ਜੰਡਿਆਲਾ ਗੁਰੂ ਵਿਖੇ ਤਿਰੰਗਾ ਲਹਿਰਾ ਕੇ ਘਰ-ਘਰ ਤਿਰੰਗਾ ਮੁਹਿੰਮ ਦਾ ਕੀਤਾ ਆਗਾਜ਼
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ) – ਦੇਸ਼ ਦੀ ਆਜਾਦੀ ਦੀ ਲੜਾਈ ਵਿੱਚ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਡਾ ਹੈ ਅਤੇ ਪੰਜਾਬੀਆਂ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਦੀ ਆਜਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਪੰਜਾਬ ਨੇ ਅੱਜ ਬਲਾਕ ਵਿਕਾਸ ਦਫ਼ਤਰ ਜੰਡਿਆਲਾ ਗੁਰੂ ਵਿਖੇ ਤਿਰੰਗਾ ਲਹਿਰਾਉਣ ਸਮੇਂ ਕੀਤਾ।ਉਨਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨਾਗਰਿਕਾ ਦੇ ਆਰਥਿਕ ਆਜਾਦੀ ਲਈ ਕੰਮ ਕਰੇਗੀ।ਈ.ਟੀ.ਓ ਨੇ ਕਿਹਾ ਕਿ ਸਾਨੂੰ ਭਾਵੇਂ ਚੋਣਾਂ ਲੜਨ ਦੀ, ਵੋਟ ਪਾਉਣ ਦੀ ਆਦਿ ਰਾਜਨੀਤਿਕ ਆਜ਼ਾਦੀ ਤਾਂ ਪ੍ਰਾਪਤ ਹੋ ਚੁਕੀ ਹੈ, ਪਰ ਅੱਜ ਸਭ ਤੋਂ ਵੱਧ ਜ਼ਰੂਰਤ ਹੈ ਆਰਥਿਕ ਆਜ਼ਾਦੀ ਦੀ, ਜਿਸ ਵਿੱਚ ਅਣਪੜ੍ਹਤਾ, ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਅਤੇ ਭੁੱਖਮਰੀ ਨਾ ਹੋਵੋ।ਬਿਜਲੀ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਆਰਥਿਕ ਆਜਾਦੀ ਦੇਣ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ।ਉਨਾਂ ਕਿਹਾ ਕਿ ਭਾਵੇਂ ਉਹ ਲੋਕਾਂ ਨੂੰ ਮੁਫ਼ਤ ਬਿਜਲੀ, ਰਾਸ਼ਨ ਦੀ ਵੰਡ ਅਤੇ ਹੋਰ ਸਰਕਾਰੀ ਸਹੂਲਤਾਂ ਹਰੇਕ ਵਰਗ ਦੇ ਲੋਕਾਂ ਤੱਕ ਮੁਹੱਈਆਂ ਕਰਵਾਈਆਂ ਜਾਣਗੀਆਂ।
ਈ.ਟੀ.ਓ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਰਕਾਰ ਨੇ ਘਰ ਘਰ ਤਿਰੰਗਾ ਲਹਿਰਾਉਣ ਦੀ ਆਗਿਆ ਦਿੱਤੀ ਹੈ।ਜਿਸ ਅਧੀਨ 13 ਤੋਂ 15 ਅਗਸਤ ਤੱਕ ਹਰੇਕ ਨਾਗਰਿਕ ਆਪਣੇ ਘਰ ਤੇ ਤਿਰੰਗਾ ਲਹਿਰਾ ਸਕਦਾ ਹੈ।ਉਨਾਂ ਕਿਹਾ ਕਿ 15 ਅਗਸਤ ਨੂੰ ਸੂਰਜ ਛਿੱਪਣ ਤੋਂ ਬਾਅਦ ਤਿਰੰਗੇ ਨੂੰ ਸਨਮਾਨ ਪੂਰਵਕ ਢੰਗ ਨਾਲ ਉਤਾਰ ਕੇ ਆਪਣੇ ਘਰ ਵਿੱਚ ਸੰਭਾਲ ਕੇ ਰਖਣਾ ਹੈ।ਉਨਾਂ ਕਿਹਾ ਕਿ ਤਿਰੰਗੇ ਦੀ ਆਜ਼ਾਦੀ ਲਈ ਸਾਡੇ ਦੇਸ਼ ਦੇ ਸ਼ੂਰਵੀਰਾਂ ਨੇ ਕੁਰਬਾਨੀਆਂ ਦਿੱਤੀਆਂ ਹਨ।ਉਨਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰਾ ਦੇਸ਼ ਆਜ਼ਾਦੀ ਦੀ 75ਵੀਂ ਵਰੇਗੰਢ ਬੜੇ ਸ਼ਾਨੋ-ਸ਼ੋਕਤ ਨਾਲ ਮਨਾ ਰਿਹਾ ਹੈ।ਸਾਡੇ ਦੇਸ਼ ਭਗਤਾਂ ਨੇ ਹੱਸਦੇ ਹੱਸਦੇ ਫਾਂਸੀ ਦੇ ਫੰਦਿਆਂ ਨੂੰ ਚੁੰਮ ਕੇ ਸਾਨੂੰ ਇਹ ਆਜ਼ਾਦੀ ਦਿਵਾਈ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਆਜ਼ਾਦੀ ਨੂੰ ਬਰਕਰਾਰ ਰੱਖੀਏ।
ਇਸ ਮੌਕੇ ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਜੰਡਿਆਲਾ ਗੁਰੂ, ਮਲਕੀਤ ਸਿੰਘ ਡੀ.ਡੀ.ਪੀ.ਓ, ਕੁਲਦੀਪ ਸਿੰਘ ਡੀ.ਐਸ.ਪੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।