Wednesday, February 19, 2025

ਕੇਂਦਰੀ ਵਿਦਿਆਲਿਆ ਸਲਾਈਟ ਵਿਖੇ ਖੇਡ ਦਿਵਸ ਦਾ ਆਯੋਜਨ

ਸੰਗਰੂਰ, 8 ਦਸੰਬਰ (ਜਗਸੀਰ ਲੌਂਗੋਵਾਲ) – “ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ” ਦੇ ਕਥਨ ਦੀ ਪੂਰਤੀ ਲਈ ਅੱਜ ਕੇਂਦਰੀ ਵਿਦਿਆਲਿਆ ਸਲਾਈਟ ਲੌਂਗੋਵਾਲ ਵਿਖੇ ‘ਖੇਡ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਖੇਡ ਮੁਕਾਬਲਿਆਂ ਦੇ ਉਦਘਾਟਨ ਦੌਰਾਨ ਮੁੱਖ ਮਹਿਮਾਨ ਸਲਾਈਟ ਦੇ ਪ੍ਰੋਫੈਸਰ ਅਜਾਤ ਸ਼ਤਰੂ ਅਰੋੜਾ, ਵਿਸ਼ੇਸ਼ ਮਹਿਮਾਨ ਰਜਿੰਦਰ ਸਿੰਘ ਸਨ ਅਤੇ ਹਰੀ ਹਰ ਯਾਦਵ ਪ੍ਰਿੰਸੀਪਲ ਕੇਂਦਰੀ ਵਿਦਿਆਲਿਆ ਲੌਂਗੋਵਾਲ ਨੇ ਸ਼ਮ੍ਹਾਂ ਰੌਸ਼ਨ ਕੀਤੀ।ਖੇਡ ਮੁਕਾਬਲਿਆਂ ਦੌਰਾਨ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਿਹਤਮੰਦ ਜੀਵਨ ਹੀ ਮਨੁੱਖੀ ਜੀਵਨ ਦੀ ਸਫ਼ਲਤਾ ਹੈ।ਸਿਹਤਮੰਦ ਰਹਿਣ ਲਈ ਮਨੁੱਖੀ ਜੀਵਨ ਵਿੱਚ ਸਰਗਰਮ ਹੋਣਾ ਬਹੁਤ ਜਰੂਰੀ ਹੈ।ਸਰਗਰਮਤਾ ਸਿਹਤਮੰਦ ਜੀਵਨ ਅਤੇ ਖੇਡਾਂ ਨਾਲ ਵਧੇਰੇ ਆਉਂਦੀ ਹੈ।ਖੇਡਾਂ ਰਾਹੀਂ ਸਿਰਫ਼ ਸਰੀਰਕ ਵਿਕਾਸ ਹੀ ਨਹੀਂ ਸਗੋਂ ਮਾਨਸਿਕ ਵਿਕਾਸ ਵੀ ਹੁੰਦਾ ਹੈ।ਖੇਡ ਮੁਕਾਬਲਿਆਂ ਵਿੱਚ ਹਾਊਸ ਵਾਈਜ਼ ਲੜਕੇ-ਲੜਕੀਆਂ ਲਈ 50 ਮੀਟਰ ਦੌੜ, 100 ਮੀਟਰ ਦੌੜ, 400 ਮੀਟਰ ਰਿਲੇਅ ਦੌੜ, ਲੰਬੀ ਛਾਲ, ਬੋਰੀ ਦੌੜ, 100 ਮੀਟਰ ਦੌੜ ਅਤੇ ਅਧਿਆਪਕਾਂ ਲਈ ਨਿੰਬੂ ਦੌੜ ਆਦਿ ਖੇਡਾਂ ਕਰਵਾਈਆਂ ਗਈਆਂ।ਮੁਕਾਬਲਿਆਂ ਵਿੱਚ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਯੋਗਤਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅੰਤ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਤੇ ਸਾਰੀਆਂ ਖੇਡਾਂ ਵਿੱਚ ਅੱਵਲ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੈਡਲਾਂ ਨਾਲ ਨਿਵਾਜ਼ਿਆ ਗਿਆ। ਪ੍ਰੋਗਰਾਮ ਦਾ ਸੰਚਾਲਨ ਸਕੂਲ ਦੇ ਸਰੀਰਕ ਅਧਿਆਪਕ ਕੇ ਜੀਤ ਸਿੰਘ ਨੇ ਕੀਤਾ।

Check Also

ਬਾਬਾ ਪਰਮਜੀਤ ਸਿੰਘ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ 1100/- ਰੁਪਏ ਸ਼ਗਨ ਦੇਣ ਦੀ ਸ਼ੁਰੂਆਤ

ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਨਸ਼ਾ ਮੁਕਤ ਚੇਤਨਾ ਸੰਘ ਦੇ ਜਿਲ੍ਹਾ ਕੋਆਰਡੀਨੇਟਰ ਅਤੇ ਕੁਦਰਤ …