ ਸਮੇ ਬੁਢਾਪਾ ਪੈਨਸ਼ਨ ਉਪਰ ਗੁਜ਼ਾਰਾ ਹੈ।ਬੱਚੇ ਆਪੋ ਆਪਣੀਆਂ ਨੌਕਰੀਆਂ ਉਪਰ ਕੰਮ ਕਰਦੇ ਹਨ ਤੇ ਆਪੋ ਆਪਣੇ ਘਰੀਂ ਵੱਸਦੇ ਹਨ।
ਓਦੋਂ ਤੋਂ ਲੈ ਕੇ ਪੱਕਾ ਵਸੇਬਾ ਤੇ ਭਾਵੇਂ ਗਿਆਨੀ ਜੀ ਦਾ ਆਸਟ੍ਰੇਲੀਆ ਵਿਚ ਹੀ ਹੈ ਪਰ ਫਿਰ ਵੀ ਸੰਗਤਾਂ ਦੇ ਸੱਦੇ ਉਪਰ ਵੱਖ ਵੱਖ ਦੇਸ਼ਾਂ ਵਿਚ ਵੱਸਦੀਆਂ ਸਿੱਖ ਸੰਗਤਾਂ ਵਿਚ ਵਿਚਰਦੇ ਰਹਿੰਦੇ ਹਨ।
ਸਭ ਤੋਂ ਪਹਿਲਾ ਪੰਜਾਬੀ ਦਾ ਹਫ਼ਤਾਵਾਰੀ ਪਰਚਾ ‘ਸਿੱਖ ਸਮਾਚਾਰ’ ਦੇ ਨਾਂ ਦਾ ਗਿਆਨੀ ਜੀ ਨੇ ਹੀ ਏਥੋਂ ਛਾਪਣਾ ਸ਼ੁਰੂ ਕੀਤਾ ਸੀ।ਸਦਾ ਹੀ ਕੁੱਝ ਨਾ ਕੁੱਝ ਲਿਖਣ, ਬੋਲਣ ਅਤੇ ਦੂਜਿਆਂ ਦੀ ਅਗਵਾਈ ਕਰਨ ਵਿਚ ਹੀ ਰੁਝੇ ਰਹਿੰਦੇ ਹਨ।ਸਾਰਾ ਜੀਵਨ ਹੀ ਗਿਆਨੀ ਜੀ ਦਾ ਸਿੱਖ ਧਰਮ, ਗੁਰਬਾਣੀ, ਪੰਜਾਬੀ ਬੋਲੀ, ਗੁਰਮੁਖੀ ਲਿੱਪੀ, ਸਿੱਖ ਸਭਿਆਚਾਰ, ਸੁੱਚੀ ਪੰਜਾਬੀਅਤ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਹੀ ਬੀਤ ਰਿਹਾ ਹੈ।
ਬਿਹਾਰ ਸਰਕਾਰ ਵੱਲੋਂ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸ਼ਵ ਦੇ ਸਬੰਧ ਵਿਚ ਕਰਵਾਏ ਗਏ ਸੈਮੀਨਾਰ ਵਿਚ ਭਾਗ ਲੈਣ ਵਾਸਤੇ, ਬਿਹਾਰ ਸਰਕਾਰ ਦੇ ਸੱਦੇ ਉਪਰ ਪਟਨਾ ਸਾਹਿਬ ਜਾ ਕੇ ਆਏ ਹਨ ਤੇ ਮੁੜਦੇ ਹੋਏ ਦੋ ਕਿਤਾਬਾਂ ਛਪਵਾ ਕੇ, ਪੰਜਾਬ ਅਤੇ ਰਸਤੇ ਵਿਚ ਯੂਨਾਈਟਿਡ ਅਰਬ ਅਮੀਰਾਤ ਦੇਸ਼ ਦੀਆਂ ਸੰਗਤਾਂ ਵਿਚ ਵੰਡਦੇ ਆਏ ਹਨ।
ਗਿਆਨੀ ਜੀ ਵਿਚ ਆਪਣੇ ਸੰਪਰਕ ਵਿਚ ਆਉਣ ਵਾਲ਼ੇ ਹਰੇਕ ਵਿਅਕਤੀ ਨੂੰ ਚੰਗੇ ਤੋਂ ਚੰਗੇਰੇ ਬਣਨ ਲਈ ਹਮੇਸ਼ਾਂ ਉਤਸ਼ਾਹਤ ਕਰਦੇ ਰਹਿਣ ਵਾਲ਼ਾ ਇਕ ਵਿਸ਼ੇਸ਼ ਗੁਣ ਹੈ।ਮੈਂ ਜੋ ਇਹਨਾਂ ਵਿਚ ਵੇਖਿਆ ਹੈ, ਇਹ ਬਹੁਤ ਘੱਟ ਲੋਕਾਂ ਵਿਚ ਹੁੰਦਾ ਹੈ। ਬਹੁਤੇ ਵਿਅਕਤੀ ਕਿਸੇ ਦੂਜੇ ਦੀ ਵਡਿਆਈ ਵੇਖ ਕੇ ਖ਼ੁਸ਼ ਨਹੀਂ ਹੁੰਦੇ ਪਰ ਗਿਆਨੀ ਜੀ ਹਰੇਕ ਦੇ ਗੁਣਾਂ ਦੀ ਕਦਰ ਕਰਦੇ ਹਨ ਤੇ ਹੋਰ ਗੁਣ ਪ੍ਰਾਪਤ ਕਰਨ ਲਈ ਉਤਸ਼ਾਹਤ ਵੀ ਕਰਦੇ ਹਨ।ਮੈਨੂੰ ਵੀ ਗਿਆਨੀ ਜੀ ਨੇ ਮੁੜ ਮੁੜ ਜੋਰ ਪਾ ਕੇ ਮੇਰੇ ਪਾਸੋਂ ਸਾਡੇ ਪਰਵਾਰ ਦੇ ਪਾਕਿਸਤਾਨੋ ਉਜੜ ਕੇ ਆਉਣ ਦਾ ਇਤਿਹਾਸ ਲਿਖਵਾਇਆ ਹੈ।ਜਿਸ ਦਾ ਪਹਿਲਾ ਹਿੱਸਾ, ਸ. ਰਾਜਵੰਤ ਸਿੰਘ ਜੀ ਨੇ ‘ਪੰਜਾਬ ਐਕਸਪ੍ਰੈਸ’ ਵਿਚ ਛਾਪ ਦਿਤਾ ਹੈ ਤੇ ਅਗਲਾ ਹਿੱਸਾ ਛਪਣ ਵਾਸਤੇ ਤਿਆਰ ਹੈ।ਇਹ ਮੈਂ ਇਹਨਾਂ ਦੀ ਪ੍ਰੇਰਨਾ ਕਰਕੇ ਹੀ ਲਿਖ ਸਕਿਆ ਹਾਂ।
ਕੈਪਟਨ ਗੁਰਮੇਲ ਸਿੰਘ ਜੀ ਇਹਨਾਂ ਬਾਰੇ ਲਿਖੇ ਗਏ ਆਪਣੇ ਇਕ ਲੇਖ ਵਿਚ ਇਹਨਾਂ ਸੁੰਦਰ ਸ਼ਬਦਾਂ ਵਿਚ ਲਿਖਦੇ ਹਨ: ਕਾਦਰ ਦੀ ਕੁਦਰਤ ਦਾ ਆਨੰਦ ਮਾਨਣ ਵਾਲ਼ਾ, ਇਹ ਅਲਬੇਲਾ ਸਾਹਿਤਕਾਰ, ਸੰਗੀਤਕਾਰ, ਸਟੇਜੀ ਬੁਲਾਰਾ, ਕਥਾਵਾਚਕ, ਧਰਮ ਪ੍ਰਚਾਰਕ, ਰਾਗੀ ਆਦਿ ਬਹੁਪੱਖੀ ਗੁਣਾਂ ਵਾਲ਼ਾ ਵਿਅਕਤੀ ਹੈ।
ਸਿੱਖਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ਼ ਜੋੜਨਾ ਹੀ ਇਹਨਾਂ ਦਾ ਮੁਖ ਪ੍ਰਯੋਜਨ ਹੈ। ਜਿਉਂ ਜਿਉਂ ਇਹਨਾਂ ਦੀ ਸ਼ਖ਼ਸੀਅਤ ਬਾਰੇ ਚਾਨਣਾ ਪੈਂਦਾ ਗਿਆ ਮੇਰੇ ਮਨ ਵਿਚ ਇਹਨਾਂ ਦੀ ਗਿਆਨ ਰੂਪੀ ਛਵੀ ਉਜਲ਼ ਹੁੰਦੀ ਗਈ ਅਤੇ ਮਨ ਦੀ ਮੈਲ਼ ਧੁਪਦੀ ਗਈ। ਅੱਜ ਦੀ ਤਰੀਕ ਵਿਚ ਇਸ ਮਹਾਨ ਸ਼ਖ਼ਸੀਅਤ ਦੀ ਛਵੀ ਦੇਸਾਂ ਪਰਦੇਸਾਂ ਵਿਚ ਸਿੱਖ ਸੰਗਤਾਂ ਦੇ ਦਿਲਾਂ ਵਿਚ ਘਰ ਕਰ ਗਈ ਹੈ।
ਰੀਵਜ਼ਬੀ ਗੁਰੂ ਦਰਬਾਰ ਦੇ ਇਕ ਹਫ਼ਤਾਵਾਰੀ ਦੀਵਾਨ ਸਮੇ, ਇਕ ਪਰਵਾਰ ਵਲੋਂ ਆਪਣੇ ਸਪੁੱਤਰ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਸਮਾਗਮ ਰਚਾਇਆ ਗਿਆ।ਕੀਰਤਨ ਤੋਂ ਬਾਅਦ ਗਿਆਨੀ ਜੀ ਨੂੰ, ਬੱਚੇ ਨੂੰ ਅਸ਼ੀਰਵਾਦ ਵਜੋਂ ਕੁੱਝ ਸ਼ਬਦ ਬੋਲਣ ਲਈ ਆਖਿਆ ਗਿਆ।ਇਹਨਾਂ ਦੀ ਸਪੀਚ ਸੁਣ ਕੇ ਪਰਿਵਾਰ ਅਤੇ ਸੰਗਤ ਦੇ ਨਾਲ਼ ਨਾਲ ਮੈਂ ਵੀ ਕਾਇਲ ਹੋਣੋ ਨਾ ਰਹਿ ਸਕਿਆ। ਇਹਨਾਂ ਦਾ ਬੋਲਿਆ ਹੋਇਆ ਇਕ ਇਕ ਲਫ਼ਜ਼ ਮਾਲਾ ਵਿਚ ਪ੍ਰੋਤੇ ਹੋਏ ਮੋਤੀਆਂ ਵਾਂਙ ਪ੍ਰਤੀਤ ਹੋ ਰਿਹਾ ਸੀ।ਬੱਚੇ ਨੂੰ ਗੁਰਬਾਣੀ ਦੀ ਸਿੱਖਿਆ ਅਨੁਸਾਰ ਅਸੀਸਾਂ ਦੇਣ ਦੇ ਨਾਲ਼ ਨਾਲ਼ ਉਸ ਦੇ ਉਜਲ ਭਵਿਖ ਦੀ ਵੀ ਕਾਮਨਾ ਕੀਤੀ ਗਈ।ਮਾਤਾ ਪਿਤਾ ਦੀਆਂ ਝੋਲ਼ੀਆਂ ਵੀ ਸ਼ੁਭ ਬਚਨਾਂ ਰਾਹੀਂ ਭਰਦੇ ਹੋਇਆਂ, ਉਹਨਾਂ ਦੇ ਇਸ ਪ੍ਰਕਾਰ ਗੁਰੂ ਘਰ ਵਿਚ ਆਪਣੇ ਬੱਚੇ ਦਾ ਜਨਮ ਦਿਨ ਮਨਾਉਣ ਦੀ ਪ੍ਰਸੰਸਾ ਕਰ ਕੇ, ਹੋਰਨਾਂ ਮਾਪਿਆਂ ਨੂੰ ਵੀ ਅਜਿਹੀ ਰੀਸ ਕਰਨ ਵਾਸਤੇ ਉਤਸ਼ਾਹਤ ਕੀਤਾ।ਸਵਾਰਥੀ ਲੋਕਾਂ ਵੱਲੋਂ, ਮੇਰੇ ਦਿਲ ਵਿਚ, ਇਹਨਾਂ ਦੀ ਸਖ਼ਸੀਅਤ ਬਾਰੇ ਪਾਏ ਹੋਏ ਕੁਝ ਭੁਲੇਖੇ ਵੀ ਦੂਰ ਹੋ ਗਏ।ਜਾਣੋ ਕਿ ਮੈਂ ਇਹਨਾਂ ਦਾ ਮੁਰੀਦ ਹੋ ਗਿਆ। ਹੌਲ਼ੀ ਹੌਲ਼ੀ ਮੈਨੂੰ ਇਹਨਾਂ ਦੀ ਨੇੜਤਾ ਪ੍ਰਾਪਤ ਹੁੰਦੀ ਗਈ।ਮੈਂ ਮਾਣ ਨਾਲ਼ ਕਹਿ ਸਕਦਾ ਹਾਂ ਕਿ ਗਿਆਨੀ ਸੰਤੋਖ ਸਿੰਘ ਜੀ ਵਿਸ਼ਾਲ ਹਿਰਦੇ ਦੇ ਮਾਲਕ, ਉਚ ਕੋਟੀ ਦੇ ਮਨੁਖ, ਗੂੁਹੜ ਵਿਦਵਾਨ, ਸੁਲਝੀ ਹੋਈ ਸ਼ਖ਼ਸੀਅਤ ਦੇ ਮਾਲਕ ਹਨ।ਇਹਨਾਂ ਦੀ ਮਿੱਤਰਤਾ ਪ੍ਰਾਪਤ ਕਰਕੇ ਮੈਂ ਆਪਣੇ ਆਪ ਵਿਚ ਗੌਰਵ ਮਹਿਸੂਸ ਕਰਦਾ ਹਾਂ।
ਇਹਨਾਂ ਦੀਆਂ ਲਿਖੀਆਂ ਅੱਠ ਕਿਤਾਬਾਂ ਵਿਚ ਸਿੱਖ ਇਤਿਹਾਸ, ਧਰਮ, ਗੁਰਬਾਣੀ ਦੀ ਸਿੱਖਿਆ ਵਾਲ਼ੇ ਲੇਖਾਂ ਦੇ ਨਾਲ਼ ਨਾਲ਼, ਅਪਣੇ ਜੀਵਨ ਦੇ ਸਫ਼ਰ ਨੂੰ ਵੀ ਬੜੀ ਸਾਧਾਰਣ ਸ਼ੈਲੀ ਵਿਚ ਬਿਆਨ ਕੀਤਾ ਹੋਇਆ ਹੈ।ਇਹਨਾਂ ਲੇਖਾਂ ਅੰਦਰ ਸੰਸਾਰ ਭਰ ਵਿਚ ਵਿਚਰਦੇ ਸਿੱਖ ਸਮਾਜ ਬਾਰੇ ਵੀ ਚੋਖੀ ਜਾਣਕਾਰੀ ਦੇਣ ਤੋਂ ਇਲਾਵਾ, ਗਿਆਨੀ ਜੀ ਨੇ ਸੰਸਾਰਕ ਯਾਤਰਾ ਦੌਰਾਨ ਆਪਣੇ ਨਾਲ਼ ਵਾਪਰੀਆਂ ਚੰਗੀਆਂ ਮਾੜੀਆਂ ਘਟਨਾਵਾਂ ਦਾ ਵੇਰਵਾ ਵੀ, ਯਥਾਰਥਕ ਸ਼ੈਲੀ ਵਿਚ ਅੰਕਤ ਕੀਤਾ ਹੈ। ਇਹਨਾਂ ਦੀ ਸੰਗਤ ਅਤੇ ਲਿਖਤਾਂ ਨੇ ਮੇਰੇ ਵਿਚ ਭਾਰੀ ਪ੍ਰਵਰਤਣ ਲਿਆਂਦਾ ਹੈ।“ਸੰਗਤ ਨੂੰ ਰੰਗਤ” ਵਾਲ਼ੇ ਮੁਹਾਵਰੇ ਅਨੁਸਾਰ, ਮੇਰੇ ਵਰਗੇ ਮਨੁਖ ਨੂੰ ਇਹਨਾਂ ਨੇ ਲਿਖਣ ਦਾ ਉਤਸ਼ਾਹ ਅਤੇ ਪ੍ਰੇਰਨਾ ਦੇੇ ਕੇ, ਇਸ ਪਾਸੇ ਤੋਰ ਦਿਤਾ ਹੈ।ਇਹਨਾਂ ਦੀ ਪ੍ਰੇਰਨਾ ਅਤੇ ਅਸ਼ੀਰਵਾਦ ਕਰਕੇ ਹੀ ਮੈਂ ਇਕ ਲੰਮਾ ਲੇਖ ਲਿਖਿਆ ਹੈ, ਜਿਸ ਵਿਚ ਮੈਂ 1947 ਦੇ ਸਮੇ ਅੰਦਰ ਸਾਡੇ ਪਰਵਾਰ ਦਾ ਪਾਕਿਸਤਾਨੋ ਉਜੜ ਕੇ ਆਉਣ ਦਾ ਅੱਖੀਂ ਵੇਖਿਆ ਤੇ ਹੱਡੀਂ ਵਾਪਰਿਆ ਇਤਿਹਾਸ ਅੰਕਤ ਕੀਤਾ ਹੈ।
ਅਖੀਰ ਵਿਚ ਮੈਂ ਗਿਆਨੀ ਜੀ ਦੇ ਸੁਹਿਰਦਤਾ ਅਤੇ ਵਿਸ਼ਾਲ ਗਿਆਨ ਦਾ ਕਾਇਲ ਹੁੰਦਾ ਹੋਇਆ, ਇਸ ਮਹਾਨ ਸ਼ਖ਼ਸੀਅਤ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਇਸ ਉਮਰ ਵਿਚ ਹੋਰ ਵੀ ਬਲ ਬਖਸ਼ੇ ਤਾਂ ਕਿ ਇਹ ਆਪਣੀ ਸੂਝ ਬੂਝ ਅਤੇ ਗਿਆਨ ਰੂਪੀ ਖ਼ਜ਼ਾਨੇ ਵਿਚੋਂ, ਲਿਖਤੀ ਰੂਪ ਵਿਚ, ਸੰਸਾਰ ਭਰ ਅੰਦਰ ਵਸਦੀਆਂ ਸਿੱਖ ਸੰਗਤਾਂ ਅਤੇ ਮਾਨਵਤਾ ਨੂੰ ਗਿਆਨ ਰੂਪੀ ਸੰਦੇਸ਼ ਪੁਚਾਉਂਦੇ ਰਹਿਣ।ਇਹੋ ਮੇਰੀ ਦਿਲੀ ਕਾਮਨਾ ਹੈ।

mohan-singh-virak-sidney

ਮੋਹਨ ਸਿੰਘ ਵਿਰਕ
ਸਿਡਨੀ, ਆਸਟਰੇਲੀਆ
ਸੰਪਰਕ-0409 660 701

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply