ਰਾਜ ਪੱਧਰੀ ਸਮਾਗਮ ਵਿਚ ਸ਼ਾਮਿਲ ਹੋਣਗੀਆਂ ਦੇਸ਼ ਭਰ ਤੋਂ ਲੱਖਾਂ ਸੰਗਤਾਂ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) – ਸ਼ਹੀਦ ਭਾਈ ਜੀਵਨ ਸਿੰਘ ਜੋ ਹਿੰਦ ਦੀ ਚਾਦਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਚਾਂਦਨੀ ਚੌਕ ਤੋਂ ਆਏ ਸਨ, ਦੇ ਸ਼ਹੀਦੀ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ 20 ਦੰਸਬਰ ਨੂੰ ਬਿਸ਼ੰਭਰਪੁਰਾ, ਨੇੜੇ ਮਾਨਾਂਵਾਲਾ ਵਿਖੇ ਮਨਾਇਆ ਜਾਵੇਗਾ। ਉਕਤ ਜਾਣਕਾਰੀ ਦਿੰਦੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਾਡੀ ਅਗਲੀ ਪੀੜ੍ਹੀ ਤੱਕ ਯਾਦ ਰੱਖਣ ਦੇ ਮਕਸਦ ਨਾਲ ਇਹ ਪਹਿਲ ਕੀਤੀ ਜਾ ਰਹੀ ਹੈ।ਉਨਾਂ ਜ਼ਿਲ੍ਹਾ ਪੱਧਰ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਐਸ ਸੀ ਭਾਈਚਾਰੇ ਨੂੰ ਜਿਨਾਂ ਮਾਣ-ਸਤਿਕਾਰ ਸ. ਬਾਦਲ ਦੇ ਰਾਜ ਵਿਚ ਮਿਲਿਆ ਹੈ, ਉਨਾਂ ਕਦੇ ਕਿਸੇ ਸਰਕਾਰ ਵਿਚ ਨਹੀਂ ਮਿਲਿਆ। ਸ. ਰਣੀਕੇ ਨੇ ਕਿਹਾ ਕਿ ਐਸ. ਸੀ , ਬੀ. ਸੀ. ਭਾਈਚਾਰੇ ਦੇ ਲੋਕਾਂ ਲਈ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕਰਨ ਤੋਂ ਲੈ ਕੇ ਇਤਹਾਸਕ ਯਾਦਗਾਰਾਂ ਕਾਇਮ ਕਰਨ ਦਾ ਸੁਭਾਗ ਕੇਵਲ ਤੇ ਕੇਵਲ ਬਾਦਲ ਸਰਕਾਰ ਵੇਲੇ ਹੀ ਮਿਲਿਆ ਹੈ। ਉਨਾਂ ਦੱਸਿਆ ਕਿ ਸ਼ਹੀਦ ਭਾਈ ਜੀਵਨ ਸਿੰਘ ਤੋਂ ਇਲਾਵਾ ਬਾਬਾ ਮੋਤੀ ਰਾਮ ਮਹਿਰਾ, ਭਾਈ ਮਰਦਾਨਾ ਅਤੇ ਭਾਈ ਸੱਜਣ ਸਿੰਘ ਦੀਆਂ ਇਤਹਾਸਕ ਦਰਸ਼ਨੀ ਯਾਦਗਾਰਾਂ ਬਣ ਰਹੀਆਂ ਹਨ।ਉਨ੍ਹਾਂ ਕਿਹਾ ਕਿ ਦਲਿਤ ਸਮਾਜ ਸ੍ਰੋਮਣੀ ਅਕਾਲੀ ਦਲ ਦਾ ਅਨਿੱਖੜਵਾਂ ਅੰਗ ਹੈ ਅਤੇ ਇਸਦੀ ਮਜਬੂਤੀ ਸ੍ਰੋਮਣੀ ਅਕਾਲੀ ਦਲ ਦੀ ਮਜਬੂਤੀ ਹੈ। ਇਸ ਵਰਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ 240 ਸਾਲ, 10 ਗੁਰੂ ਸਾਹਿਬਾਨਾਂ ਦੇ ਸਮੇਂ ਪੰਥ ਦੀ ਮਹਾਨ ਸੇਵਾ ਕੀਤੀ ਹੈ ਅਤੇ ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਮੁੱਖ ਰੱਖ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਨੂੰ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦੇ ਕੇ ਨਿਵਾਜਿਆ ਸੀ ਅਤੇ ਅੱਜ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਵੱਲੋਂ ਦਲਿਤ ਪਰਿਵਾਰਾਂ ਨੂੰ ਜੋ ਮਾਨ ਬਖਸ਼ਿਆ ਹੈ, ਉਸ ਲਈ ਅਸੀਂ ਉਨ੍ਹਾਂ ਦੇ ਹਮੇਸ਼ਾ ਰਿਣੀ ਹਾਂ।
ਸ੍ਰੋਮਣੀ ਅਕਾਲੀ ਦਲ ਵੱਲੋਂ ਦਲਿਤ ਸਮਾਜ ਦੀ ਬਾਂਹ ਫੜਦਿਆਂ ਇਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ, ਸਿੱਖਿਆ ਦੇ ਪ੍ਰਸਾਰ, ਸਮਾਜਿਕ ਮਾਨ ਸਨਮਾਨ ਵਿਚ ਵਾਧੇ ਲਈ ਇਨਕਲਾਬੀ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਸ ਵਿਚ ਸ਼ਗਨ ਸਕੀਮ, ਸਕੂਲਾਂ ਵਿਚ ਪੜ੍ਹਦੀਆਂ ਬੱਚੀਆਂ ਨੂੰ ਵਜੀਫੇ, ਕਮਰਸ਼ੀਅਲ ਪਾਇਲਟ ਟਰੇਨਿੰਗ ਲਈ 25 ਲੱਖ ਰੁਪਏ ਦੀ ਗ੍ਰਾਂਟ, ਸਕੂਲਾਂ ਵਿਚ ਮੁਫਤ ਪਾਠ ਪੁਸਤਕਾਂ, ਪ੍ਰਾਈਮਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜਰੀ ਵਜੀਫਾ ਸਕੀਮ, ਪ੍ਰੀ-ਮੈਟ੍ਰਿਕ ਸਕੀਮ ਅਧੀਨ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ, 10+2 ਜਮਾਤ ਵਿਚ ਪੜ੍ਹਦੀਆਂ ਐੱਸ.ਸੀ. ਲੜਕੀਆਂ ਨੂੰ ਵਜੀਫੇ ਅਤੇ ਸਟੈਨੋਗ੍ਰਾਫੀ ਦੇ ਕੋਰਸਾਂ ਲਈ ਪ੍ਰਤੀ ਮਹੀਨਾ ਪ੍ਰਤੀ ਵਿਦਿਆਰਥੀ 750 ਰੁਪਏ ਵਜੀਫਾ ਅਤੇ ਅੰਮ੍ਰਿਤਸਰ, ਪਟਿਆਲਾ ਤੇ ਫਿਰੋਜਪੁਰ ਵਿਚ ਸਟੈਨੋ ਦੀਆਂ ਕਲਾਸਾਂ ਵਿਚ 25-25 ਫੀਸਦੀ ਸੀਟਾਂ ਦਾ ਰਾਖਵਾਂਕਰਨ ਅਤੇ ਵੱਖ-ਵੱਖ ਖੇਤਰ ਵਿਚ ਸਵੈ ਰੁਜ਼ਗਾਰ ਪ੍ਰਾਪਤ ਕਰਨ ਵਾਸਤੇ 2 ਤੋਂ 8 ਫੀਸਦੀ ਤੱਕ ਸਲਾਨਾ ਵਿਆਜ ਦਰ ‘ਤੇ ਕਰਜੇ ਮੁਹੱਈਆ ਕਰਵਾਏ ਜਾ ਰਹੇ ਹਨ।
ਸ. ਰਣੀਕੇ ਨੇ ਦੱਸਿਆ ਕਿ 20 ਦਸੰਬਰ ਨੂੰ ਹੋ ਰਹੇ ਰਾਜ ਪੱਧਰੀ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਲੱਖਾਂ ਦੀ ਗਿਣਤੀ ਵਿਚ ਸੰਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। 100 ਏਕੜ ਤੋਂ ਵੱਧ ਰਕਬਾ ਇਸ ਸਮਾਗਮ ਲਈ ਰੱਖਿਆ ਗਿਆ ਹੈ, ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਿਕਲ ਨਾ ਆਵੇ। ਉਨਾਂ ਕਿਹਾ ਕਿ ਇਹ ਸਮਾਗਮ ਸ਼ਹਿਰ ਤੋਂ ਬਾਹਰ ਕਰਨ ਦਾ ਮਕਸਦ ਵੀ ਇਹੀ ਹੈ ਕਿ ਸਮਾਗਮ ਵਿਚ ਆਉਣ ਵਾਲੀ ਸੰਗਤ ਨੂੰ ਕੋਈ ਮੁਸ਼ਿਕਲ ਨਾ ਆਵੇ ਅਤੇ ਨਾ ਹੀ ਸ਼ਹਿਰ ਦੀ ਆਵਾਜਾਈ ਸੰਗਤ ਦੇ ਆਉਣ ਨਾਲ ਪ੍ਰਭਾਵਿਤ ਹੋਵੇ। ਉਨਾਂ ਸਮਾਗਮ ਵਿਚ ਹਾਜ਼ਰ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਸਮਾਗਮ ਵਾਲੇ ਦਿਨ ਹਾਜ਼ਰੀ ਭਰਨ। ਅੱਜ ਦੀ ਇਸ ਮੀਟਿੰਗ ਨੂੰ ਵਿਧਾਇਕ ਮਨਜੀਤ ਸਿੰਘ ਮੰਨਾ, ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠੀਆ, ਅਮਰੀਕ ਸਿੰਘ ਵਰਪਾਲ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।