ਕਿਸੇ ਵੀ ਪ੍ਰਕਾਰ ਦੀ ਹਿੰਸਾ ਤੋਂ ਪੀੜਤ ਔਰਤਾਂ ਨੂੰ ਮਿਲੇਗੀ ਮੁਫ਼ਤ ਸਹਾਇਤਾ – ਗੁਲਬਹਾਰ ਤੂਰ
ਪਟਿਆਲਾ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜਿਲ੍ਹਾ ਪਟਿਆਲਾ ਵਿਖੇ ਔਰਤਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਲਈ ਸਥਾਪਤ ਕੀਤੇ ਗਏ ਸਖੀ ਵਨ ਸਟਾਪ ਸੈਂਟਰ ਦੀ ਨਵੀਂ ਇਮਾਰਤ ਇਥੇ ਸਰਕਾਰੀ ਮਾਤਾ ਕੌਸ਼ਲਿਆ ਹਸਪਤਾਲ ਵਿਖੇ ਬਣਾਉਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੂਰ ਨੇ ਦੱਸਿਆ ਕਿ ਪਹਿਲਾਂ ਇਹ ਸੈਂਟਰ ਆਰਜ਼ੀ ਤੌਰ `ਤੇ ਇਥੇ ਰੈਡ ਕਰਾਸ ਦੀ ਇਮਾਰਤ ਵਿਖੇ ਚੱਲ ਰਿਹਾ ਸੀ।
ਤੂਰ ਨੇ ਦੱਸਿਆ ਕਿ ਘਰੇਲੂ ਹਿੰਸਾ, ਐਸਿਡ ਅਟੈਕ ਜਾਂ ਕਿਸੇ ਵੀ ਪ੍ਰਕਾਰ ਦੀ ਹਿੰਸਾ ਤੋਂ ਪੀੜਤ ਔਰਤਾਂ ਨੂੰ ਇਕੋ ਛੱਤ ਹੇਠ ਮੁਫ਼ਤ ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਮਨੋਵਿਗਿਆਨਕ ਕਾਊਂਸਲਿੰਗ ਸਮੇਤ ਅਸਥਾਈ ਆਸਰਾ ਆਦਿ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਇਹ ਸੈਂਟਰ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦਾ ਮੁੱਖ ਮੰਤਵ ਪੀੜਤ ਔਰਤਾਂ ਨੂੰ ਆਪਣਾ ਕਾਨੂੰਨੀ ਹੱਕ / ਇਨਸਾਫ ਪ੍ਰਾਪਤ ਕਰਨ ਵਿਚ ਵਾਧੂ ਮੁਸ਼ਕਿਲਾਂ/ਔਕੜਾਂ ਤੋਂ ਬਚਾਉਣਾ ਹੈ।
ਗੁਲਬਹਾਰ ਸਿੰਘ ਤੂਰ ਨੇ ਦੱਸਿਆ ਕਿ ਇਸ ਸਖੀ ਵਨ ਸਟਾਪ ਸੈਂਟਰ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਉਣ ਦਾ ਕਾਰਜ ਸੀ.ਡੀ.ਪੀ.ਓ ਪਟਿਆਲਾ (ਅਰਬਨ) ਸ੍ਰੀਮਤੀ ਰੇਖਾ ਰਾਣੀ ਵਲੋਂ ਟੱਕ ਲਗਾ ਕੇ ਕਰਵਾਇਆ ਗਿਆ।ਇਮਾਰਤ ਦੀ ਉਸਾਰੀ ਲਗਭਗ 5 ਮਹੀਨੇ ਵਿਚ ਮੁਕੰਮਲ ਹੋ ਜਾਵੇਗੀ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਸ.ਐਲ ਗਰਗ ਅਤੇ ਮੈਡੀਕਲ ਸੁਪਰਡੈਂਟ ਡਾ. ਰੇਨੂੰ ਅਗਰਵਾਲ ਵੀ ਮੌਜੂਦ ਸਨ।