ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ 1942 ਤੋਂ 45 ਰਹੇ ਵਿਦਿਆਰਥੀ – ਛੀਨਾ
ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਖੁਰਮਣੀਆਂ) – ਹਾਕੀ ਦੇ ਉਚ ਕੋਟੀ ਦੇ ਖਿਡਾਰੀ ਅਤੇ ਤਿੰਨ ਵਾਰ ਓਲੰਪਿਕ ਜੇਤੂ ਰਹੇ ਬਲਬੀਰ ਸਿੰਘ ਸੀਨੀਅਰ ਦੇ ਅੱਜ
ਮੋਹਾਲੀ ਵਿਖੇ ਅਕਾਲ ਚਲਾਣਾ ਕਰ ਜਾਣ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ, ਪਿ੍ਰੰਸੀਪਲਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।ਉਹ ਪਿਛਲੇ ਕੁੱਝ ਸਮੇਂ ਤੋਂ ਸਿਹਤਯਾਬ ਨਾ ਹੋਣ ਕਾਰਨ ਹਸਪਤਾਲ ’ਚ ਦਾਖਲ ਸਨ ਅਤੇ ਉਨ੍ਹਾਂ ਦੀ ਉਮਰ 95 ਸਾਲ ਸੀ।ਉਹ ਆਪਣੇ ਪਿੱਛੇ 3 ਪੁੱਤਰ ਅਤੇ ਇੱਕ ਪੁੱਤਰੀ ਤੋਂ ਇਲਾਵਾ ਪੋਤੇ ਪੋਤਰੀਆਂ ਤੇ ਦੋਹਤੇ ਦੋਹਤਰੀਆਂ ਨੂੰ ਰੋਂਦਿਆਂ ਵਿਲਕਦਿਆਂ ਹੋਇਆ ਛੱਡ ਗਏ।
ਹਾਕੀ ਉਲੰਪੀਅਨ ਬਲਬੀਰ ਸਿੰਘ ਖ਼ਾਲਸਾ ਕਾਲਜ ’ਚ ਸੰਨ 1942 ਤੋਂ 1945 ਤੱਕ ਬੀ.ਏ ਦੇ ਵਿਦਿਆਰਥੀ ਰਹੇ, ਹਾਕੀ ਦੀ ਮੁੱਢਲੀ ਸ਼ੁਰੂਆਤ ਕਾਲਜ ਦੇ ਖੇਡ ਮੈਦਾਨ ’ਚ ਕੀਤੀ। ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਸਭ ਤੋਂ ਵਧੇਰੇ ਐਵਾਰਡਾਂ ਨਾਲ ਸਨਮਾਨਿਤ ਐਥਲੀਟ ਸਨ, ਜਿਨ੍ਹਾਂ ਦੁਆਰਾ ਉਲੰਪਿਕਸ ’ਚ ਬਣਾਏ ਰਿਕਾਰਡ ਅਜੇ ਤੱਕ ਵੀ ਅਟੁੱਟ ਹਨ।ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ, ਕੋਚ ਅਤੇ ਮੈਨੇਜ਼ਰ ਵਜੋਂ ਵੀ ਉਨ੍ਹਾਂ ਦੀਆਂ ਮਹਾਨ ਉਪਲੱਬਧੀਆਂ ਸਦਕਾ ਉਨ੍ਹਾਂ ਨੂੰ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ ਗਿਆ ਸੀ।
ਛੀਨਾ ਨੇ ਕਿਹਾ ਕਿ ਬਲਬੀਰ ਸਿੰਘ ਨੇ 3 ਵਾਰ ਓਲੰਪਿਕ ’ਚ ਜਿੱਤ ਹਾਸਲ ਕਰਕੇ ਸੋਨੇ ਦੇ ਚੈਂਪੀਅਨ ਵਜੋਂ ਆਪਣਾ ਨਾਮ ਦਰਜਜ਼ ਕੀਤਾ ਜਿਨ੍ਹਾਂ ਨੇ ਲੰਡਨ (1948), ਹੇਲਸਿੰਕੀ (1952) (ਉਪ ਕਪਤਾਨ ਵਜੋਂ) ਅਤੇ ਮੈਲਬਰਨ (1956) (ਕਪਤਾਨ ਵਜੋਂ) ਓਲੰਪਿਕ ’ਚ ਭਾਰਤ ਦੀਆਂ ਜਿੱਤਾਂ ’ਚ ਮੁੱਖ ਭੂਮਿਕਾ ਨਿਭਾਈ ਸੀ। ਜਿਨ੍ਹਾਂ ਨੂੰ ਹਰੇਕ ਸਮੇਂ ਮਹਾਨ ਹਾਕੀ ਖਿਡਾਰੀਆਂ ’ਚੋਂ ‘ਇੱਕ’ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਹਮੇਸ਼ਾਂ ‘ਬਲਬੀਰ ਸਿੰਘ ਸੀਨੀਅਰ’ ਕਿਹਾ ਜਾਂਦਾ ਸੀ ਤਾਂ ਕਿ ਉਨ੍ਹਾਂ ਦੀ ਦੂਸਰੇ ਭਾਰਤੀ ਹਾਕੀ ਖਿਡਾਰੀਆਂ ਤੋਂ ਅਲੱਗ ਪਛਾਣ ਉਭਰ ਸਕੇ।
ਛੀਨਾ ਨੇ ਕਿਹਾ ਬਲਬੀਰ ਸਿੰਘ ਪਹਿਲੀ ਖੇਡ ਸ਼ਖਸੀਅਤ ਸਨ ਜਿਨ੍ਹਾਂ ਨੂੰ 1957 ’ਚ ਪਦਮ ਸ੍ਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ ਅਤੇ ਭਾਰਤ ਤਰਫ਼ੋਂ 1975 ’ਚ ਜਦੋਂ ਉਹ ਹਾਕੀ ਟੀਮ ਦੇ ਮੈਨੇਜ਼ਰ ਸਨ, ਨੇ ਪਹਿਲਾਂ ਵਰਲਡ ਕੱਪ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਸੀਨੀਅਰ ਦਾ ਸਿਰਜਿਆ ਉਲੰਪਿਕ ਇਤਿਹਾਸ ਜਿਸ ’ਚ ਉਨ੍ਹਾਂ ਨੇ ਇਕੱਲਿਆਂ ਹੀ 5 ਗੋਲ ਕਰਕੇ 1952 ਦੀਆਂ ਉਲੰਪਿਕ ਖੇਡਾਂ ’ਚ ਭਾਰਤ ਨੂੰ 6-1 ਫ਼ਰਕ ਨਾਲ ਜਿੱਤ ਦਿਵਾਈ ਸੀ, ਦਾ ਅਜੇ ਤੱਕ ਵੀ ਰਿਕਾਰਡ ਕਾਇਮ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਬਲਬੀਰ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਹ 2016 ’ਚ ਕਾਲਜ ਦੀ ਐਲਮੂਨੀ ਮੀਟ ’ਚ ਸ਼ਮੂਲੀਅਤ ਕਰਨ ਲਈ ਕੈਂਪਸ ਪਹੁੰਚੇ ਸਨ ਅਤੇ ਹਮੇਸ਼ਾਂ ਹੀ ਇਥੋਂ ਦੇ ਕਲਾਸ ਰੂਮ, ਹੋਸਟਲਾਂ ਅਤੇ ਖੇਡ ਮੈਦਾਨਾਂ ਨੂੰ ਉਹ ਯਾਦ ਕਰਦੇ ਸਨ।ਉਨ੍ਹਾਂ ਕਿਹਾ ਕਿ ਜਲਦ ਹੀ ਸਿੱਖ ਇਤਿਹਾਸ ਖੋਜ ਕੇਂਦਰ ਅਤੇ ਮਿਊਜ਼ੀਅਮ ’ਚ ਉਨ੍ਹਾਂ ਦੀ ਵਿਸ਼ਾਲ ਤਸਵੀਰ ਲਗਾਈ ਜਾਵੇਗੀ ਅਤੇ ਉਨ੍ਹਾਂ ਦੇ ਨਾਂਅ ’ਤੇ ਹਾਕੀ ਦਾ ਇਕ ਐਵਾਰਡ ਵੀ ਐਲਾਨਿਆ ਜਾਵੇਗਾ।
ਖ਼ਾਲਸਾ ਕਾਲਜ ਗਲੋਬਲ ਐਲੂਮਨੀ ਦੇ ਕਨਵੀਨਰ ਦਵਿੰਦਰ ਸਿੰਘ ਛੀਨਾ ਨੇ ਵੀ ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਉਨ੍ਹਾਂ ਨੂੰ ਦੇਸ਼ ਦਾ ਸਰਵਉਚ ਹਾਕੀ ਖਿਡਾਰੀ ਦੱਸਿਆ। ਉਨ੍ਹਾਂ ਨੂੰ ਖ਼ਾਲਸਾ ਕਾਲਜ ਮੈਨੇਜ਼ਮੈਂਟ ਵਲੋਂ ਉਨ੍ਹਾਂ ਦੀ ਤਸਵੀਰ ਲਗਾਉਣ ਅਤੇ ਉਨ੍ਹਾਂ ਦੇ ਨਾਂਅ ’ਤੇ ਹਾਕੀ ਦਾ ਵੱਡਾ ਟਾਈਟਲ ਐਲਾਨਣ ’ਤੇ ਮੈਨੇਜ਼ਮੈਂਟ ਦਾ ਧੰਨਵਾਦ ਵੀ ਕੀਤਾ।ਉਨ੍ਹਾਂ ਤੋਂ ਇਲਾਵਾ ਕਰਤਾਰ ਸਿੰਘ ਪਹਿਲਵਾਨ ਆਈ.ਪੀ.ਐਸ, ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ (ਆਈ.ਜੀ.ਪੀ), ਕੈਨੇਡੀਅਨ ਚੈਪਟਰ ਦੇ ਡਾਇਰੈਕਟਰ ਸੁੱਖ ਧਾਲੀਵਾਲ ਵਿਧਾਇਕ ਕੈਨੇਡਾ, ਮੀਡੀਆ ਕੋਆਰਡੀਨੇਟਰ ਹਰਪ੍ਰੀਤ ਸਿੰਘ ਭੱਟੀ, ਯੂਰਪੀਅਨ ਚੈਪਟਰ ਦੇ ਮੁੱਖੀ ਭੁਪਿੰਦਰ ਸਿੰਘ ਹੌਲੈਂਡ, ਯੂ.ਕੇ ਚੈਪਟਰ ਦੇ ਮੁੱਖੀ ਇੰਦਰ ਸਿੰਘ ਜੰਮੂ, ਕੈਲੀਫ਼ੋਰਨੀਆ ਚੈਪਟਰ ਦੇ ਮੁੱਖੀ ਦਲਜੀਤ ਸਿੰਘ ਸੰਧੂ ਨੇ ਵੀ ਦੁੱਖ ਪ੍ਰਗਟ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।