Saturday, September 21, 2024

ਪਿੰਡ ਢੀਂਡਸਾ ਦੇ ਜੰਮਪਲ ਬਾਕਸਰ ਸੋਨੂੰ ਨੇ ਆਸਟਰੇਲੀਆ ‘ਚ ਗੱਡੇੇ ਜਿੱਤ ਦੇ ਝੰਡੇ

ਲੌਂਗੋਵਾਲ, 16 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਢੀਂਡਸਾ ਦੇ ਜੰਮਪਲ ਗੁਰਜਸਵਿੰਦਰ ਸਿੰਘ ਸੋਨੂੰ ਨੇ ਬੀਤੇ ਦਿਨੀਂ ਆਸਟ੍ਰੇਲੀਆ

ਵਿਖੇ ਹੋਏ “ਲਾਕਡਾਊਨ ਲਾਈਟਸ ਅੱਪ” ਮੁੱਕੇਬਾਜ਼ੀ ਮੁਕਾਬਲੇ ਦੌਰਾਨ 81 ਕਿਲੋ ਭਾਰ ਵਰਗ ਵਿੱਚ ਵਿਸ਼ਵ ਦੇ ਟਾਪ 37ਵੇਂ ਬਾਕਸਰ ਟਾਮ ਵਾਂਗਸੋਮਨਕ ਨੂੰ ਚਿੱਤ ਕਰਕੇ ਆਸਟਰੇਲੀਆ ਦੀ ਧਰਤੀ ਤੇ ਜਿੱਤ ਦੇ ਝੰਡੇ ਚਲਾ ਕੇ ਭਾਰਤ ,ਪੰਜਾਬ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ।
               ਇਸ ਸਬੰਧੀ ਗੱਲਬਾਤ ਕਰਦਿਆਂ ਬਾਕਸਰ ਸੋਨੂੰ ਨੇ ਦੱਸਿਆ ਕਿ ਉਸ ਨੇ 13 ਕੁ ਸਾਲ ਦੀ ਉਮਰ `ਚ 1998 ਵਿੱਚ ਪਹਿਲੀ ਵਾਰ ਜ਼ਿਲ੍ਹਾ ਪੱਧਰੀ ਸਬ ਜੂਨੀਅਰ ਬਾਕਸਿੰਗ ਮੁਕਾਬਲਿਆਂ ਵਿੱਚ ਭਾਗ ਲਿਆ।ਉਸ ਤੋਂ ਬਾਅਦ ਲਗਾਤਾਰ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਮੁਕਾਬਲੇ ਲੜੇ।ਦੋ ਵਾਰ ਆਲ ਇੰਡੀਆ ਇੰਟਰਵਰਸਿਟੀ ਮੁਕਾਬਲਿਆਂ ਚ ਭਾਗ ਲੈ ਕੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ।2004 ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਜਰਮਨੀ ਵਿੱਚ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਇਸੇ ਦੌਰਾਨ 2007 ਵਿੱਚ ਪੰਜਾਬ ਪੁਲੀਸ ਵਿਭਾਗ ਵੱਲੋਂ ਖੇਡ ਕੋਟੇ ਵਿੱਚ ਸਿਪਾਹੀ ਭਰਤੀ ਕਰ ਲਿਆ ਗਿਆ।ਜਿਸ ਤੋਂ ਬਾਅਦ ਆਲ ਇੰਡੀਆ ਪੁਲਸ ਗੇਮਜ਼ ਖੇਡਦਿਆਂ ਜਿੱਤਾਂ ਹਾਸਲ ਕੀਤੀਆਂ।ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਆਖ਼ਰੀ ਮੁਕਾਬਲਾ 2011 ਵਿੱਚ ਬੰਬਈ ਦੇ ਸੁਪਰ ਕੱਪ (ਲੜਕੇ) ਵਿੱਚ ਬ੍ਰਾਊਨ ਮੈਡਲ ਜਿੱਤਿਆ ਸੀ।ਉਨ੍ਹਾਂ ਦੱਸਿਆ ਕਿ 2012 ਵਿੱਚ ਉਹ ਆਸਟਰੇਲੀਆ ਜਾ ਕੇ ਟੈਕਸੀ ਦੇ ਕਾਰੋਬਾਰ ਨਾਲ ਜੁੜ ਗਿਆ ਅਤੇ ਬਾਕਸਿੰਗ ਵੱਲ ਧਿਆਨ ਨਾ ਦੇ ਸਕਿਆ।
               ਉਨ੍ਹਾਂ ਦੱਸਿਆ ਕਿ 9 ਸਾਲ ਬਾਅਦ ਪਿਤਾ ਗੁਰਤੇਜ ਸਿੰਘ ਢੀਂਡਸਾ ਅਤੇ ਧਰਮ ਭਰਾ ਜੁਗਨਦੀਪ ਸਿੰਘ ਜਵਾਹਰਵਾਲਾ ਦੀ ਪ੍ਰੇਰਨਾ ਸਦਕਾ ਰਿੰਗ ਵਿੱਚ ਉੱਤਰਨ ਦੀ ਦੁਬਾਰਾ ਚਿਣਗ ਜਾਗੀ ਅਤੇ ਨਵੰਬਰ 2019 ਵਿੱਚ ਫੋਰਟੀਟਿਊਡ ਬਾਕਸਿੰਗ ਜਿੰਮ ਬ੍ਰਿਸਬੇਨ ਜੁਆਇੰਨ ਕਰ ਲਈ ਜਿਸ ਨੂੰ ਆਸਟਰੇਲੀਆ ਨੂੰ ਅਨੇਕਾਂ ਸੁਪਰਸਟਾਰ ਖਿਡਾਰੀ ਦੇਣ ਵਾਲੇ ਕੋਚ ਸਟੀਫ ਡਾਲਰ ਚਲਾ ਰਹੇ ਹਨ।ਇਸ ਸਮੇਂ ਉਸ ਦਾ ਭਾਰ 116 ਕਿਲੋ ਸੀ ਅਤੇ ਜਿਸ ਨੂੰ ਸਖਤ ਮਿਹਨਤ ਨਾਲ 35 ਕਿੱਲੋ ਘਟਾ ਕੇ 81 ਕਿਲੋ ‘ਤੇ ਲਿਆਂਦਾ।ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਆਸਟਰੇਲੀਆ ਵਿੱਚ ਹੋਏ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਉਨ੍ਹਾਂ ਟਾਮ ਵਾਂਗਸੋਮਨਕ ਨੂੰ ਹਰਾਇਆ ਹੈ।ਜੋ ਆਪਣੇ ਭਾਰ ਵਰਗ ਵਿੱਚ ਵਿਸ਼ਵ ਦੇ ਟਾਪ ਬਾਕਸਰਾਂ ਚੋਂ 37ਵੇਂ ਸਥਾਨ ਤੇ ਸੀ।ਉਨ੍ਹਾਂ ਕਿਹਾ ਕਿ ਆਸਟਰੇਲੀਆ ਦੇ ਟਾਪ ਬਾਕਸਰਾਂ ਦੀ ਕਤਾਰ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰਨਾ ਮੇਰਾ ਸੁਪਨਾ ਹੈ ਅਤੇ ਮੈਨੂੰ ਆਸ ਹੈ ਕਿ ਇਸ ਸਾਲ ਦੇ ਅਖੀਰ ਤੱਕ ਉਹ ਆਪਣੇ ਭਾਰ ਵਰਗ ਵਿੱਚ ਆਸਟਰੇਲੀਆ ਦੇ ਪੰਜ ਟਾਪ ਬਾਕਸਰਾਂ ਵਿੱਚ ਆਪਣਾ ਨਾਮ ਸ਼ਾਮਲ ਕਰਨ ਵਿੱਚ ਕਾਮਯਾਬ ਹੋਵੇਗਾ।ਸੋਨੂੰ ਢੀਂਡਸਾ ਵਲੋਂ ਪਿੰਡ ਦਾ ਨਾਮ ਦੁਨੀਆਂ ਵਿਚ ਰੌਸ਼ਨ ਕਰਨ ਤੇ ਸਰਪੰਚ ਨਿਰਭੈ ਸਿੰਘ ਢੀਂਡਸਾ ਨੇ ਵਧਾਈ ਦਿੱਤੀ ਅਤੇ ਹੋਰ ਬੁਲੰਦੀਆਂ ਛੂਹਣ ਦੀ ਕਾਮਨਾ ਕੀਤੀ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …