Monday, December 23, 2024

ਅਨਮੋਲ ਖਜ਼ਾਨਾ

               ਬਜ਼ੁੱਰਗ ਮੁਖਤਿਆਰ ਸਿਓਂ ਦਾ ਉਚਾ ਲੰਬਾ ਕੱਦ ਦਗ-ਦਗ ਕਰਦਾ ਗੋਰਾ ਨਸ਼ੋਅ ਚਿਹਰਾ, ਧੂਵਾਂ ਚਾਦਰਾ, ਕੱਢਵੀਂ ਤਿੱਲੇਦਾਰ ਜੁੱਤੀ ਤੇ ਪਟਿਆਲਾ ਸ਼ਾਹੀ ਪੱਗ, ਮੁੱਕਦੀ ਗੱਲ ਪੰਜ ਸੌ ਕਿੱਲੇ ਦਾ ਮਾਲਕ ਸਰਦਾਰ ਸੀ।ਪੁਰਾਣੇ ਜ਼ਮਾਨੇ ਦੀ ਹਵੇਲੀ, ਲਹਿਲਹਰਾਉਂਦੇ ਖੇਤ ਤੇ ਵੱਟਾਂ ਉਪਰ ਰੁੱਖਾਂ ਦੀ ਭਰਮਾਰ, ਰੁੱਖਾਂ ਉਪਰ ਚਹਿ-ਚਹਾਉਂਦੇ ਭਾਂਤ-ਭਾਂਤ ਦੇ ਪੰਛੀ ਤੇ ਉਹਨਾਂ ਦੇ ਆਲਣੇ ਇਸ ਤਰਾਂ ਪ੍ਰਤੀਤ ਹੁੰਦਾ ਸੀ ਜਿਵੇਂ ਕੁਦਰਤ ਨੇ ਸਾਰਾ ਸੁਹੱਪਣ ਇਥੇ ਹੀ ਵਿਛਾ ਦਿੱਤਾ ਹੋਵੇ।ਪੋਤਰਾ ਹੈਰੀ ਵਿਦੇਸ਼ੋ ਪੜਾਈ ਪੂਰੀ ਕਰਕੇ ਪਿੰਡ ਪਰਤਿਆ ਤੇ ਲੱਗਿਆ ਨਵੀਆਂ ਤਕਨੀਕਾਂ ਦੀਆਂ ਗੱਲਾਂ ਕਰਨ।ਸਾਰੀ ਜ਼ਮੀਨ ਉਪਰ ਫੈਕਟਰੀ ਤੇ ਬਿਜ਼ਨਸ ਵਾਧੂ ਪ੍ਰਫੂਲਿਤ ਹੋਵੇਗਾ, ਪਰ ਸਰਦਾਰ ਜੀ ਨੇ ਬਥੇਰਾ ਸਮਝਾਇਆ, ਅੜੀ ਪੁਗਾ ਕੇ ਹਟਿਆ ਪਤੰਦਰ ਆਪਣੀ।ਫੈਕਟਰੀ ਸ਼ੁਰੂ, ਕਮਾਈ ਸ਼ੁਰੂ ਪਰ ਚਾਰੇ ਪਾਸੇ ਦੀ ਹਰਿਆਲੀ ਅਲੋਪ।ਧੂੰਆਂ ਰੋਲ ਤੇ ਰਸਾਇਣਾਂ ਦੀ ਭਰਮਾਰ, ਪਾਣੀ ਪਾ ਦਿੱਤਾ ਪਿੰਡ ਵਾਲੀ ਕੱਸੀ ਵਿੱਚ ਵਿਚਾਰੇ ਪਿੰਡ ਵਾਲਿਆਂ ਵਾਸਤੇ ਜ਼ਹਿਰ।ਹਵੇਲੀ ਤੋਂ ਬੰਗਲਾ, ਗਰਮੀਆਂ ਵਿੱਚ ਠੰਡਾ ਤੇ ਸਰਦੀਆਂ ‘ਚ ਗਰਮ।ਹੁਣ ਨਾ ਸਵੇਰ ਚਿੜੀਆਂ ਦੀ ਚੀਂ-ਚੀਂ, ਨਾ ਕੋਇਲਾਂ ਦੀ ਕੂ-ਕੂ ਤੇ ਨਾ ਹੀ ਮਨ ਨੂੰ ਸਕੂਨ ਦਿੰਦੀ ਰੁਮਕਦੀ ਹਵਾ।ਚਾਰੇ ਪਾਸੇ ਮਸ਼ੀਨਾਂ ਦਾ ਖੜਾਕ।
ਮੁਖਤਿਆਰ ਸਿਓਂ ਦੀ ਅਚਾਨਕ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਗਈ।ਅਰਾਮ ਨਾ ਆਵੇ ਕਿਤੋਂ ਵੀ ਵੱਡੇ ਹਸਪਤਾਲ ਭਰਤੀ ਕਰਵਾਇਆ ਇਲਾਜ ਵਾਸਤੇ।ਡਾਕਟਰ ਨੇ ਵੱਡੀ ਬਿਮਾਰੀ ਦੱਸਿਆ ਤੇ ਨਾਲੇ ਫੇਫੜੇ ਵੀ ਖਤਮ। ਕਾਰਨ ਐ ਜ਼ਹਿਰੀਲੀ ਹਵਾ ਤੇ ਰਸਾਇਣ ਭਰਪੂਰ ਗੰਧਲਾ ਪਾਣੀ, ਡਾਕਟਰ ਨੇ ਕਿਹਾ।ਸਰਦਾਰ ਜੀ ਚੱਲ ਵਸੇ ਤੇ ਸੱਥਰ ਤੇ ਬੈਠਾ ਹੈਰੀ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ ਵੱਡੀ ਗਲਤੀ ਕਰ ਬੈਠਾ ਮਨਾ ਤੂੰ ਕੁਦਰਤ ਨਾਲ ਖਿਲਵਾੜ ਕਰਕੇ। ਕਿੱਥੋਂ ਲੱਭੇਂਗਾ ਅਨਮੋਲ ਖਜ਼ਾਨਾ ਬਜ਼ੁੱਰਗ ਹੁਣ ਪੈਸੇ ਦੀ ਦੌੜ ਵਿੱਚੋਂ।
Rminder Faridkotia

– ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿੳੂ,
ਨਿੳੂ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply