ਸਹਾਇਕ ਧੰਦੇ ਨਾਲ ਅਪਣਾ ਕੇ ਖੇਤੀ ਲਾਹੇਵੰਦ ਬਣਾਈਏ – ਅਮਰਦੀਪ ਸਿੰਘ ਚੀਮਾ
ਅੰਮ੍ਰਿਤਸਰ, 9 ਮਾਰਚ ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਾਰਚ ਮਹੀਨੇ ਦੌਰਾਨ ਲੱਗਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਖੇ ਲਾਇਆ ਗਿਆ।ਇਸ ਕਿਸਾਨ ਮੇਲੇ ਦਾ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਮਰਦੀਪ ਸਿੰਘ ਚੀਮਾ ਅਤੇ ਡਾ. ਪੁਸ਼ਪਿੰਦਰ ਸਿੰਘ ਔਲਖ, ਡਾਇਰੈਕਟਰ, ਬਾਗਬਾਨੀ ਵਿਭਾਗ, ਪੰਜਾਬ ਨੇ ਸਾਂਝੇ ਤੌਰ ਤੇ ਕੀਤਾ।
ਇਸ ਮੌਕੇ ਅਮਰਦੀਪ ਸਿੰਘ ਚੀਮਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਅੱਜ ਖੇਤੀ ਬਾਰੇ ਨਵੇਂ ਢੰਗ ਨਾਲ ਸੋਚਣ ਦੀ ਲੋੜ ਹੈ।ਇਹ ਮੇਲੇ ਤੁਹਾਡੇ ਤੱਕ ਨਵੇਂ ਗਿਆਨ ਨੂੰ ਲੈ ਕੇ ਆਉਂਦੇ ਹਨ।ਉਚੀ ਸੋਚ ਦੇ ਮਾਲਿਕ ਕਿਸਾਨ ਹੀ ਇਥੇ ਪਹੁੰਚਦੇ ਹਨ। ਉਨ੍ਹਾਂ ਕਿਸਾਨ ਵੀਰਾਂ ਨੂੰ ਬਾਗਬਾਨੀ, ਖੁੰਭਾਂ ਮੁਰਗੀ ਪਾਲਣ, ਖੇਤੀ ਪ੍ਰੋਸੈਸਿੰਗ ਵਰਗੇ ਕਿੱਤਿਆਂ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਪੀ.ਏ.ਯੂ ਦੇ ਵਿਗਿਆਨੀਆਂ ਅਤੇ ਕੇਂਦਰਾਂ ਨਾਲ ਜੁੜਨ ਤੇ ਵੀ ਜ਼ੋਰ ਦਿੱਤਾ।ਚੀਮਾ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਭੇਜਣ ਦੀ ਬਜਾਇ ਉਨ੍ਹਾਂ ਨੂੰ ਹੱਥੀਂ ਕਿਰਤ ਕਰਨ ਦੀ ਆਦਤ ਨਾਲ ਜੋੜਨ ਇਸੇ ਵਿਚ ਹੀ ਪੰਜਾਬ ਦੀ ਭਲਾਈ ਹੈ।ਗ਼ੈਰਜ਼ਰੂਰੀ ਮਸ਼ੀਨਰੀ ਖਰੀਦਣ ਦੀ ਬਜਾਇ ਜੇ ਕਿਸਾਨ ਛੋਟੀਆਂ ਪ੍ਰੋਸੈਸਿੰਗ ਦੀਆਂ ਮਸ਼ੀਨਾਂ ਖਰੀਦੇ ਤਾਂ ਉਹ ਚੰਗੇ ਭਵਿੱਖ ਵੱਲ ਤੁਰ ਸਕਦਾ ਹੈ।ਬਾਗਬਾਨੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਬਾਗਬਾਨੀ ਅਤੇ ਸਬਜ਼ੀਆਂ ਦੀਆਂ ਫਸਲਾਂ ਨੂੰ ਖੇਤੀ ਵਿਭਿੰਨਤਾ ਦਾ ਵੱਡਾ ਰਾਹ ਦੱਸਿਆ ਅਤੇ ਵਿਭਾਗ ਦੀਆਂ ਪ੍ਰਮੁੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ।
ਇਨ੍ਹਾਂ ਮੇਲਿਆਂ ਨੂੰ ਤਜ਼ਰਬੇ ਅਤੇ ਸਾਇੰਸ ਦਾ ਮੇਲ-ਜੋਲ ਦੱਸਦਿਆਂ ਪੀ.ਏ.ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਕਿਸਾਨ ਮੇਲੇ ਦੇ ਪਸਾਰ ਕਾਰਜ ਪੀ.ਏ.ਯੂ ਦਾ ਅਨਿੱਖੜਵਾਂ ਅੰਗ ਹਨ। ਇਹਨਾਂ ਰਾਹੀਂ ਯੂਨੀਵਰਸਿਟੀ ਆਪਣੀਆਂ ਖੇਤੀ-ਖੋਜਾਂ, ਵਿਕਸਤ ਤਕਨੀਕਾਂ ਅਤੇ ਖੇਤੀ-ਗਿਆਨ ਨੂੰ ਕਿਸਾਨਾਂ ਤੱਕ ਲੈ ਕੇ ਜਾਂਦੀ ਹੈ।ਉਨ੍ਹਾਂ ਕਿਹਾ ਕਿ ਖੇਤੀ ਮੁਨਾਫੇ ਦਾ ਧੰਦਾ ਬਣ ਸਕੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਖੇਤੀ ਲਾਗਤਾਂ ਦੇ ਖਰਚੇ ਘਟਾਈਏ ਅਤੇ ਇਨ੍ਹਾਂ ਦੀ ਵਰਤੋਂ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਕਰੀਏ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਤੀ ਵਿਭਿੰਨਤਾ, ਘਰੇਲੂ ਬਗੀਚੀ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਅੱਜ ਸਮੇਂ ਦੀ ਲੋੜ ਹੈ, ਇਸ ਲਈ ਸਾਨੂੰ ਆਪਣੇ ਖਾਣ ਲਈ ਸਬਜ਼ੀਆਂ ਅਤੇ ਦਾਲਾਂ ਦੀ ਪੈਦਾਵਾਰ ਜ਼ਰੂਰ ਕਰਨੀ ਚਾਹੀਦੀ ਹੈ।ਉਨ੍ਹਾਂ ਕਿਸਾਨਾਂ ਵੱਲੋਂ ਮਿਲਦੇ ਭਰਪੂਰ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਿਯੋਗ ਸਦਕਾ ਹੀ ਸਾਡੀ ਖੋਜ ਅੱਗੇ ਵੱਧਦੀ ਹੈ।
ਯੂਨੀਵਰਸਿਟੀ ਦੇ ਖੋਜ ਕਾਰਜਾਂ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਪੁਸ਼ਪਿੰਦਰਪਾਲ ਸਿੰਘ ਨੇ ਚਾਨਣਾ ਪਾਇਆ।ਉਹਨਾਂ ਪਿਛਲੇ ਦਿਨਾਂ ਵਿਚ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਝੋਨੇ, ਬਾਸਮਤੀ, ਸੱਠੀ ਮੂੰਗੀ, ਨਰਮਾ ਅਤੇ ਸਬਜ਼ੀਆਂ ਆਦਿ ਫਸਲਾਂ ਅਤੇ ਉਨਾਂ ਦੀ ਉਤਪਾਦਨ, ਸੁਰੱਖਿਆ ਤਕਨਾਲੋਜੀ ਅਤੇ ਕੀਟ/ਨਦੀਨ ਪ੍ਰਬੰਧ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ।
ਇਸ ਮੌਕੇ ਯੂਨੀਵਰਸਿਟੀ ਤੋਂ ਆਏ ਵੱਖ-ਵੱਖ ਵਿਸ਼ਾ ਮਾਹਰਾਂ ਨੇ ਖੇਤੀ ਸਮੱਸਿਆਵਾਂ ਅਤੇ ਖੇਤੀ ਕਾਰਜਾਂ ਦੇ ਸਹੀ ਤਰੀਕਿਆਂ ਬਾਰੇ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ।ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਮੌਕੇ ਤੇ ਦਿੱਤੇ ਗਏ।ਇਸ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਡਾ. ਡੀ. ਐਸ ਛੀਨਾ ਨੇ ਖੇਤੀਬਾੜੀ ਵਿਭਾਗ ਦੀਆਂ ਕਿਸਾਨ ਹਿਤੈਸ਼ੀ ਗਤੀਵਿਧੀਆਂ ਦੀ ਗੱਲ ਕਰਦਿਆਂ ਪਰਾਲੀ ਨੂੰ ਸੁਚੱਜੇ ਢੰਗ ਨਾਲ ਵਿਉਂਤਣਲਈ ਕੀਤੇ ਯਤਨਾਂ ਤੋਂ ਵੀ ਜਾਣੂ ਕਰਵਾਇਆ।ਇਸ ਮੌਕੇ ਮਹਿਮਾਨਾਂ ਨੇ ਕੇਂਦਰ ਵਿੱਚ ਲੱਗੀਆਂ ਹਾੜ੍ਹੀ ਦੀਆਂ ਫਸਲਾਂ ਦੇ ਪ੍ਰਦਰਸ਼ਨੀ ਪਲਾਟਾਂ ਅਤੇ ਵੱਖ-ਵੱਖ ਮਹਿਕਮਿਆਂ ਵਲੋਂ ਲਾਈਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ।
ਆਏ ਮਹਿਮਾਨਾਂ, ਕਿਸਾਨਾਂ ਅਤੇ ਪੱਤਰਕਾਰਾਂ ਨੂੰ ‘ਜੀ ਆਇਆਂ’ ਕਹਿੰਦਿਆਂ ਡਾ. ਦੀਦਾਰ ਸਿੰਘ ਭੱਟੀ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਇਨ੍ਹਾਂ ਮੇਲਿਆਂ ਨੂੰ ਸਿੱਖਣ ਸਿਖਾਉਣ ਦਾ ਦੋਪਾਸੀ ਜ਼ੱਰੀਆ ਦੱਸਿਆ। ਅੰਤ ਵਿੱਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿੱਲੋਂ ਨੇ ਕਹੇ।ਉਨ੍ਹਾਂ ਕਿਹਾ ਕਿ ਕਿਸਾਨ ਮੇਲੇ ਗਿਆਨ ਦੇ ਮੇਲੇ ਹਨ ਅਤੇ ਇਹ ਕਿਸਾਨ ਮੇਲੇ ਕਿਸਾਨ ਵੀਰਾਂ ਦੀ ਸ਼ਮੂਲੀਅਤ ਕਰਕੇ ਹੀ ਸਫ਼ਲ ਹੁੰਦੇ ਹਨ। ਉੇਹਨਾਂ ਕਿਸਾਨ ਵੀਰਾਂ ਨੂੰ ਕਿ੍ਰਸ਼ੀ ਵਿਗਿਆਨ ਕੇਂਦਰ ਤੋਂ ਸਹਾਇਕ ਕਿੱਤਿਆਂ ਸਬੰਧੀ ਸਿਖਲਾਈ ਪ੍ਰਾਪਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੇਰਿਆ।ਪੀਏਯੂ ਅਤੇ ਹੋਰ ਵੱਖੋ-ਵੱਖਰੇ ਖੇਤੀ ਅਦਾਰਿਆਂ ਵਲੋਂ ਲਗਾਏ ਗਏ ਲਗਭਗ 80 ਸਟਾਲਾਂ ਉਪਰ ਮੇਲੇ ਦੌਰਾਨ ਯੂਨੀਵਰਸਿਟੀ ਦੇ ਬੀਜ ਅਤੇ ਪ੍ਰਕਾਸ਼ਨਾਵਾਂ ਲਈ ਭਾਰੀ ਉਤਸ਼ਾਹ ਵੇਖਿਆ ਗਿਆ
ਮੇਲੇ ਦੌਰਾਨ ਮੁੱਖ ਮਹਿਮਾਨ ਵਲੋਂ ਅੱਠ ਕਿਸਾਨਾਂ ਅਤੇ ਇਕ ਕਿਸਾਨ ਬੀਬੀ ਨੂੰ ਸਨਮਾਨਿਤ ਵੀ ਕੀਤਾ ਗਿਆ।ਸਨਮਾਨ ਪ੍ਰਾਪਤ ਕਰਨ ਵਾਲੇ ਕਿਸਾਨਾਂ ਵਿੱਚ ਜਸਬੀਰ ਸਿੰਘ, ਮੱਖਣ ਸਿੰਘ, ਇੰਜ: ਜਸਵਿੰਦਰ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ ਮਾਕੋਵਾਲ, ਬਲਵਿੰਦਰ ਸਿੰਘ ਥੋਬਾ, ਹਰਪਿੰਦਰ ਸਿੰਘ, ਤਰਸੇਮ ਸਿੰਘ ਅਤੇ ਸ਼੍ਰੀਮਤੀ ਹਰਿੰਦਰ ਕੌਰ ਸ਼ਾਮਿਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …