ਏਡਜ਼ ਕਾਰਨ ਮਰੇ ਟਰੱਕ ਡਰਾਈਵਰ ਦੇ ਬੱਚਿਆਂ ਨੂੰ ਡਾ. ਬਾਹੀਆ ਨੇ ਅਪਣਾਇਆ
ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਕੌਮਨ ਵੈਲਥ ਇੰਟੈਂਸਿਵ ਕੇਅਰ ਸੋਸਾਇਟੀ ਦੁਆਰਾ ਬਾਹੀਆ ਰਿਜ਼ੋਰਟ ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ ਇੱਕ ‘ਸਿਹਤ ਜਾਗਰੂਕਤਾ ਕੈਂਪ’ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਆਦੇਸ਼ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਡਾਕਟਰਜ਼ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਡਾ. ਜਗਜੀਤ ਸਿੰਘ ਬਾਹੀਆ ਨੇ ਏਡਜ਼ ਸਬੰਧੀ ਲੱਛਣਾਂ ਅਤੇ ਇਸਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਵਿਸ਼ਵ ਭਰ ਵਿੱਚ ਬੱਚੇ ਬੱਚੇ ਨੂੰ ਇਸ ਬਿਮਾਰੀ ਬਾਰੇ ਪਤਾ ਲੱਗ ਗਿਆ ਹੈ। ਇਸ ਬੀਮਾਰੀ ਦਾ ਇਲਾਜ਼ ਨਹੀਂ ਪਰ ਜਾਗਰੂਕਤਾ ਅਤੇ ਪ੍ਰਹੇਜ਼ ਨਾਲ ਬਹੁਤ ਸਾਰੀਆਂ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਵਿਸ਼ਵ ਭਰ ਵਿੱਚ ਹੋਏ ਏਡਜ਼ ਪ੍ਰਤੀ ਪ੍ਰਚਾਰ ਕਾਰਨ ਇਸਦੇ ਹੋਰ ਨਵੇਂ ਕੇਸ ਸਾਹਮਣੇ ਆਉਣ ਵਿੱਚ ਕਮੀ ਆਈ ਹੈ। ਉਨ੍ਹਾਂ ਇਸ ਮੌਕੇ ਇੱਕ ਵਿਲੱਖਣ ਪਹਿਲ ਕਰਦਿਆਂ ਐਲਾਨ ਕੀਤਾ ਕਿ ਉਸਦੇ ਜੱਦੀ ਪਿੰਡ ਲਹਿਰਾ ਮੁਹੱਬਤ ਵਿਖੇ ਇੱਕ ਟਰੱਕ ਡਰਾਈਵਰ ਦੀ ਏਡਜ਼ ਕਾਰਨ ਮੌਤ ਹੋ ਗਈ ਜਿਸ ਦੇ ਦੋ ਛੋਟੇ ਛੋਟੇ ਬੱਚੇ ਜਿਨ੍ਹਾਂ ਵਿੱਚ ਵੱਡਾ ਲੜਕਾ 11ਵੀਂ ਅਤੇ ਛੋਟੀ ਲੜਕੀ 9ਵੀਂ ਜਮਾਤ ਦੀ ਵਿੱਚ ਪੜ੍ਹਦੇ ਹਨ, ਬੇਸਹਾਰਾ ਹੋ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਬੱਚਿਆਂ ਦੇ ਪਾਲਣ ਪੋਸਣ, ਪੜ੍ਹਾਈ ਲਿਖਾਈ ਅਤੇ ਹੋਰ ਰਹਿਣ ਸਹਿਣ ਸਬੰਧੀ ਜੋ ਵੀ ਖਰਚ ਆਏਗਾ, ਉਹ ਸਾਰਾ ਉਨ੍ਹਾਂ ਦੁਆਰਾ ਸਹਿਣ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਅੱਜ ਕਲ੍ਹ ਲੋਕ ਅਜਿਹੇ ਬੱਚਿਆਂ ਨੂੰ ਆਪਣੇ ਰੱਖ ਲੈਂਦੇ ਹਨ ਤੇ ਬੰਧੂਆ ਮਜ਼ਦੂਰਾਂ ਵਾਂਗ ਕੰਮ ਲੈਂਦੇ ਹਨ, ਇਸ ਤਰ੍ਹਾਂ ਬਿੱਲਕੁੱਲ ਨਹੀਂ ਕੀਤਾ ਜਾਵੇਗਾ ਬਲਕਿ ਇਹ ਬੱਚੇ ਆਪਣੇ ਘਰ ਰਹਿ ਕੇ ਹੀ ਆਪਣੇ ਪਰਿਵਾਰ ਦੇ ਮਹੌਲ ਵਿੱਚ ਪਲਣਗੇ, ਉਨ੍ਹਾਂ ਦੁਆਰਾ ਨਜ਼ਰਸਾਨੀ ਅਤੇ ਖਰਚ ਕੀਤਾ ਜਾਵੇਗਾ। ਇਸ ਨੂੰ ਇੱਕ ਚੈਲੰਜ ਵਜੋਂ ਲੈਂਦਿਆਂ ਅਪੀਲ ਕੀਤੀ ਕਿ ਹਰ ਇੱਕ ਨਾਗਰਿਕ ਨੂੰ ਆਪਣੇ ਸਮਾਜ ਅੰਦਰ ਇੱਹੋ ਜਿਹੇ ਪੀੜਤਾਂ ਲਈ ਕੁੱਝ ਕਰਨ ਲਈ ਤੱਤਪਰ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਬੱਚੇ ਆਪਣੇ ਆਪ ਨੂੰ ਜੱਗ ਤੋਂ ਲਤਾੜੇ ਜਾਂ ਪਛਾੜੇ ਹੋਏ ਨਾ ਸਮਝਣ।
ਇਸ ਮੌਕੇ ਭਾਈ ਜਸਕਰਨ ਸਿੰਘ ਸਿਵੀਆਂ ਨੇ ਡਾ. ਬਾਹੀਆ ਦੇ ਇਸ ਉੱਦਮ ਦੀ ਜੋਰਦਾਰ ਸ਼ਲਾਘਾ ਕੀਤੀ। ਉਨ੍ਹਾਂ ਬੱਚਿਆਂ ਨੂੰ ਵੀ ਪ੍ਰੇਰਣਾ ਦਿੱਤੀ ਕਿ ਹੁਣ ਉਹ ਖਰਚੇ ਦੀ ਪ੍ਰਵਾਹ ਕੀਤੇ ਬਗੈਰ ਪਿੱਛੇ ਮੁੜ ਕੇ ਨਾ ਵੇਖਣ ਬਲਕਿ ਆਪਣੇ ਮਾਤਾ ਪਿਤਾ ਦੇ ਸੁਪਨੇ ਸਾਕਾਰ ਕਰਨ। ਅਜਿਹੇ ਬੱਚੇ ਹੋਰਨਾਂ ਬੱਚਿਆਂ ਲਈ ਮਿਸਾਲ ਬਣ ਜਾਂਦੇ ਹਨ ਕਿਉਂਕਿ ਇਹ ਬੱਚੇ ਅੱਜ ਆਪਣੇ ਮਨ ਅੰਦਰ ਜੋ ਚੈਲੰਜ ਧਾਰ ਲੈਣਗੇ, ਉਹ ਹੀ ਪਾ ਲੈਣਗੇ। ਇਸ ਮੌਕੇ ਅਵਤਾਰ ਸਿੰਘ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਵੀ ਡਾ: ਬਾਹੀਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਕਾਰਜਸੈਲੀ ਦੀ ਭਰਪੂਰ ਸ਼ਲਾਘਾਂ ਕਰਦਿਆ ਕਿ ਸਮਾਜ ਸੇਵੀਆਂ ਨੂੰ ਵੀ ਅਜਿਹੇ ਕਦਮ ਚੁੱਕ ਕੇ ਅਜਿਹੀਆਂ ਬੀਮਾਰੀਆਂ ਦੇ ਮਹੌਲ ਵਿੱਚ ਪਲ ਰਹੇ ਬੇਸਹਾਰਿਆਂ ਦਾ ਆਸਰਾ ਬਣ ਜਾਣਾ ਚਾਹਿੰਦਾ ਹੈ।