Tuesday, January 14, 2025

ਦਿੱਲੀ ਦੀ ਸੰਗਤ ਨੇ ਪੰਥਕ ਸੋਚ `ਤੇ ਵੋਟਾਂ ਪਾਈਆਂ – ਜੀ.ਕੇ

ਨਵੀਂ ਦਿੱਲੀ, 4 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹੋਈ ਜਿੱਤ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪੰਥ ਦੀ ਜਿੱਤ ਕਰਾਰ ਦਿੱਤਾ ਹੈ।ਚੋਣ ਨਤੀਜਿਆਂ ਬਾਅਦ ਕਮੇਟੀ ਵੱਲੋਂ ਅੱਜ ਜਾਰੀ ਹੋਏ ਪ੍ਰੈਸ ਨੋਟ ਵਿਚ ਜੀ.ਕੇ ਨੇ ਮੰਨਿਆ ਹੈ ਕਿ ਚੋਣਾਂ ਦੌਰਾਨ ਪੰਥ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦੇ ਨਾਲ ਹੀ ਕਮੇਟੀ ਵੱਲੋਂ ਬੀਤੇ 4 ਸਾਲ ਦੌਰਾਨ ਕੀਤੇ ਗਏ ਉਸਾਰੂ ਕਾਰਜਾਂ ਨੇ ਵੋਟਰਾਂ ਨੂੰ ਅਕਾਲੀ ਦਲ ਦੇ ਹੱਕ ਵਿਚ ਫਤਵਾ ਦੇਣ ਦਾ ਰਾਹ ਦੱਸਿਆ ਸੀ।ਦਿੱਲੀ ਦੀ ਸੰਗਤ ਨੇ ਪੰਥ ਪ੍ਰਣਾਵਿਤ ਬਾਣੀਆਂ ਅਤੇ ਸਿੱਖ ਰਹਿਤ ਮਰਿਯਾਦਾ ਨਾਲ ਖੜੇ ਹੋਣ ਦੀ ਵੀ ਹਿੰਮਤ ਦਿਖਾਈ ਹੈ। ਜੀ.ਕੇ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਨਾ ਮੰਨਣ ਦੀ ਵਿਰੋਧੀਆਂ ਵੱਲੋਂ ਦਿੱਤੀ ਗਈ ਦਲੀਲ ਪਿੱਛਲੀ ਚੋਣਾਂ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਧਾਂਤਕ ਤੌਰ ਤੇ ਬਾਗੀ ਹੋਏ ਵਿਰੋਧੀ ਆਗੂਆਂ ਨੂੰ ਚੋਣਾਂ ਹਰਾਉਣ ਦਾ ਮੁੱਖ ਕਾਰਨ ਸਾਬਿਤ ਹੋਈ।ਅਸੀਂ ਪੂਰਾ ਚੋਣ ਪ੍ਰਚਾਰ ਸਿਰਫ਼ ਹਾਂ ਪੱਖੀ ਤਰੀਕੇ ਨਾਲ ਸੰਗਤਾਂ ਵਿਚ ਰੱਖਿਆ ਜਦਕਿ ਵਿਰੋਧੀਆਂ ਨੇ ਨਾ ਪੱਖੀ ਏਜੰਡੇ ਰਾਹੀਂ ਆਪਣੀ ਚੋਣ ਬੇੜੀ ਨੂੰ ਕੰਢੇ ਲਾਉਣ ਦੇ ਨਾਪਾਕ ਮਨਸੂਬੇ ਸੰਗਤਾਂ ਸਾਹਮਣੇ ਰੱਖੇ। ਦਿੱਲੀ ਦੀ ਸੰਗਤ ਨੂੰ ਸੂਝਵਾਨ ਦੱਸਦੇ ਹੋਏ ਜੀ.ਕੇ. ਨੇ ਵਿਰੋਧੀ ਧਿਰਾਂ ਨੂੰ ਆਪਣੀ ਦਿਸ਼ਾ ਅਤੇ ਦਸ਼ਾ ਤੇ ਗਹਿਰਾ ਚਿੰਤਨ ਕਰਨ ਦੀ ਵੀ ਨਸੀਹਤ ਦਿੱਤੀ।ਜੀ.ਕੇ ਨੇ ਕਿਹਾ ਕਿ 4 ਸਾਲ ਦੌਰਾਨ ਅਸੀਂ ਸਿਰਫ ਤੇ ਸਿਰਫ ਪੰਥ ਦੀ ਗੱਲ ਕਰਦੇ ਹੋਏ ਹਰ ਸਰਕਾਰ ਨਾਲ ਆਹਮੋ-ਸਾਹਮਣੇ ਦੀ ਟੱਕਰ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ ਭਾਵੇਂ ਸਾਹਮਣੇ ਸਾਡੀ ਜਾਂ ਸਾਡੀ ਭਾਈਵਾਲ ਪਾਰਟੀ ਦੀ ਸਰਕਾਰ ਕਿਉਂ ਨਾ ਹੋਵੇ।ਅਸੀਂ ਆਪਣੇ ਲਈ ਨਿੱਜੀ ਤੌਰ ਤੇ ਸਰਕਾਰਾਂ ਨੂੰ ਵਰਤਣ ਦੀ ਥਾਂ ਕੌਮ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਦਾ ਜੋ ਟੀਚਾ ਸਾਹਮਣੇ ਰੱਖਿਆ ਸੀ, ਉਸ `ਤੇ ਸੰਗਤ ਨੇ ਸਾਡੇ ਉਮੀਦਵਾਰਾਂ ਨੂੰ ਵੱਡੀ ਜਿੱਤ ਦੇ ਕੇ ਮੋਹਰ ਲਗਾਈ ਹੈ।

Check Also

ਨਿਊ ਜਰਸੀ-ਇੰਡੀਆ ਕਮਿਸ਼ਨ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਜ ਅਮਰੀਕਾ ਤੋਂ ਨਿਊ ਜਰਸੀ-ਇੰਡੀਆ ਕਮਿਸ਼ਨ ਦੇ …

Leave a Reply