Friday, September 20, 2024

ਸੁੰਦਰ ਦਿੱਖ ਪ੍ਰਦਾਨ ਕਰਨ ਵਾਲਾ ਵਾਟਰ ਵਰਕਸ ਪਾਰਕ ਜਲਦ ਹੋਵੇਗਾ ਮਾਨਸਾ ਵਾਸੀਆਂ ਦੇ ਸਪੁੱਰਦ

ਬੱਚਿਆਂ ਦੇ ਖੇਡਣ ਲਈ ਝੂਲਿਆਂ ਦਾ ਵਿਸ਼ੇਸ਼ ਪ੍ਰਬੰਧ
ਭੀਖੀ, 14 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਇੱਕ ਪਾਸੇ ਜਿਥੇ 3ਡੀ ਪ੍ਰੋਜੈਕਟ ਚਲਾ ਕੇ ਮਾਨਸਾ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ Mansaਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੱਬਾਂ ਭਾਰ ਹੈ, ਉਥੇ ਇਸ ਨੂੰ ਸੁੰਦਰ ਦਿੱਖ ਅਤੇ ਲੋਕਾਂ ਦਾ ਆਕਰਸ਼ਕ ਬਣਾਉਣ ਲਈ ਮਾਨਸਾ ਦੇ ਗਊਸ਼ਾਲਾ ਭਵਨ ਰੋਡ `ਤੇ 33 ਏਕੜ ਵਿੱਚ ਫੈਲੇ ਵਾਟਰ ਵਰਕਸ ਦੀ ਖਾਲੀ ਜਗ੍ਹਾ `ਤੇ ਪਾਰਕ ਅਤੇ ਖੇਡਾਂ ਦੇ ਜੋਨ ਬਣਾਉਣ ਦੀ ਉਸਾਰੀ ਦਾ ਕੰਮ ਜੰਗੀ ਪੱਧਰ `ਤੇ ਚੱਲ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੇ ਮੰਤਵ ਨਾਲ ਬਣਾਏ ਜਾ ਰਹੇ ਇਸ ਵਾਟਰ ਵਰਕਸ ਦੀ ਉਸਾਰੀ ਦਾ ਕੰਮ 90 ਫੀਸਦੀ ਤੱਕ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਮੁਕੰਮਲ ਰੂਪ ਵਿੱਚ ਤਿਆਰ ਕਰ ਕੇ ਜ਼ਿਲ੍ਹਾ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ।
 ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਵਾਟਰ ਵਰਕਸ ਵਿੱਚ ਇੱਕ ਮਨਮੋਹਕ ਪਾਰਕ ਦੀ ਉਸਾਰੀ ਕੀਤੀ ਜਾ ਰਹੀ ਹੈ।ਇਸ ਪਾਰਕ ਵਿੱਚ ਅੰਦਰ ਜਾਣ ਦਾ ਰਸਤਾ ਪਹਿਲਾਂ ਕੇਵਲ 8 ਫੁੱਟ ਹੀ ਸੀ, ਜਿਸ ਨੂੰ ਚੌੜਾ ਕਰਕੇ 20 ਫੁੱੱਟ ਕਰ ਦਿੱਤਾ ਗਿਆ ਹੈ।
 ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਪਾਰਕ ਵਿੱਚ ਫੁਹਾਰਿਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ।ਬੱਚਿਆਂ ਲਈ ਚਿਲਡਰਨ ਪਲੇ ਜ਼ੋਨ ਵੀ ਤਿਆਰ ਕੀਤਾ ਗਿਆ ਹੈ, ਜਿਥੇ ਕਿ ਵੱਖੋ-ਵੱਖਰੇ ਝੂਲੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਾਰਕ ਅੰਦਰ ਓਪਨ ਏਅਰ ਥਿਏਟਰ ਵੀ ਤਿਆਰ ਕੀਤਾ ਗਿਆ ਹੈ, ਜਿਥੇ ਨਾਟਕ, ਸਕਿੱਟ, ਗੀਤ ਜਾਂ ਕੋਈ ਹੋਰ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ।ਇਸ ਦੇ ਨਾਲ ਹੀ ਰੇਨ ਡਾਂਸ (ਬਰਸਾਤ ਨਾਚ) ਲਈ ਫੁਹਾਰੇ ਲਗਾਏ ਗਏ ਹਨ, ਜਿਥੇ ਮਿਉਜ਼ਿਕ ਸਿਸਟਮ ਨਾਲ ਫੁਹਾਰਿਆਂ ਵਿੱਚੋਂ ਬਰਸਾਤ ਵਾਂਗ ਨਿਕਲਦੀਆਂ ਬੂੰਦਾਂ ਦਾ ਨਜ਼ਾਰਾ ਲਿਆ ਜਾ ਸਕੇਗਾ।
           ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਰਕ ਵਿੱਚ ਖੇਡਾਂ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ।ਡੇਢ ਕਿਲੋਮੀਟਰ ਸਾਈਕਲਿੰਗ ਟਰੈਕ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਵੀਮਿੰਗ ਪੂਲ, ਬੈਡਮਿੰਟਨ, ਬਾਸਕਟਬਾਲ ਤੋਂ ਇਲਾਵਾ ਓਪਨ ਜਿਮ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਪਾਰਕ ਅੰਦਰ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਜਾਣਗੇ ਅਤੇ ਸੁਰੱਖਿਆ ਕਰਮੀ ਵੀ ਤਾਇਨਾਤ ਕੀਤੇ ਜਾਣਗੇ।ਇਕ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ, ਜਿਸ ਵਿੱਚ ਪ੍ਰਸ਼ਾਸ਼ਨ ਤੋਂ ਇਲਾਵਾ ਸ਼ਹਿਰ ਦੇ ਚੰਗੀ ਸੋਚ ਰੱਖਣ ਵਾਲੇ ਮੋਹਤਵਰ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।ਪਾਰਕ ਅੰਦਰ ਓਪਨ ਏਅਰ ਥਿਏਟਰ ਦੀ ਪਿਛਲੇ ਪਾਸੇ ਪੁਰਾਤਨ ਸਭਿਅਤਾ ਦੀ ਝਲਕ ਪੇਸ਼ ਕਰਦਾ ਘਰ ਬਣਾਇਆ ਗਿਆ ਹੈ, ਜੋ ਦਰਸਾਉਂਦਾ ਹੈ ਕਿ ਪ੍ਰਾਚੀਨ ਸਮੇਂ ਦੌਰਾਨ ਲੋਕ ਕਿਸ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਸਨ ਅਤੇ ਇਨ੍ਹਾਂ ਘਰਾਂ ਨੂੰ ਕਿਸ ਤਰ੍ਹਾਂ ਚਿਕਨੀ ਮਿੱਟੀ ਜਾਂ ਹੋਰ ਪਦਾਰਥਾਂ ਨਾਲ ਲੀਪ ਕੇ ਰੱਖਿਆ ਜਾਂਦਾ ਸੀ।ਇਸ ਤੋਂ ਇਲਾਵਾ ਸਵੇਰੇ ਸੈਰ ਕਰਨ ਵਾਲੇ ਵਿਅਕਤੀਆਂ ਲਈ ਮਿਊਜ਼ਿਕ ਸਿਸਟਮ ਦਾ ਵੀ ਪ੍ਰਬੰਧ ਹੈ, ਜਿਸ ਵਿੱਚ ਸੈਰ ਕਰਦੇ ਸਮੇਂ ਹਲਕੀ-ਹਲਕੀ ਆਵਾਜ਼ ਵਿੱਚ ਧਾਰਮਿਕ, ਸਭਿਆਚਾਰਕ ਗੀਤ ਜਾਂ ਹਲਕਾ ਸੰਗੀਤ ਚੱਲੇਗਾ, ਜੋ ਸੈਰ ਕਰਨ ਵਾਲਿਆਂ ਦੇ ਦਿਮਾਗ ਨੂੰ ਤਾਜ਼ਗੀ ਪ੍ਰਦਾਨ ਕਰੇਗਾ।
 ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੈ, ਜਿਥੇ ਫਲਦਾਰ ਅਤੇ ਫੁੱਲਦਾਰ ਪੌਦਿਆਂ ਦਾ ਸੁਹੱਪਣ ਦੇਖਦਿਆਂ ਹੀ ਬਣਦਾ ਹੈ।ਹਰਿਆਲੀ ਨੂੰ ਹੋਰ ਵਧਾਉਣ ਅਤੇ ਪਾਰਕ ਨੂੰ ਹੋਰ ਖ਼ੂਬਸੁਰਤ ਬਣਾਉਣ ਲਈ ਇਸ ਅੰਦਰ 3000 ਪੌਦੇ ਹੋਰ ਲਗਾਏ ਜਾਣਗੇ।ਇਥੇ ਯੋਗਾ ਅਤੇ ਮੈਡੀਟੇਸ਼ਨ ਕੀਤਾ ਜਾ ਸਕਦਾ ਹੈ।ਸੈਰ ਕਰਦੇ ਸਮੇਂ ਥੱਕ ਜਾਣ ਦੌਰਾਨ ਆਰਾਮ ਕਰਨ ਲਈ ਸੀਨੀਅਰ ਸਿਟੀਜ਼ਨਾਂ ਲਈ 2 ਝੌਪੜੀਆਂ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ ਹੇਠ ਮੇਜ਼ ਲਗਾਏ ਗਏ ਹਨ।ਪਾਰਕ ਵਿੱਚ ਸੋਲਰ ਪਾਵਰ ਪਲਾਂਟ ਵੀ ਲਗਾਇਆ ਗਿਆ ਹੈ ।
         ਉਨ੍ਹਾਂ ਦੱਸਿਆ ਕਿ ਪਾਰਕ ਵਿੱਚ `ਆਈ ਲਵ ਮਾਨਸਾ` ਦਾ ਇੱਕ ਲੋਗੋ ਵੀ ਲਗਾਇਆ ਗਿਆ ਹੈ।ਪਾਰਕ ਨੂੰ ਸਾਫ਼-ਸੁੱਥਰਾ ਰੱਖਣ ਲਈ ਪਾਰਕ ਵਿੱਚ ਫੈਂਸੀ ਡਸਟਬਿਨ ਵੀ ਜਗ੍ਹਾ-ਜਗ੍ਹਾ `ਤੇ ਰੱਖੇ ਗਏ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply