ਮਹਾਤਮਾ ਬੁੱਧ ਘਰ ਬਾਰ ਛੱਡ ਜਦੋਂ ਜੰਗਲਾਂ ਵਿੱਚ ਬੁੱਧਤਵ ਦੀ ਪ੍ਰਾਪਤੀ ਲਈ ਭਟਕ ਰਹੇ ਸਨ, ਤਾਂ ਸੱਚ ਅਤੇ ਗਿਆਨ ਦੀ ਪ੍ਰਾਪਤੀ ਨਾ ਹੁੰਦਿਆਂ ਦੇਖ ਉਨ੍ਹਾਂ ਦੀ ਹਿੰਮਤ ਟੁੱਟਣ ਲੱਗੀ।ਉਹ ਘਰ ਵਾਪਸੀ ਬਾਰੇ ਸੋਚਣ ਲੱਗੇ।ਪਰ ਉਸੇ ਸਮੇਂ ਓਹਨਾ ਨੂੰ ਇੱਕ ਗਿਲਹਿਰੀ ਨੇ ਮੁੜ ਬੁੱਧਤਵ ਦੀ ਖੋਜ ਵੱਲ ਮੋੜ ਦਿੱਤਾ।ਮਹਾਤਮਾ ਬੁੱਧ ਆਪਣੀ ਪਿਆਸ ਬੁਝਾਉਣ ਲਈ ਇੱਕ ਝਰਨੇ ਵੱਲ ਗਏ ਤਾਂ ਉਹਨਾਂ ਦੀ ਨਜ਼ਰ ਅਚਾਨਕ ਉਸ ਗਿਲਹਿਰੀ ਵੱਲ ਗਈ, ਜੋ ਆਪਣੀ ਪੂਛ ਨੂੰ ਵਾਰ-ਵਾਰ ਪਾਣੀ ਵਿੱਚ ਡਬੋ ਰਹੀ ਸੀ ਅਤੇ ਫੇਰ ਉਸ ਨੂੰ ਬਾਹਰ ਮਿੱਟੀ `ਤੇ ਝਟਕ ਰਹੀ ਸੀ।ਮਹਾਤਮਾ ਬੁੱਧ ਉਸ ਗਿਲਹਿਰੀ ਦੀ ਝਰਨੇ ਨੂੰ ਸੁਖਾਉਣ ਦੀ ਕੀਤੀ ਜਾ ਰਹੀ ਅਸੰਭਵ ਕੋਸ਼ਿਸ਼ ਤੋਂ ਬੜੇ ਪ੍ਰਭਾਵਿਤ ਹੋਏ।ਉਹ ਸੋਚਣ ਲੱਗੇ ਕਿ ਇਹ ਗਿਲਹਿਰੀ ਕਦੇ ਵੀ ਇਸ ਤਰ੍ਹਾਂ ਨਾਲ ਇਸ ਸਰੋਵਰ ਨੂੰ ਖਾਲੀ ਨਹੀਂ ਕਰ ਸਕਦੀ।ਪਰ ਓਹ ਆਪਣੀ ਕੋਸ਼ਿਸ਼ ਨੂੰ ਨਹੀਂ ਛੱਡ ਰਹੀ । ਆਪਣੇ ਹੌਸਲੇ ਨੂੰ ਬਣਾਈ ਰੱਖਣ ਅਤੇ ਸਦਾ ਕੋਸ਼ਿਸ਼ ਕਰਦੇ ਰਹਿਣ ਦੀ ਗਿਲਹਿਰੀ ਦੀ ਜ਼ਿਦ ਨੇ ਮਹਾਤਮਾ ਬੁੱਧ ਨੂੰ ਆਪਣੇ ਬੋਧਤਵ ਨੂੰ ਪ੍ਰਾਪਤ ਕਰਨ ਦੇ ਰਸਤੇ `ਤੇ ਮੁੜ ਹੋਰ ਦ੍ਰਿੜ ਕਰਕੇ ਲਿਆ ਖੜਾ ਕੀਤਾ।ਜਿਸ ਨੇ ਕੁੱਝ ਸਿੱਖਣਾ ਹੁੰਦਾ ਹੈ ਉਹ ਛੋਟੀ ਤੋਂ ਛੋਟੀ ਘਟਨਾ ਤੋਂ ਵੀ ਬਹੁਤ ਕੁੱਝ ਸਿੱਖ ਲੈਂਦਾ ਹੈ।
ਜ਼ਿੰਦਗੀ ਵਿੱਚ ਹੌਸਲਿਆਂ ਅਤੇ ਹਿੰਮਤ ਨਾਲ ਵਿਅਕਤੀ ਉਹ ਸਭ ਕੁੱਝ ਪ੍ਰਾਪਤ ਕਰ ਲੈਂਦਾ ਹੈ, ਜੋ ਉਹ ਕਰਨਾ ਚਾਹੁੰਦਾ ਹੈ।ਸਾਨੂੰ ਆਪਣੀ ਕੋਸ਼ਿਸ਼ ਕਦੇ ਨਹੀਂ ਛੱਡਣੀ ਚਾਹੀਦੀ , ਭਾਵੇਂ ਸਾਨੂੰ ਸਫਲਤਾ ਨਾ ਵੀ ਮਿਲੇ ਪਰ ਸਿੱਖਣ ਨੂੰ ਜ਼ਰੂਰ ਕੁੱਝ ਮਿਲੇਗਾ।
ਵਿਨੋਦ ਕੁਮਾਰ
ਮੋ – 96817 67475