Sunday, October 6, 2024

ਗੁਰੂ ਨਾਨਕ ਬਾਣੀ- ਆਧੁਨਿਕ ਚੁਣੌਤੀਆਂ ਤੇ ਸਮਾਧਾਨ’ ਰਾਸ਼ਟਰੀ ਸੈਮੀਨਾਰ ਅਯੋਜਿਤ

PPN1911201519

ਅੰਮ੍ਰਿਤਸਰ, 19 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ‘ਗੁਰੂ ਨਾਨਕ ਬਾਣੀ: ਆਧੁਨਿਕ ਚੁਣੌਤੀਆਂ ਤੇ ਸਮਾਧਾਨ’ ਵਿਸ਼ੇ ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸ਼ੁਰੂ ਹੋਇਆ। ਵਾਈਸ ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਸੈਮੀਨਾਰ ਦਾ ਉਦਘਾਟਨ ਕਰਦੇ ਕਿਹਾ ਕਿ ਵਰਤਮਾਨ ਸਮੱਸਿਆਵਾਂ ਦਾ ਹੱਲ ਹਿੰਸਕ ਪ੍ਰਤੀਕਿਰਿਆ ਨਹੀਂ ਬਲਕਿ ਸੰਵਾਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਗਿਆਨ ਦੀਆਂ ਉਪਲਬਧੀਆਂ ਦੀ ਸੁਯੋਗ ਤਰੀਕੇ ਨਾਲ ਵਰਤੋਂ; ਸਮਾਜਿਕ ਅਸਮਾਨਤਾ, ਅੰਧ-ਵਿਸ਼ਵਾਸ ਨੂੰ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਦੁਆਰਾ ਦੱਸੇ ਸਾਦਾ ਅਤੇ ਯਥਾਰਥ ਪੂਰਵਕ ਜੀਵਨ ਜੀਉਣ ਤੇ ਜੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ਨੂੰ ਵੀ ਧਿਆਨ ਵਿਚ ਲਿਆਂਦਾ ਕਿ ਅਕਾਦਮਿਕ ਪੱਧਰ ਤੇ ਯੂਨੀਵਰਸਿਟੀਆਂ ਵਿਚ ਚਲ ਰਹੇ ਸਿੱਖ ਅਧਿਐਨ ਨਾਲ ਸੰਬੰਧਿਤ ਵਿਭਾਗਾਂ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਤੇ ਸੰਦੇਸ਼ ਰਾਹੀਂ ਸਮਾਧਾਨ ਲਈ ਦਿਸ਼ਾ-ਨਿਰਦੇਸ਼ ਦੇਣ।
ਪ੍ਰੋ. ਸਰਬਜਿੰਦਰ ਸਿੰਘ, ਚੇਅਰਮੈਨ, ਭਾਈ ਗੁਰਦਾਸ ਚੇਅਰ, ਪੰਜਾਬੀ ਯੂਨੀਵਰਸਿਟੀ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਗਲੋਬਲੀਕਰਨ ਨੇ ਖੜੋਤ ਸਭਿਆਚਾਰ ਪੈਦਾ ਕਰ ਦਿਤਾ ਹੈ, ਜਿਸ ਕਰਕੇ ਭਾਵਨਾਤਮਕ ਸਾਂਝ ਖ਼ਤਮ ਹੋ ਰਹੀ ਹੈ। ਉਨ੍ਹਾਂ ਨੇ ਵਰਤਮਾਨ ਦੀਆਂ ਚੁਣੌਤੀਆਂ ਦੇ ਹਲ ਲਈ ਬਾਣੀ ਨੂੰ ਸਮਝਣ, ਪੁਨਰ-ਵਿਆਖਿਆ ਅਤੇ ਸੰਵਾਦ ਵਿਧੀ ਦੀ ਲੋੜ ਤੇ ਜੋਰ ਦਿੱਤਾ। ਵਰਤਮਾਨ ਸਮੇਂ ਗੁਰੂ ਨਾਨਕ ਬਾਣੀ ਦੀ ਸੇਧ ਵਿਚ ਰੰਗੇ ਹੋਏ ਮਨਾਂ ਨਾਲ ਵਿਵੇਕ ਸਹਿਤ ਸੰਵਾਦ ਰਚਾਉਣ ਦੀ ਅਪੀਲ ਕੀਤੀ।ਉਘੇ ਸਿੱਖ ਚਿੰਤਕ ਤੇ ਪੰਜਾਬੀ ਯੂਨੀਵਰਸਿਟੀ ਦੇ ਐਮਰੀਟਸ ਪ੍ਰੋਫ਼ੈਸਰ ਰਤਨ ਸਿੰਘ ਜੱਗੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਗੁਰੂ ਸਾਹਿਬ ਦੀ ਬਾਣੀ ਨੂੁੰ ਸਮਝਣ, ਸ਼ੁਭ ਕਰਮਾਂ ਅਤੇ ਸੰਵਾਦ ਵਿਧੀ ਦੁਆਰਾ ਚੁਣੌਤੀਆਂ ਦੇ ਸਮਾਧਾਨ ਬਾਰੇ ਅਜੋਕੇ ਯੁਗ ਦੀ ਲੋੜ ਵਲ ਧਿਆਨ ਦਿਵਾਇਆ। ਉਨ੍ਹਾਂ ਅਨੁਸਾਰ ਗੁਰੂ ਸਾਹਿਬ ਦੇ ਮੁਖ ਉਪਦੇਸ਼ ਅਨੁਸਾਰ ਸੱਚਾ ਇਨਸਾਨ ਬਣਨ ਦੀ ਲੋੜ ਹੈ।  ਵੱਖ-ਵੱਖ ਯੂਨੀਵਰਸਿਟੀਆਂ ਅਤੇ ਅਦਾਰਿਆਂ ਤੋਂ ਸਿੱਖ ਅਧਿਐਨ ਨਾਲ ਜੁੜੇ 35 ਦੇ ਕਰੀਬ ਵਿਦਵਾਨਾਂ ਦੇ ਪੇਪਰ ਪ੍ਰਸਤੁਤ ਕਰਨ ਲਈ ਪ੍ਰਾਪਤ ਹੋਏ। ਵਿਭਾਗ ਦੇ ਮੁਖੀ ਪ੍ਰੋ. ਸ਼ਸ਼ੀ ਬਾਲਾ ਨੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਸੈਮੀਨਾਰ ਨੂੰ ਆਯੋਜਿਤ ਕਰਨ ਦੇ ਮੰਤਵ ਬਾਰੇ ਦੱਸਿਆ। ਇਸ ਮੌਕੇ ਤੇ ਸੈਮੀਨਾਰ ਵਿਚ ਸ਼ਾਮਲ ਹੋਏ ਪੇਪਰਾਂ ਦੀ ਪ੍ਰੋਸੀਡਿੰਗ ਰੀਲੀਜ਼ ਕੀਤੀ ਗਈ। ਡਾ. ਮਨਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply