Monday, December 23, 2024

400 ਸਾਲਾ ਨਗਰ ਕੀਰਤਨ ਗੁਰਦੁਆਰਾ ਚਰਨਕੰਵਲ ਸਾਹਿਬ ਬੰਗਾ ਤੋਂ ਅੱਗੇ ਰਵਾਨਾ

ਅੰਮ੍ਰਿਤਸਰ, 24 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ 20 ਮਾਰਚ ਨੂੰ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਬੰਗਾ ਤੋਂ ਅਗਲੇ ਪੜਾਅ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਮਾਛੀਵਾੜਾ ਲਈ ਖ਼ਾਲਸਈ ਜਾਹੋ-ਜਲਾਲ ਨਾਲ ਰਵਾਨਾ ਹੋਇਆ।ਇਸ ਤੋਂ ਪਹਿਲਾਂ ਰਾਤ ਬੰਗਾ ਵਿਖੇ ਪੁੱਜਣ ’ਤੇ ਨਗਰ ਕੀਰਤਨ ਦਾ ਸੰਗਤ ਨੇ ਭਰਵਾਂ ਸਵਾਗਤ ਕੀਤਾ।
                 ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਬੰਗਾ ਤੋਂ ਅੱਗੇ ਰਵਾਨਗੀ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਮੈਂਬਰ ਸੁਖਦੇਵ ਸਿੰਘ ਭੌਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਨਿਵਾਜਿਆ।ਗੁਰੂ ਘਰ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।
                      ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਗੁਰਮੀਤ ਸਿੰਘ ਬੁੱਟਰ, ਇੰਚਾਰਜ਼ ਲਖਬੀਰ ਸਿੰਘ, ਵਧੀਕ ਮੈਨੇਜਰ ਬਲਦੇਵ ਸਿੰਘ ਖੈਰਾਬਾਦ, ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਬੰਗਾ ਦੇ ਮੈਨੇਜਰ ਗੁਰਨੈਬ ਸਿੰਘ, ਮੁੱਖ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।ਇਹ ਨਗਰ ਕੀਰਤਨ 24 ਮਾਰਚ ਨੂੰ ਚਰਨਕੰਵਲ ਸਾਹਿਬ ਪਾਤਸ਼ਾਹ ਦਸਵੀਂ ਮਾਛੀਵਾੜਾ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਲਈ ਰਵਾਨਾ ਹੋਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …