Friday, November 22, 2024

ਰਾਜਸਥਾਨ ਦੇ ਸਿਕਲੀਗਰ ਸਿੱਖ ਪਰਿਵਾਰਾਂ ਲਈ ਸ਼੍ਰੋਮਣੀ ਕਮੇਟੀ ਨੇ ਭੇਜਿਆ ਰਾਸ਼ਨ

ਸਿਕਲੀਗਰ ਪਰਿਵਾਰਾਂ ਦੀ ਭਲਾਈ ਲਈ ਸ਼੍ਰੋਮਣੀ ਕਮੇਟੀ ਲਗਾਤਾਰ ਯਤਨਸ਼ੀਲ – ਬੀਬੀ ਜਗੀਰ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜਸਥਾਨ ’ਚ ਵੱਸਦੇ 1830 ਲੋੜਵੰਦ ਸਿਕਲੀਗਰ ਸਿੱਖ ਪਰਿਵਾਰਾਂ ਦੀ ਮਦਦ ਲਈ ਅੱਜ ਵੱਡੀ ਮਾਤਰਾ ਵਿੱਚ ਰਾਸ਼ਨ ਰਵਾਨਾ ਕੀਤਾ ਗਿਆ।ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਤੋਂ ਭੇਜੇ ਗਏ ਰਾਸ਼ਨ ਦੀ ਰਵਾਨਗੀ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।ਰਾਸ਼ਨ ਵਾਲੇ 5 ਟਰੱਕਾਂ ਵਿਚ 457 ਕੁਇੰਟਲ ਕਣਕ, 183 ਕੁਇੰਟਲ ਚੌਲ ਅਤੇ 91 ਕੁਇੰਟਲ ਦਾਲਾਂ ਸ਼ਾਮਲ ਹਨ।ਇਸ ਤੋਂ ਇਲਾਵਾ 2 ਹਜ਼ਾਰ ਕੰਬਲ ਵੀ ਭੇਜੇ ਗਏ ਹਨ।
               ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਸਿੱਖ ਕੌਮ ਦਾ ਅਹਿਮ ਅੰਗ ਸਿਕਲੀਗਰ ਸਿੱਖ ਪਰਿਵਾਰਾਂ ਦੀ ਭਲਾਈ ਲਈ ਸ਼੍ਰੋਮਣੀ ਕਮੇਟੀ ਲਗਾਤਾਰ ਯਤਨਸ਼ੀਲ ਹੈ ਅਤੇ ਸਮੇਂ-ਸਮੇਂ ’ਤੇ ਇਨ੍ਹਾਂ ਦੀ ਭਲਾਈ ਲਈ ਕਾਰਜ਼ ਕੀਤੇ ਜਾ ਰਹੇ ਹਨ।ਵੱਖ-ਵੱਖ ਸੂਬਿਆਂ ਵਿੱਚ ਸਿਕਲੀਗਰ ਸਿੱਖ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਲਈ ਜਿਥੇ ਸਕੂਲ ਫ਼ੀਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਰਾਜਸਥਾਨ ਸਿਕਲੀਗਰ ਸਿੱਖ ਸਭਾ ਅਲਵਰ ਰਾਜਸਥਾਨ ਤੋਂ ਪੁੱਜੀ ਮੰਗ ਅਨੁਸਾਰ ਅੱਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਜਿਆ ਗਿਆ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਅਨੁਸਾਰ ਰਾਜਿਸਥਾਨ ਦੇ ਹਨੂੰਮਾਨਗੜ੍ਹ, ਤਹਿਲਵਾਡਾ, ਅਲਵਰ, ਖੈਰਥਲ, ਸ੍ਰੀ ਗੰਗਾਨਗਰ, ਮੁਸਾਨੀ, ਕਿਸ਼ਨਗੜ੍ਹ, ਭਰਤਪੁਰ, ਜੈਪੁਰ ਆਦਿ ਥਾਵਾਂ ’ਤੇ ਰਹਿ ਰਹੇ ਸਿਕਲੀਗਰ ਸਿੱਖ ਪਰਿਵਾਰਾਂ ਵਿਚ ਇਹ ਰਾਸ਼ਨ ਵੰਡਿਆ ਜਾਵੇਗਾ।ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਸਿਕਲੀਗਰ ਸਿੱਖਾਂ ਦੇ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕੀਤੀ ਜਾ ਰਹੀ ਹੈ।ਜਿਸ ਤਹਿਤ ਛੱਤੀਸਗੜ੍ਹ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ਵਿਚ ਪੜ੍ਹਦੇ ਬੱਚਿਆਂ ਲਈ ਫ਼ੀਸਾਂ ਭੇਜੀਆਂ ਜਾਂਦੀਆਂ ਹਨ।
                       ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਓ.ਐਸ.ਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …