Saturday, September 21, 2024

ਰੇਲਾਂ ਨਾ ਚੱਲਣ ਕਰਕੇ ਤਿਉਹਾਰਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗਣ ਦੇ ਆਸਾਰ

ਫ਼ੌਜੀ ਜਵਾਨਾਂ, ਪ੍ਰਵਾਸੀ ਮਜ਼ਦੂਰਾਂ ਤੇ ਹੋਰਨਾਂ ਰਾਜਾਂ `ਚ ਨੌਕਰੀ ਵਾਲਿਆਂ ਲਈ ਬਣੀ ਮੁਸ਼ਕਲ

ਕਪੂਰਥਲਾ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਜਾਰੀ ਸੰਘਰਸ਼ ਅਤੇ ਕੇਂਦਰ ਵੱਲੋਂ ਪੰਜਾਬ ਵਿਚ ਰੇਲ ਗੱਡੀਆਂ ਚਲਾਉਣ ਦੀ ਬੇਯਕੀਨੀ ਵਾਲੀ ਸਥਿਤੀ ਹੁਣ ਤਿਉਹਾਰਾਂ ਦੀਆਂ ਖੁਸ਼ੀਆਂ ਆਪਣੇ ਪਰਿਵਾਰਾਂ ਵਿਚ ਮਨਾਉਣ ਦੀਆਂ ਸੱਧਰਾਂ ਦਿਲਾਂ ਵਿਚ ਸਜਾਈ ਬੈਠੇ ਲੋਕਾਂ `ਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ।
                  ਦੀਵਾਲੀ, ਛੱਠ ਪੂਜਾ ਅਤੇ ਹੋਰ ਤਿਉਹਾਰ ਆਪਣੇ ਪਰਿਵਾਰਾਂ ਨਾਲ ਮਨਾਉਣ ਦੇ ਚਾਅ ਨੂੰ ਇਸ ਵਾਰ ਰੇਲ ਗੱਡੀਆਂ ਨਾ ਚੱਲਣ ਕਾਰਨ ਗ੍ਰਹਿਣ ਲੱਗਣ ਦੇ ਆਸਾਰ ਬਣੇ ਹੋਏ ਹਨ।ਆਪਣੇ ਪਰਿਵਾਰਾਂ ਤੋਂ ਦੂਰ ਬੈਠੇ ਫ਼ੌਜੀ ਜਵਾਨਾਂ, ਪ੍ਰਵਾਸੀ ਮਜ਼ਦੂਰਾਂ ਅਤੇ ਦੂਰ-ਦੁਰੇਡੇ ਸੂਬਿਆਂ ਵਿਚ ਨੌਕਰੀ ਕਰਨ ਵਾਲਿਆਂ ਲਈ ਇਹ ਮੁਸ਼ਕਲ ਦੀ ਘੜੀ ਹੈ।
              ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਕਿਸਾਨ ਭਾਵੇਂ ਮਾਲ ਗੱਡੀਆਂ ਲਈ ਰੇਲਵੇ ਟਰੈਕ ਛੱਡਣ ਲਈ ਰਜ਼ਾਮੰਦ ਹੋ ਗਏ ਹਨ, ਪਰੰਤੂ ਉਨਾਂ ਵੱਲੋਂ ਯਾਤਰੀ ਗੱਡੀਆਂ ਨਾ ਚੱਲਣ ਦੇਣ ਦੇ ਐਲਾਨ ਕਾਰਨ ਸਥਿਤੀ ਜਿਉਂ ਦੀ ਤਿਉਂ ਬਣੀ ਰਹਿ ਸਕਦੀ ਹੈ।ਇਸ ਨਾਲ ਇਕੱਲਾ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਦੇ ਚਾਹਵਾਨ ਹੀ ਨਹੀਂ, ਸਗੋਂ ਪੰਜਾਬ ਤੋਂ ਆਪਣੇ ਸੂਬਿਆਂ ਨੂੰ ਜਾਣ ਦੇ ਚਾਹਵਾਨ ਵੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ।
                     ਜੰਮੂ-ਕਸ਼ਮੀਰ ਤੋਂ ਮੁਲਕ ਦੇ ਹੋਰਨਾਂ ਹਿੱਸਿਆਂ ਵਿਚ ਜਾਣ ਵਾਲੇ ਫ਼ੌਜੀ ਜਾਂ ਨੀਮ ਫ਼ੌਜੀ ਬਲਾਂ ਦੇ ਜਵਾਨ ਪੰਜਾਬ ਦੇ ਰੇਲਵੇ ਟਰੈਕਾਂ ਦੇ ਸੁੰਨੇ ਪਏ ਹੋਣ ਕਾਰਨ ਆਪਣੇ ਪਰਿਵਾਰਾਂ ਨਾਲ ਤਿਉਹਾਰਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਤੋਂ ਵਾਂਝੇ ਹੋਏ ਬੈਠੇ ਹਨ, ਕਿਉਂਕਿ ਇਸ ਲਈ ਇੱਕੋ-ਇੱਕ ਰੂਟ ਜੰਮੂ-ਪਠਾਨਕੋਟ ਹੀ ਹੈ।ਇਸ ਕਾਰਨ ਦੀਵਾਲੀ `ਤੇ ਘਰ ਆਉਣ ਦੇ ਚਾਹਵਾਨ ਕਈ ਫ਼ੌਜੀ ਜਵਾਨ ਇਰਾਦਾ ਬਦਲ ਚੁੱਕੇ ਹਨ।
                 ਇਸੇ ਤਰਾਂ ਝੋਨੇ ਦਾ ਸੀਜ਼ਨ ਖਤਮ ਹੋਣ ਉਪਰੰਤ ਦੀਵਾਲੀ ਅਤੇ ਛੱਠ ਪੂਜਾ ਆਪਣੇ ਪਰਿਵਾਰਾਂ ਨਾਲ ਮਨਾਉਣ ਦਾ ਮਨ ਬਣਾਈ ਬੈਠੇ ਪ੍ਰਵਾਸੀ ਮਜ਼ਦੂਰਾਂ ਦੇ ਚਾਅ ਵੀ ਧੁੰਦਲੇ ਪੈਂਦੇ ਨਜ਼ਰ ਆ ਰਹੇ ਹਨ, ਕਿਉਂਕਿ ਰੋਜ਼ੀ-ਰੋਟੀ ਖਾਤਰ ਪੰਜਾਬ ਰਹਿ ਰਹੇ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਸਾਲ ਬਾਅਦ ਦੀਵਾਲੀ ਅਤੇ ਛੱਠ ਪੂਜਾ ਦੇ ਤਿਉਹਾਰ ਹੀ ਆਪਣੇ ਪਰਿਵਾਰਾਂ ਵਿਚ ਪਿੰਡ ਜਾ ਕੇ ਮਨਾਉਂਦੇ ਹਨ।ਇਨਾਂ ਲੋਕਾਂ ਕੋਲ ਰੇਲ ਗੱਡੀਆਂ ਹੀ ਆਪਣੇ ਗ੍ਰਹਿ ਰਾਜਾਂ ਨੂੰ ਜਾਣ ਦਾ ਇੱਕੋ-ਇੱਕ ਜ਼ਰੀਆ ਹਨ।
ਇਸੇ ਤਰਾਂ ਦੂਰ-ਦੁਰੇਡੇ ਰਾਜਾਂ ਵਿਚ ਨੌਕਰੀ ਕਰ ਰਹੇ ਪੰਜਾਬ ਦੇ ਲੋਕਾਂ ਲਈ ਵੀ ਇਸ ਵੇਲੇ ਮੁਸ਼ਕਲ ਬਣੀ ਹੋਈ ਹੈ, ਕਿਉਂਕਿ ਕੋਵਿਡ ਕਾਰਨ ਪਹਿਲਾਂ ਹੀ ਆਰਥਿਕ ਤੌਰ `ਤੇ ਝੰਬੇ ਪਏ ਇਨਾਂ ਲੋਕਾਂ ਕੋਲ ਕਈ ਗੁਣਾ ਵਾਧੂ ਖ਼ਰਚ ਕਰ ਕੇ ਹੋਰਨਾਂ ਵਸੀਲਿਆਂ ਰਾਹੀਂ ਆਪਣੇ ਘਰ ਪਰਤਣਾ ਸੰਭਵ ਨਹੀਂ ਹੈ। ਇਹ ਸਾਰੇ ਲੋਕ ਰੇਲ ਗੱਡੀਆਂ ਤੁਰੰਤ ਜਾਣ ਦੀ ਮੰਗ ਕਰ ਰਹੇ ਹਨ, ਤਾਂ ਜੋ ਉਹ ਆਪਣੇ ਪਰਿਵਾਰਾਂ ਵਿਚ ਤਿਉਹਾਰਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕਰ ਸਕਣ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …