Monday, December 23, 2024

ਘਰੇਲੂ ਪੌਸ਼ਟਿਕ ਬਗੀਚੀ ਲਗਾਉਣ ਬਾਰੇ ਕਿਸਾਨ ਗੋਸ਼ਟੀ ਤੇ ਪ੍ਰਦਰਸ਼ਨੀ ਦਾ ਆਯੋਜਨ

ਸੰਗਰੂਰ, 15 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਪਿੰਡ ਬਿਗੜਵਾਲ ਵਿਖੇ ਘਰੇਲੂ ਪੌਸ਼ਟਿਕ ਬਗੀਚੀ ਲਗਾਉਣ ਬਾਰੇ ਕਿਸਾਨ ਗੋਸ਼ਟੀ ਅਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ 100 ਤੋਂ ਵੱਧ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਭਾਗ ਲਿਆ।ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਦੀਪ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਦੱਸਿਆ ਕਿ ਪਿੰਡ ਬਿਗੜਵਾਲ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ‘ਪੌਸ਼ਟਿਕ ਪਿੰਡ’ ਵਜੋਂ ਅਪਣਾਇਆ ਗਿਆ ਹੈ। ਇਸ ਸਕੀਮ ਤਹਿਤ ਇਸ ਪਿੰਡ ਦੇ ਪਰਿਵਾਰਾਂ ਦੀਆਂ ਖੁਰਾਕੀ ਲੋੜਾਂ ਅਤੇ ਬਿਨਾਂ ਜ਼਼ਹਿਰਾਂ ਤੇ ਰਸਾਇਨਕ ਖਾਦਾਂ ਤੋਂ ਤਿਆਰ ਸਬਜ਼ੀਆਂ ਦੀ ਲੋੜ ਪੂਰੀ ਕਰਨ ਲਈ ਇਸ ਮੌਸਮ ਵਿੱਚ ਪੌਸ਼ਟਿਕ ਬਗੀਚੀ ਦੀਆਂ ਪ੍ਰਦਰਸ਼ਨੀਆਂ ਲਗਵਾਈਆਂ ਜਾਣਗੀਆਂ।
ਆਉਣ ਵਾਲੇ ਹਾੜ੍ਹੀ ਦੇ ਮੌਸਮ ਦੌਰਾਨ ਕਣਕ ਦੀ ਕਿਸਮ ਪੀ.ਬੀ.ਡਬਲਿਊ 1 ਜਿੰਕ, ਜਿਸ ਦੇ ਦਾਣਿਆਂ ਵਿੱਚ ਜਿੰਕ ਦੀ ਮਾਤਰਾ ਵੱਧ ਹੁੰਦੀ ਹੈ, ਨੂੰ ਆਪਣੇ ਖੇਤਾਂ ਵਿੱਚ ਲਗਾਉਣ ਲਈ ਪ੍ਰੇਰਿਆ।ਉਹਨਾਂ ਨੇ ਦੱਸਿਆ ਕਿ ਗੋਭੀ ਸਰੋਂ ਦੀ ਕਿਸਮ ਜੀ.ਐਸ.ਸੀ 7 (ਕਨੋਲਾ ਕਿਸਮ) ਅਤੇ ਛੋਲਿਆਂ ਨੂੰ ਆਪਣੇ ਖੇਤਾਂ ਵਿੱਚ ਜਰੂਰ ਲਗਾਉਣ ਤਾਂ ਕਿ ਆਪਣੇ ਪਰਿਵਾਰਾਂ ਦੀ ਸਿਹਤ ਲਈ ਵਧੀਆ ਕੁਆਲਿਟੀ ਦਾ ਤੇਲ ਅਤੇ ਦਾਲਾਂ ਦੀ ਮੰਗ ਪੂਰੀ ਕਰ ਸਕਣ।
                   ਡਾ. ਰਵਿੰਦਰ ਕੌਰ ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਸਬਜ਼ੀਆਂ ਦੀ ਪੌਸ਼ਟਿਕ ਬਗੀਚੀ ਸਥਾਪਤ ਕਰਨ ਸਮੇਂ ਵੱਖ-ਵੱਖ ਸਬਜ਼ੀਆਂ ਲਈ ਕੀਤੀਆਂ ਗਈਆਂ ਸਿਫਾਰਿਸ਼ਾਂ ਜਿਵੇਂ ਕਿ ਸਬਜ਼ੀਆਂ ਦੀ ਕਿਸਮ, ਲਾਉਣ ਦਾ ਸਮਾਂ ਤੇ ਢੰਗ, ਮੁੱਢਲੀ ਦੇਖ-ਭਾਲ, ਸਿੰਚਾਈ ਆਦਿ ਬਾਰੇ ਜਾਣਕਾਰੀ ਦਿੱਤੀ ਤਾਂ ਕਿ ਬਗੀਚੀ ਤੋਂ ਸਾਰਾ ਸਾਲ ਭਰਪੂਰ ਮਾਤਰਾ ਵਿੱਚ ਸਬਜ਼ੀਆਂ ਪ੍ਰਾਪਤ ਕਰ ਸਕੀਏ।ਇਸ ਤੋਂ ਇਲਾਵਾ ਜੈਵਿਕ ਅਤੇ ਕੁਦਰਤੀ ਵਿਧੀ ਜਿਵੇਂ ਨਦੀਨਾਂ ਲਈ ਗੋਡੀ ਅਤੇ ਪਰਾਲੀ/ਪਲਾਸਟਿਕ ਆਦਿ ਦੀ ਵਰਤੋਂ, ਖੁਰਾਕ ਲਈ ਵਰਮੀ ਕੰਪੋਸਟ, ਰੂੜੀ, ਕੀੜ੍ਹਿਆਂ ਦੀ ਰੋਕਥਾਮ ਲਈ ਘਰ ਤਿਆਰ ਕੀਤੇ ਨਿੰਮ ਦੇ ਘੋਲ ਦੇ ਰਸਾਇਨਾਂ ਦੇ ਛਿੜਕਾਅ ਬਾਰੇ ਦੱਸਿਆ।
                   ਡਾ. ਸੁਨੀਲ ਕੁਮਾਰ ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ), ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ।ਨਵੀਂ ਮਸ਼ੀਨ ‘ਸਮਾਰਟ ਸੀਡਰ’ ਬਾਰੇ ਵੀ ਦੱਸਿਆ।ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਹਾਜ਼ਰ ਕਿਸਾਨਾਂ ਨੂੰ ਸਬਜ਼ੀਆਂ ਦੀਆਂ ਲਗਭਗ 125 ਕਿਟਾਂ ਦੀਆਂ ਪ੍ਰਦਰਸ਼ਨੀਆਂ ਵੀ ਦਿੱਤੀਆਂ ਗਈਆਂ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …