ਖ਼ਾਲਸਾ ਕਾਲਜ ਵਿਖੇ ਸਾਹਿਤ ਉਤਸਵ ਅਤੇ ਪੁਸਤਕ-ਮੇਲ ਦਾ ਤੀਜਾ ਦਿਨ
ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਵਿਖੇ 1947 ਦੀ ਵੰਡ ਨੂੰ ਸਮਰਪਿਤ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦੇ ਤੀਜ਼ੇ ਦਿਨ ਵੱਖ-ਵੱਖ ਪੈਨਲ ਚਰਚਾ ਰਾਹੀਂ ਸੰਤਾਲੀ ਦੀ ਵੰਡ ਦੇ ਕਾਰਨ ਅਤੇ ਇਸ ਦੇ ਪ੍ਰਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਇਸ ਦਾ ਆਰੰਭ ਸੰਤਾਲੀ ਦੀ ਵੰਡ: ਸਾਹਿਤ, ਇਤਿਹਾਸ ਅਤੇ ਰਾਜਨੀਤੀ ਸਿਰਲੇਖ ਨਾਲ ਸ਼ੁਰੂ ਹੋਇਆ।ਇਸ ਸੈਸ਼ਨ ਦੇ ਸ਼ੁਰੂਆਤ ‘ਚ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਡਾ. ਹੀਰਾ ਸਿੰਘ ਦੁਆਰਾ ਆਏ ਹੋਏ ਵਿਦਵਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦਿੱਤੇ ਗਏ।ਪੈਨਲ ਦੇ ਸੰਯੋਜਕ ਸਾਂਵਲ ਧਾਮੀ ਨੇ ਆਪਣੀ ਵਿਚਾਰ ਚਰਚਾ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਕਹਾਣੀ ਵਿੱਚ ਨਾਰੀਵਾਦੀ ਚੇਤਨਾ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ਵਿਚ ਚੜ੍ਹਦੇ ਪੰਜਾਬ ਵਾਂਗ ਵਧੇਰੇ ਵਿਕਸਿਤ ਆਧਾਰ ਨਹੀਂ ਹਨ।
ਡਾ. ਕੁਲਜੀਤ ਸਿੰਘ ਜੰਜ਼ੂਆ ਨੇ ਕਿਹਾ ਕਿ ਉਨ੍ਹਾਂ ਦਾ ਸੰਤਾਲੀ ਦੀਆਂ ਘਟਨਾਵਾਂ ਨਾਲ ਗੂੜ੍ਹਾ ਰਿਸ਼ਤਾ ਹੈ, ਕਿਉਂਕਿ ਉਹ ਉਸ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਜੋ ਸੰਤਾਲੀ ਦੀ ਵੰਡ ਸਮੇਂ ਪ੍ਰਭਾਵਿਤ ਹੋਏ। ਜੋ ਉਨ੍ਹਾਂ ਦੇ ਪੁਰਖਿਆਂ ਨੇ ਸੰਤਾਪ ਹੰਢਾਇਆ, ਉਸ ਦੀ ਪੀੜ ਦਾ ਅਹਿਸਾਸ ਮੈਂ ਮਹਿਸੂਸ ਕਰ ਸਕਦੇ ਹਨ।
ਡਾ. ਪਰਮਜੀਤ ਸਿੰਘ ਮੀਸ਼ਾ ਨੇ ਕਿਹਾ ਕਿ ਆਜ਼ਾਦੀ ਦਾ ਉਦੇਸ਼ ਪੂਰਨ ਰੂਪ ‘ਚ ਸੁਤੰਤਰਤਾ ਸੀ, ਜਿਨ੍ਹਾਂ ਮਕਸਦਾਂ ਲਈ ਇਹ ਵਰਤਾਰਾ ਵਾਪਰਿਆ ਉਹ ਪੂਰੇ ਨਹੀਂ ਹੋ ਸਕੇ।ਆਜ਼ਾਦੀ ਦੀ ਭਾਵਨਾ ਨੇ ਇਕ ਨਵਾਂ ਰੂਪ ਅਖਤਿਆਰ ਕਰ ਲਿਆ।ਪੂਰਬੀ ਅਤੇ ਪੱਛਮੀ ਪੰਜਾਬ ਦੀ ਵੰਡ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੂਰਬੀ ਪੰਜਾਬੀ ਸਾਹਿਤ ਉਪਭਾਵੁਕਤਾ ਨਾਲ ਜੁੜਿਆ ਹੋਇਆ ਹੈ। ਵੰਡ ਦੀ ਮਾਰ ਦਾ ਅਹਿਸਾਸ ਪੱਛਮੀ ਪੰਜਾਬ ਨਾਲੋਂ ਪੂਰਬੀ ਪੰਜਾਬੀਆਂ ਵਿੱਚ ਬਹੁਤ ਜਿਆਦਾ ਹੈ।ਪੂਰਬੀ ਪੰਜਾਬ ਵਿੱਚ ਲਿਖੀ ਜਾ ਰਹੀ ਕਵਿਤਾ ਅਤੇ ਕਹਾਣੀ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਾ ਬਟਵਾਰਾ ਹੋਣ ਦੇ ਬਾਵਜ਼ੂਦ ਵੀ ਉਹ ਆਪਣੀਆਂ ਸਾਂਝਾਂ ਨੂੰ ਕਾਇਮ ਰੱਖਣਾ ਚਾਹੁੰਦੇ ਹਨ।
ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਵੰਡ ਸਮੇਂ ਪੰਜਾਬੀਆਂ ਨੂੰ ਪੁੱਛਿਆ ਵੀ ਨਹੀਂ ਗਿਆ, ਕਿਉਂਕਿ ਉਹਨਾਂ ਕੋਲ ਰਾਜਨੀਤਕ ਸ਼ਕਤੀ ਦੇ ਆਧਾਰ ਨਹੀਂ ਸਨ।ਪਾਕਿਸਤਾਨ ਦੇ ਅਰਥਚਾਰੇ ਨੂੰ ਚਲਾਉਣ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਹੈ।ਪੰਜਾਬ ਦੇ ਨਾਮਵਰ ਲੇਖਕਾਂ ਨੇ ਆਪਣੇ ਹੱਕਾਂ ਪ੍ਰਤੀ ਕਿਸੇ ਕਿਸਮ ਦੀ ਕੋਈ ਆਵਾਜ਼ ਨਹੀਂ ਉਠਾਈ।
ਡਾ. ਯੋਗਰਾਜ ਅੰਗਰਿਸ਼ ਨੇ ਕਿਹਾ ਕਿ ਪੰਜਾਬ ਦੀ ਵੰਡ ਨਾਲ ਅਸੀਂ ਭਾਵੁਕ ਪੱਧਰ ‘ਤੇ ਜੁੜੇ ਹੋਏ ਹਾਂ।ਵੰਡ ਸਬੰਧੀ ਲਿਖਤ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਵੰਡ ਦਾ ਆਧਾਰ ਧਾਰਮਿਕ ਸੰਪ੍ਰਦਾਇਕਤਾ ਨਹੀਂ ਸੀ।ਇਸ ਨਾਲ ਕੁੱਝ ਰਾਜਨੀਤਕ ਪਹਿਲੂ ਜੁੜੇ ਹੋਏ ਹਨ, ਜਿਨ੍ਹਾਂ ਨੂੰ ਵਿਚਾਰਨਾ ਜ਼ਰੂਰੀ ਹੈ।ਪੰਜਾਬੀ ਸਾਹਿਤ ਵਿੱਚ ਵੰਡ ਬਾਰੇ ਲੋਕ ਸਾਹਿਤ ਦੀ ਘਾਟ ਹੈ।ਪੰਜਾਬੀ ਕਹਾਣੀਆਂ ਵਿੱਚ ਵੰਡ ਨਾਲ ਹੋਈ ਪੀੜਾ ਦਾ ਅਹਿਸਾਸ ਇਕੋ ਜਿਹਾ ਹੈ।
ਪ੍ਰਸਿੱਧ ਵਿਦਵਾਨ ਅਤੇ ਇਤਿਹਾਸਕਾਰ ਡਾ. ਈਸ਼ਵਰ ਦਿਆਲ ਗੌੜ ਨੇ ਕਿਹਾ ਕਿ ਇਹ ਵੰਡ ਹੱਦਾਂ ਦੀ ਉਸਾਰੀ ਜਾਂ ਢਹਿ-ਢੇਰੀ ਨਾਲ ਸੰਬੰਧਿਤ ਹੈ? ਇਹ ਵਿਚਾਰਨ ਵਾਲਾ ਮਸਲਾ ਹੈ।ਵੰਡ ਵਿੱਚ ਵੰਨ-ਸੁਵੰਨਤਾ ‘ਚ ਬਿਖੜ ਜਾਣਾ ਮਨੁੱਖ ਦੀ ਆਪਣੀ ਪ੍ਰਵਿਰਤੀ ਸੀ, ਜਿਸ ਵਿਚੋਂ ਵੰਡ ਦਾ ਦੁਖਾਂਤ ਵਾਪਰਦਾ ਹੈ।ਵੰਡ ਨੂੰ ਧਰਮ ਨਾਲ ਜੋੜ ਕੇ ਪੇਸ਼ ਨਹੀਂ ਕੀਤਾ ਜਾ ਸਕਦਾ।
ਸੰਤਾਲੀ ਦੀ ਵੰਡ ਦੇ ਪੁਨਰ ਚਿੰਤਨ ਨਾਲ ਸਬੰਧਿਤ ਦੂਸਰੇ ਸੈਸ਼ਨ ਦਾ ਸੰਯੋਜਨ ਕਰਦਿਆਂ ਡਾ. ਪਰਮਜੀਤ ਸਿੰਘ ਢੀਂਗਰਾ ਨੇ ਕਿਹਾ ਕਿ ਸੰਤਾਲੀ ਦੀ ਵੰਡ ਨੂੰ ਦੇਸ਼ ਦੀ ਵੰਡ ਕਹਿਣਾ ਮੂਲੋਂ ਗਲਤ ਹੈ।ਇਹ ਇੱਕ ਰਾਜਨੀਤਕ ਵਰਤਾਰਾ ਸੀ।ਪੰਜਾਬੀ ਭਾਸ਼ਾ ਨਾਥਾਂ-ਜੋਗੀਆਂ ਦੁਆਰਾ ਅੱਗੇ ਵੱਧਦੀ ਹੋਈ ਸ਼ੇਖ ਫਰੀਦ ਜੀ ਦੀ ਬਾਣੀ ਦੁਆਰਾ ਵਿਕਸਿਤ ਹੁੰਦੀ ਹੈ। ਗੁਰਬਾਣੀ ਰਾਹੀਂ ਜਨ-ਸੰਚਾਰ ਦਾ ਸਾਧਨ ਬਣਦੀ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਕਿਹਾ ਕਿ ਇਸ ਵਿੱਚ ਕਿਸੇ ਕਿਸਮ ਦੀ ਧਾਰਮਿਕ ਜਾਂ ਸਮਾਜਿਕ ਵੰਡ ਦਾ ਆਧਾਰ ਨਹੀਂ ਹੈ।ਕਲਾਸੀਕਲ ਅਤੇ ਆਧੁਨਿਕ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਆਪਣਾ ਸੰਵਾਦ ਰਚਾਉਂਦੀ ਹੋਈ, ਗਲੋਬਲ ਪੱਧਰ ਦਾ ਰੂਪ ਧਾਰਨ ਕਰ ਚੁੱਕੀ ਹੈ।
ਇਸ ਉਪਰੰਤ ਡਾ. ਗੁਰਬੀਰ ਸਿੰਘ ਬਰਾੜ, ਡਾ. ਜਤਿੰਦਰ ਸਿੰਘ, ਦੀਪ ਜਗਦੀਪ ਸਿੰਘ, ਡਾ. ਪ੍ਰਵੀਨ ਕੁਮਾਰ ਆਦਿ ਨੇ ਸੰਤਾਲੀ ਦੀ ਵੰਡ ਨਾਲ ਸਬੰਧਿਤ ਪੰਜਾਬੀ ਭਾਸ਼ਾ, ਪੱਤਰਕਾਰੀ ਅਤੇ ਫਿਲਮਕਾਰੀ ਨਾਲ ਸੰਬੰਧਿਤ ਨੁਕਤਿਆਂ ਤੋਂ ਆਪਣੇ ਵਿਚਾਰ ਪੇਸ਼ ਕੀਤੇ।
ਪੁਸਤਕ ਮੇਲੇ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦੇ ਚੱਲਦਿਆਂ ਅਦਾਰਾ ਪ੍ਰਵਚਨ ਵੱਲੋਂ ਹਰ ਸਾਲ ਕਰਵਾਈ ਜਾਂਦੀ ਕਹਾਣੀ ਗੋਸ਼ਟੀ ਦਾ ਅੱਜ ਕਾਲਜ ਦੇ ਕਾਨਫ਼ੰਰਸ ਰੂਮ ਵਿੱਚ ਉਦਘਾਟਨ ਕੀਤਾ ਗਿਆ।ਇਸ ਦੀ ਪ੍ਰਧਾਨਗੀ ਡਾ. ਰਮਿੰਦਰ ਕੌਰ ਨੇ ਕੀਤੀ।ਮੁੱਖ ਮਹਿਮਾਨ ਵਜੋਂ ਜੱਸ ਮੰਡ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।ਇਸ ਗੋਸ਼ਟੀ ਵਿੱਚ ਪੰਜਾਬ ਦੇ ਪ੍ਰਸਿੱਧ ਕਹਾਣੀ ਚਿੰਤਕਾਂ ਅਤੇ ਕਹਾਣੀਕਾਰਾਂ ਨੇ ਹਿੱਸਾ ਲਿਆ।
ਬਾਅਦ ਦੁਪਹਿਰ ਸਮੇਂ ਗਾਇਕੀ ਅਤੇ ਲੋਕ ਗਾਇਕੀ ਪ੍ਰੋਗਰਾਮ ਦੇ ਚਲਦਿਆਂ ਅਜੈ ਔਲਖ, ਸੁਰਿੰਦਰ ਸਾਗਰ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਗਲੋਰੀ ਬਾਵਾ ਨੇ ਆਪਣੀ ਗਾਇਕੀ ਦੇ ਫਨ ਦਾ ਮੁਜ਼ਾਹਰਾ ਕੀਤਾ।ਸਮਾਗਮ ਦਾ ਸ਼ਿਖਰ ਲੋਕ ਨਾਚ ਭੰਗੜੇ ਨਾਲ ਹੋਇਆ।