ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਗੱਪੀਆਂ ਦੇ ਸਰਦਾਰ ਦੇ ਤਖੱਲਸ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ‘ਤੇ ਝੂਠ ਬੋਲ ਕੇ ਚੋਣਾਂ ਜਿੱਤਣ ਦਾ ਦੋਸ਼ ਲਗਾਉਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ ਕੇ ਵੇਖੇ ਕਿ ਉਹਨਾਂ ਦੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਵਿੱਚੋ ਕੋਈ ਇੱਕ ਵਾਰੀ ਪੂਰਾ ਕੀਤਾ ਹੈ।
ਜਾਰੀ ਇੱਕ ਬਿਆਨ ਰਾਹੀ ਸਰਨਾ ਨੇ ਕਿਹਾ ਕਿ 2012 ਵਿੱਚ ਜਸਪਾਲ ਸਿੰਘ ਚੌੜ ਸਿਧਵਾਂ ਦੇ ਕਾਂਡ ਤੋ ਲੈ ਕੇ ਪਿਛਲੇ ਪੰਜ ਸਾਲਾਂ ਵਿੱਚ ਬਰਗਾੜੀ ਵਰਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਸਮੇਤ ਬਾਦਲ ਸਰਕਾਰ ਦੇ ਸਮੇਂ ਅਨੇਕਾਂ ਹੀ ਕਾਂਡ ਵਾਪਰੇ ਹਨ, ਜਿਹਨਾਂ ਬਾਰੇ ਸਿੱਧੇ ਰੂਪ ਵਿੱਚ ਸਰਕਾਰ ਦੋਸ਼ੀ ਹੈ ਕਿਉਕਿ ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਸਰਕਾਰ ਸਜ਼ਾ ਨਹੀ ਦਿਵਾ ਸਕੀ।ਉਹਨਾਂ ਕਿਹਾ ਕਿ ਬੇਰੁਜਗਾਰ 10 ਸਾਲ ਟੈਂਕੀਆਂ ‘ਤੇ ਚੜ ਕੇ ਮੁਜ਼ਾਹਰੇ ਕਰਦੇ ਰਹੇ ਤੇ ਪੰਜਾਬ ਦੀਆ ਕਈ ਧੀਆਂ ਵੀ ਸੰਘਰਸ਼ ਦੌਰਾਨ ਸ਼ਹਾਦਤ ਦਾ ਜਾਮ ਪੀ ਗਈਆ, ਪਰ ਸਰਕਾਰ ਨੇ ਰੁਜਗਾਰ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਨਹੀ ਕੀਤਾ। ਸਗੋ ਬਾਦਲ ਮਾਰਕਾ ਜਥੇਦਾਰਾਂ ਤੇ ਪੁਲੀਸ ਕੋਲੋ ਧੀਆਂ ਦੀਆਂ ਗੁੱਤਾ ਪੁਟਵਾ ਕੇ ਬੇਇੱਜਤੀ ਕੀਤੀ। ਅੱਜ ਸੁਖਬੀਰ ਸਿੰਘ ਬਾਦਲ ਇਹ ਕਹਿ ਰਿਹਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਚੋਣਾਂ ਜਿੱਤੀਆ ਹਨ, ਜਦ ਕਿ ਸੱਚਾਈ ਇਹ ਹੈ ਪੰਜਾਬ ਦੇ ਲੋਕਾਂ ਨੇ ਬਾਦਲ ਸਰਕਾਰ ਦੇ ਝੂਠ ਤੇ ਫਰੇਬ ਨੂੰ ਪਛਾਣਦਿਆ ਵੋਟਾਂ ਨਹੀ ਪਾਈਆ ਤੇ ਸੁਖਬੀਰ ਆਪਣੀਆਂ ਨਾਲਾਇਕੀਆਂ ਦਾ ਭਾਂਡਾ ਦੂਜਿਆ ‘ਤੇ ਭੰਨ ਕੇ ਬਰੀ ਹੋਣਾ ਚਾਹੁੰਦਾ ਹੈ।
ਉਹਨਾਂ ਕਿਹਾ ਕਿ ਸਿਰਫ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਹੀ ਸੱਚੇ ਨਹੀ ਹੋਇਆ ਜਾ ਸਕਦਾ, ਸਗੋ ਜਿਹੜੀ ਪੰਜਾਬ ਨੂੰ ਲੁੱਟਣ ਦੀ ਜੋ ਕੋਸ਼ਿਸ਼ ਬਾਦਲ ਸਰਕਾਰ ਨੇ ਕੀਤੀ ਹੈ, ਉਸ ਦਾ ਹਿਸਾਬ ਤਾਂ ਹਾਲੇ ਕੈਪਟਨ ਸਰਕਾਰ ਨੇ ਬਾਦਲਾਂ ਤੇ ਉਹਨਾਂ ਦੇ ਅਹਿਲਕਾਰਾਂ ਤੋਂ ਲੈਣਾ ਹੈ। ਉਹਨਾਂ ਕਿਹਾ ਕਿ 31 ਹਜ਼ਾਰ ਕਰੋੜ ਦਾ ਕੀਤਾ ਗਿਆ ਅਨਾਜ ਘੁਟਾਲਾ ਕੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕੀਤਾ ਹੈ? ਉਹਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਵਿੱਚ ਇੱਕ ਫੀਸਦੀ ਵੀ ਨੈਤਿਕਤਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਲੋਕਾਂ ਕੋਲੋ ਆਪਣੇ ਕਾਲ ਸਮੇਂ ਕੀਤੇ ਕੁਕਰਮਾਂ ਦੀ ਮੁਆਫੀ ਮੰਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਪੰਜਾਬ ਦੇ ਲੋਕਾਂ ਨੂੰ 10 ਸਾਲ ਗੁੰਮਰਾਹ ਕਰਨ ਦੀ ਮੁਆਫੀ ਮੰਗ ਕੇ ਸਿਆਸਤ ਤੋ ਸੰਨਿਆਸ ਲੈ ਲਵੇ।
ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਬਾਦਲ ਅਕਾਲੀ ਦਲ ਨੇ ਦਿੱਲੀ ਦੀਆਂ ਸੰਗਤਾਂ ਨੂੰ ਗੁੰਮਰਾਹ ਕਰਕੇ ਅਤੇ ਇੱਕ ਟੀ.ਵੀ ਚੈਨਲ ਰਾਹੀ ਕੂੜ ਪ੍ਰਚਾਰ ਕਰਕੇ ਜਿੱਤੀਆਂ ਹਨ। ਚੋਣਾਂ ਵਿੱਚ ਸਾਰੇ ਉਹ ਹੱਥਕੰਡੇ ਅਪਨਾਏ ਜਿਹੜੇ ਮਰਿਆਦਾ ਤੇ ਪਰੰਪਰਾਵਾਂ ਦੇ ਅਨੂਕੂਲ ਨਹੀ ਸਨ। ਉਹਨਾਂ ਕਿਹਾ ਕਿ ਦੂਜਿਆਂ ‘ਤੇ ਦੋਸ਼ ਮੜ੍ਹਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਉਹਨਾਂ ਨੇ ਜਿਹੜਾ 10 ਸਾਲ ਝੂਠ ਤੇ ਕੂੜ ਬੋਲ ਕੇ ਅਕਾਲੀ ਦਲ ਦੀਆ ਪਰੰਪਰਾਵਾਂ ਦੇ ਉਲਟ ਕਾਰਜ ਕੀਤੇ ਹਨ ਉਹਨਾਂ ਦੀ ਨਿਸ਼ਾਨਦੇਹੀ ਕਰੇ ਤੇ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋ ਦਿੱਤਾ ਗਿਆ ਫਤਵਾ ਸਿਰ ਮੱਥੇ ਪ੍ਰਵਾਨ ਕਰਕੇ ਆਪਣੀ ਹਾਰ ਨੂੰ ਸਵੀਕਾਰ ਕਰੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …