ਨਵੀਂ ਦਿੱਲੀ, 4 ਮਾਰਚ (ਪੰਜਾਬ ਪੋਸਟ ਬਿਊਰੋ) – ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਰਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਹੁਣ ਸਮਾਂ ਆ ਗਿਆ ਜਦੋਂ ਕਾਂਗਰਸ ਦੇ ਆਗੂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸਾਂ ਵਿਚ ਉਹਨਾਂ ਦੀ ਸ਼ਮੂਲੀਅਤ ਲਈ ਜੇਲ ਦੀ ਹਵਾ ਖਾਣ ਵਾਸਤੇ ਤਿਆਰ ਹੋ ਜਾਣਾ ਚਾਹੀਦਾ ਹੈ।
ਵਿਸ਼ੇਸ਼ ਜਾਂਚ ਟੀਮ ਵੱਲੋਂ ਪੰਜਾਬੀ ਬਾਗ ਦੇ ਵਸਨੀਕ ਜਸਵੰਤ ਸਿੰਘ ਤੇ ਉਹਨਾਂ ਦੇ ਸਪੁੱਤਰ ਦੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਸੱਜਣ ਕੁਮਾਰ ਤੋਂ ਪੁੱਛਗਿੱਛ ਕੀਤੇ ਜਾਣ ਦਾ ਸਵਾਗਤ ਕਰਦਿਆਂ ਸਿਰਸਾ ਨੇ ਕਿਹਾ ਕਿ 33 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਨਾ ਸਿਰਫ ਦਿੱਲੀ ਦੇ ਸਿੱਖ ਬਲਕਿ ਕੌਮਾਂਤਰੀ ਪੱਧਰ `ਤੇ ਸਿੱਖ ਭਾਈਚਾਰਾ ਇਸ ਗੱਲ ਨੂੰ ਵੇਖ ਰਿਹਾ ਹੈ ਕਿ ਅਜਿਹੀ ਪੁੱਛ ਗਿੱਛ ਹੁਣ ਹੋ ਰਹੀ ਹੈ ਜੋ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ।ਉਹਨਾਂ ਕਿਹਾ ਕਿ ਇਸ ਨਾਲ ਦੁਨੀਆਂ ਦੇ ਸਭ ਤੋਂ ਘਿਨੌਣੇ ਨਸਲਕੁਸ਼ੀ ਦੇ ਯਤਨ ਵਾਲੇ ਦੰਗਿਆਂ ਦੇ ਕੇਸਾਂ ਵਿਚ ਪੀੜਤਾਂ ਨੂੰ ਨਿਆਂ ਦੀ ਆਸ ਬੱਝੀ ਹੈ।
ਸਿਰਸਾ ਨੇ ਕਿਹਾ ਕਿ ਅੱਜ ਤੱਕ ਇਹ ਕੇਸ ਵਾਰ ਵਾਰ ਹੱਲ ਨਹੀਂ ਕੀਤੇ ਜਾ ਸਕੇ ਸਨ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦੀ ਜੁੰਡਲੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੇ ਇਸ਼ਾਰੇ `ਤੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੀ ਮਦਦ ਕਰ ਰਹੀ ਸੀ। ਕੇਂਦਰ ਵਿਚ 10 ਸਾਲ ਤੱਕ ਯੂ.ਪੀ.ਏ ਦੀ ਸਰਕਾਰ ਰਹੀ ਤੇ ਇਹਨਾ ਵਰਿਆਂ ਵਿਚ ਸਰਨਾ ਤੇ ਉਹਨਾਂ ਦੀ ਟੀਮ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਪਣੇ ਰੁਤਬਿਆਂ ਦਾ ਨਿੱਘ ਮਾਣਿਆ।ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 33 ਸਾਲਾਂ ਦੇ ਲੰਬੇ ਅਰਸੇ ਮਗਰੋਂ ਜਦੋਂ ਸਰਨਾ ਨੇ ਇਹ ਕਬੂਲ ਲਿਆ ਕਿ ਉਹ ਸੱਜਣ ਕੁਮਾਰ ਦਾ ਸਨਮਾਨ ਕਰਦੇ ਰਹੇ ਹਨ, ਉਦੋਂ ਵੀ ਉਹਨਾਂ ਨੇ ਸਿੱਖਾਂ ਦੇ ਕਾਤਲਾਂ ਦੇ ਸਨਮਾਨ ਦੇ ਕਾਰਨਾਂ ਨੂੰ ਲੈ ਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਮੁੜ ਦੁਹਰਾਇਆ ਕਿ ਉਹ ਇਹਨਾਂ ਕੇਸਾਂ ਨੂੰ ਇਹਨਾਂ ਦੇ ਅੰਜਾਮ ਤੱਕ ਲਿਜਾਣ ਲਈ ਦ੍ਰਿੜ ਸੰਕਲਪ ਹਨ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਇਹ ਪਹਿਲੀ ਵਾਰ ਹੈ ਜਦੋਂ ਐਨ ਡੀ ਏ ਦੀ ਰਾਜ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਉਹਨਾਂ ਦੀਆਂ ਟੀਮਾਂ ਇਹਨਾਂ ਕਤਲ ਕੇਸਾਂ ਨੂੰ ਹੱਲ ਕਰਨ ਵਾਸਤੇ ਸੰਜੀਦਗੀ ਨਾਲ ਕੰਮ ਕਰ ਰਹੀਆਂ ਹਨ ਜੋ ਕਿ ਸਰਨਾ ਭਰਾਵਾਂ ਦੇ ਗਲਤ ਫੈਸਲਿਆਂ ਦੀ ਬਦੌਲਤ ਰਹੱਸ ਬਣ ਗਏ ਸਨ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਜਾਂਚ ਏਜੰਸੀਆਂ ਨੇ ਨਾ ਸਿਰਫ ਪੁਰਾਣੇ ਕੇਸ ਖੋਲੇ ਹਨ ਬਲਕਿ ਤਾਜ਼ਾ ਐਫ.ਆਈ.ਆਰ ਵੀ ਵਿਸ਼ਵ ਦੇ ਇਸ ਸਭ ਤੋਂ ਘਿਨੌਣੇ ਨਸਲਕੁਸ਼ੀ ਦੇ ਯਤਨਾਂ ਨੂੰ ਲੈ ਕੇ ਦਰਜ ਹੋ ਰਹੀਆਂ ਹਨ ਜਿਸ ਵਿਚ ਕਿਸੇ ਇਕ ਰਾਜਸੀ ਪਾਰਟੀ ਵੱਲੋਂ ਕਿਸੇ ਇਕ ਫਿਰਕੇ ਵਿਸ਼ੇਸ਼ ਨੂੰ ਖਤਮ ਕਰਨ ਵਾਸਤੇ ਸਿਰਤੋੜ ਯਤਨ ਕੀਤੇ ਗਏ।
ਸਿਰਸਾ ਨੇ ਕਿਹਾ ਕਿ ਦਿੱਲੀ ਦੀ ਸੰਗਤ ਤੇ ਦੁਨੀਆਂ ਭਰ ਵਿਚ ਬੈਠੇ ਸਿੱਖ ਬੜੀ ਸ਼ਿੱਦਤ ਨਾਲ ਉਸ ਦਿਨ ਦੀ ਉਡੀਕ ਕਰ ਰਹੇ ਹਨ ਤੇ ਹੁਣ ਸਮਾਂ ਵੀ ਆ ਗਿਆ ਹੈ ਜਦੋਂ ਕਾਂਗਰਸ ਦੇ ਇਹ ਦੋਵੇਂ ਆਗੂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦਿੱਲੀ ਤੇ ਕੇਂਦਰ ਵਿਚਲੀਆਂ ਕਾਂਗਰਸ ਸਰਕਾਰਾਂ ਦੀ ਸਰਪ੍ਰਸਤੀ ਹੇਠ ਚਿੱਟੇ ਦਿਨ ਵੇਲੇ ਕੀਤੇ ਇਸ ਘਿਨੌਣੇ ਅਪਰਾਧ ਵਿਚ ਆਪਣੀ ਸਿੱਧੀ ਸ਼ਮੂਲੀਅਤ ਬਦਲੇ ਜੇਲ ਜਾਣਗੇ।
Check Also
ਨਿਊ ਜਰਸੀ-ਇੰਡੀਆ ਕਮਿਸ਼ਨ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਜ ਅਮਰੀਕਾ ਤੋਂ ਨਿਊ ਜਰਸੀ-ਇੰਡੀਆ ਕਮਿਸ਼ਨ ਦੇ …