Thursday, January 2, 2025

ਪੰਜਾਬ ਪੁਲਿਸ ਵਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁੱਖ ਦੋਸ਼ੀ ਗ੍ਰਿਫਤਾਰ

10 ਕਿਲੋ ਹੈਰੋਇਨ ਅਤੇ ਹਾਈਟੈਕ ਡਰੋਨ ਬਰਾਮਦ

ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ `ਤੇ ਨਸ਼ਿਆਂ ਵਿਰੁੱਧ ਛੇੜੀ ਜੰਗ ਦੌਰਾਨ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਿਸ ਨੇ 10 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਹਾਈਟੈਕ ਡਰੋਨ ਸਮੇਤ ਇਸ ਨੈਟਵਰਕ ਦੇ ਦੋ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਨਸ਼ਾ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਫੜੇ ਗਏ ਤਸਕਰਾਂ ਦੀ ਪਛਾਣ ਦਲਬੀਰ ਅਤੇ ਜਗਦੀਸ਼ ਦੋਵੇਂ ਵਾਸੀ ਅੰਮ੍ਰਿਤਸਰ, ਘਰਿੰਡਾ ਵਜੋਂ ਹੋਈ ਹੈ ਜੋ ਪਿਛਲੇ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸਨ ਅਤੇ ਉਨ੍ਹਾਂ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ਼ ਨਹੀਂ ਹੈ।
ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਐਸ.ਐਸ.ਪੀ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਦੇ ਇਸ ਗਿਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ, ਜੋ ਕਿ ਡਰੋਨਾਂ ਦੀ ਮਦਦ ਨਾਲ ਸਰਹੱਦ ਪਾਰੋਂ ਨਸ਼ਾ ਮੰਗਵਾ ਕੇ ਇਸ ਦੀ ਹਰਿਆਣਾ, ਦਿੱਲੀ ਅਤੇ ਉਤਰ ਪ੍ਰਦੇਸ਼ ਵਿੱਚ ਤਸਕਰੀ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਦੋਵਾਂ ਤਸਕਰਾਂ ਤੋਂ ਬਰਾਮਦ ਕੀਤਾ ਗਿਆ ਅਮਰੀਕਾ ਦਾ ਆਧੁਨਿਕ ਡਰੋਨ ਡੀ.ਜੇ.ਆਈ ਸੀਰੀਜ਼ ਦਾ ਡਰੋਨ ਹੈ, ਜਿਸ ਦੀ ਕੀਮਤ 20 ਲੱਖ ਰੁਪਏ ਹੈ ਅਤੇ ਹਾਈ-ਟੈਕ ਵਿਸ਼ੇਸ਼ਤਾਵਾਂ ਜਿਵੇਂ ਲੰਬੇ ਸਮੇਂ ਤੱਕ ਚੱਲਣ ਵਾਲਾ ਬੈਟਰੀ ਬੈਕਅੱਪ ਅਤੇ ਇਨਫਰਾਰੈਡ ਆਧਾਰਿਤ ਨਾਈਟ ਵਿਜ਼ਨ ਕੈਮਰਾ ਜਿਹੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਅਜਿਹਾ ਪੰਜਵਾਂ ਡਰੋਨ ਬਰਾਮਦ ਹੋਇਆ ਹੈ।
ਐਸ.ਐਸ.ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਵੇਂ ਤਸਕਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਬਦਲਵੇਂ ਢੰਗ ਤਰੀਕੇ ਵਰਤ ਕੇ ਗ੍ਰਿਫ਼ਤਾਰੀ ਤੋਂ ਬਚ ਰਹੇ ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡੀਆਂ ਮੱਛੀਆਂ ਦਾ ਗੁਆਂਢੀ ਰਾਜਾਂ ਵਿੱਚ ਚੰਗੀ ਤਰ੍ਹਾਂ ਸਥਾਪਤ ਵੰਡ ਨੈਟਵਰਕ ਸੀ, ਜਿਸ ਦੀ ਪਛਾਣ ਕੀਤੀ ਗਈ।ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਹਰਿਆਣਾ ਅਤੇ ਦਿੱਲੀ ਵਿੱਚ 12 ਥਾਵਾਂ `ਤੇ ਛਾਪੇਮਾਰੀ ਕਰ ਰਹੀਆਂ ਹਨ।ਜਿਸ ਨਾਲ ਹੋਰ ਨਸ਼ਾ ਬਰਾਮਦ ਹੋਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਘਰਿੰਡਾ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 ਅਤੇ 23 ਅਧੀਨ ਐਫ.ਆਈ.ਆਰ ਨੰ 224 ਮਿਤੀ 25/12/2022 ਦਰਜ਼ ਹੈ।
ਜਿਕਰਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਿਛਲੇ 5 ਮਹੀਨਿਆਂ ‘ਚ 39 ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਦੂਜੀ ਸੁਰੱਖਿਆ ਪੰਕਤੀ ਦੇ ਨਾਲ ਸਖ਼ਤ ਚੌਕਸੀ ਅਤੇ ਬੀ.ਐਸ.ਐਫ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਦੇ ਨਤੀਜੇ ਵਜੋਂ ਇਹ ਵੱਡੀਆਂ ਬਰਾਮਦਗੀਆਂ ਹੋਈਆਂ ਹਨ।

ਇੱਕ ਮਹੀਨੇ ਵਿੱਚ ਪੰਜ ਡਰੋਨ ਬਰਾਮਦ

29 ਨਵੰਬਰ ਨੂੰ ਤਰਨਤਾਰਨ ਦੇ ਖੇਮਕਰਨ ਵਿੱਚ ਬਾਰਡਰ ਆਊਟ ਪੋਸਟ (ਬੀ.ਓ.ਪੀ) ਹਰਭਜਨ ਦੇ ਅਧਿਕਾਰ ਖੇਤਰ ਵਿੱਚ 6.68 ਕਿਲੋਗ੍ਰਾਮ ਹੈਰੋਇਨ ਦੇ 6 ਪੈਕੇਟਾਂ ਨਾਲ ਲੋਡਿਡ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ।
30 ਨਵੰਬਰ ਨੂੰ ਤਰਨ ਤਾਰਨ ਦੇ ਖਾਲੜਾ ਦੇ ਪਿੰਡ ਵਾਂ ਤਾਰਾ ਸਿੰਘ ਦੇ ਇਲਾਕੇ ਵਿਚੋਂ ਇੱਕ ਟੁੱਟਿਆ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ।
2 ਦਸੰਬਰ ਨੂੰ ਤਰਨ ਤਾਰਨ ਦੇ ਖੇਮਕਰਨ ਖੇਤਰ ਤੋਂ 5.60 ਕਿਲੋਗ੍ਰਾਮ ਹੈਰੋਇਨ ਦੇ 5 ਪੈਕੇਟਾਂ ਨਾਲ ਲੋਡਿਡ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ।

 

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …