ਨਿਰਮਲ ਸਿੰਘ ਨੋੋਕਵਾਲ
ਆਸਟ੍ਰੇਲੀਆ
“ਨੋਕਵਾਲ ਜੀ ਅਹੁ ਹੈ ਉਹ ਪਿੰਡ ਬੜੀ ਦਾ ਮੁੰਡਾ ਜੀਹਦੇ ਬਾਰੇ ਮੈਂ ਤੁਹਾਨੂੰ ਕਹਿ ਰਿਹਾ ਸੀ।” ਗਿਆਨੀ ਸੰਤੋਖ ਸਿੰਘ ਜੀ ਨੇ ਮੈਨੂੰ ਸੰਬੋਧਨ ਕਰਕੇ ਕਿਹਾ।
“ਕਿਹੜਾ?” ਮੈਂ ਉਤਾਵਲਾ ਹੋ ਕੇ ਪੁਛਿਆ।
“ਅਹੁ, ਨੀਲੀ ਪੱਗ ਵਾਲਾ।” ਦੋ ਤਿੰਨ ਖੜ੍ਹੇ ਮੁੰਡਿਆਂ ਵਿਚ ਇਕ ਮੁੰਡੇ ਵੱਲ ਹੱਥ ਦਾ ਇਸ਼ਾਰਾ ਕਰਕੇ ਗਿਆਨੀ ਜੀ ਨੇ ਦੱਸਿਆ।
ਮੈਂ ਇਕ ਦਮ ਦੋ ਤਿੰਨ ਕਦਮ ਭਰ ਕੇ ਮੁੰਡੇ ਕੋਲ ਚਲਾ ਗਿਆ।
“ਭਾਈ ਮੁੰਡਿਆ! ਤੇਰਾ ਪਿੰਡ ਕਿਹੜਾ ਹੈ?” ਮੈਂ ਨੀਲੀ ਪੱਗ ਵਾਲੇ ਮੁੰਡੇ ਨੂੰ ਪੁੱਛਿਆ।
“ਮੇਰਾ ਪਿੰਡ ਬੜੀ।” ਮੁੰਡੇ ਨੇ ਦੱਸਿਆ।
“ਉਹ ਕਿੱਥੇ ਕੁ ਹੋਈ?” ਮੈਂ ਹੋਰ ਉਤਾਵਲਾ ਹੋ ਕੇ ਪੁੱਛਿਆ।
“ਸ਼ੇਰਪੁਰ ਲਾਗੇ’” ਮਨ ਨੂੰ ਯਕੀਨ ਹੋ ਗਿਆ ਕਿ ਇਹ ਤਾਂ ਓਹੀ ਬੜੀ ਹੈ ਜੋ ਮੇਰਾ ਪਿੰਡ ਹੈ।
“ਤੂੰ ਕਿਹੜੇ ਲਾਣੇ ਚੋਂ ਹੈਂ?” ਮੈਂ ਛੇਤੀ ਹੀ ਪੁੱਛਿਆ।
“ਠੇਕੇਦਾਰਾਂ ਕੇ, ਜੋਰੇ ਕੇ ਲਾਣੇ ਚੋਂ।” ਮੰੁਡੇ ਦੇ ਦੱਸਦਿਆਂ ਹੀ ਮੇਰੀਆਂ ਬਾਚੀਆਂ ਖਿੜ ਗਈਆਂ। ਖੁਸ਼ੀ ਨਾਲ ਮਨ ਝੂਮ ਉਠਿਆ।
“ਮੇਰਾ ਪਿੰਡ ਵੀ ਬੜੀ ਹੈ।” ਮੈਂ ਇਕ ਦਮ ਦੱਸਿਆ।
“ਤੁਸੀਂ ਕਿਹੜੇ ਲਾਣੇ ਚੋਂ ਹੋ?” ਮੁੁੰਡਾ ਵੀ ਉਤਾਵਲਾ ਹੋ ਗਿਆ।
“ਮੈਂ ਹਰਦੇਵ ਦੋਧੀ ਦਾ ਵੱਡਾ ਤੇ ਲਛਮਣ ਸਿੰਘ ਦਾ ਛੋਟਾ ਭਰਾ ਹਾਂ।” ਮੈਂ ਪੂਰੇ ਮਾਣ ਨਾਲ ਦੱਸਿਆ।
“ਉਹਨਾਂ ਦੇ ਚਮਕੌਰ ਤੇ ਕੰਮਾ ਤਾਂ ਮੇਰੇ ਨਾਲ ਪੜ੍ਹਦੇ ਰਹੇ ਹਨ।” ਬੱਸ ਫਿਰ ਕੀ ਸੀ; ਮੈਂ ਮੁੰਡੇ ਨੂੰ ਆਪਣੀ ਜੱਫੀ ਵਿਚ ਲੈ ਲਿਆ ਤੇ ਅਪਣੱਤ ਨਾਲ ਪੁੱਛਿਆ।
“ਬੇਟਾ ਤੇਰਾ ਨਾਉਂ ਕੀ ਹੈ?”
“ਮੇਰਾ ਨਾਉਂ ਗੁਰਪ੍ਰੀਤ ਹੈ।” ਮੁੰਡੇ ਨੇ ਖੁਸ਼ ਹੋ ਕੇ ਦੱਸਿਆ।
“ਬੇਟਾ ਆਪਾਂ ਕਿੱਥੇ ਆ ਕੇ ਮਿਲ ਰਹੇ ਹਾਂ! ਪਿੰਡ ਤੋਂ ਸੱਤ ਸਮੁੰਦਰੋਂ ਪਾਰ, ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਗੁਰਦੁਆਰੇ ਵਿਚ!” ਜਜ਼ਬਾਤੀ ਹੋਇਆ ਮਨ ਅਛੋਪਲੇ ਹੀ ਕਹਿ ਗਿਆ। ਮੈਂ ਗਿਆਨੀ ਸੰਤੋਖ ਸਿੰਘ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਸੀ ਜਿਸ ਨੇ ਸਾਡਾ ਇਹ ਮੇਲ ਕਰਾਇਆ ਸੀ।
ਸਡੌਲ ਸਰੀਰ ਦਾ ਗੱਭਰੂ ਮੁੰਡਾ ਗੁਰਪ੍ਰੀਤ, ਪੋਚਵੀਂ ਧਾਰੀਦਾਰ ਪੱਗ, ਗੋਲ ਚੇਹਰੇ ਤੇ ਭਰਵੀਂ ਸ਼ਾਹ ਕਾਲ਼ੀ ਦਾਹੜੀ, ਮੇਰੀ ਰੂਹ ਨੂੰ ਟੁੰਬ ਗਈ।
ਮੈਂ ਤੇ ਗਿਆਨੀ ਜੀ ਹੱਥਾਂ ਵਿਚ ਆਪੋ ਆਪਣੇ ਅਟੈਚੀ ਫੜੇ ਹੋਏ ਰੈਨਮਾਰਕ ਜਾਣ ਲਈ ਤਿਆਰ ਹੋਏ ਖੜ੍ਹੇ ਸੀ ਜਦੋਂ ਗੁਰਪ੍ਰੀਤ ਨਾਲ ਮੇਲ ਹੋ ਗਿਆ। ਅਟੈਚੀਆਂ ਨੂੰ ਵੇਖ ਕੇ ਗੁਰਪ੍ਰੀਤ ਪੁੱਛਣ ਲੱਗਾ, “ਇਹ ਕਿੱਧਰ ਨੂੰ ਚੁੱਕੇ ਨੇ?” “ਅਸੀਂ ਰੈਨਮਾਰਕ ਚੱਲੇ ਹਾਂ ਤੇ ਬੱਸ ਤੇ ਚੜ੍ਹਾਉਣ ਲਈ, ਕਾਰ ਲੈਣ ਗਏ ਮੁੰਡੇ ਦੀ ਉਡੀਕ ਕਰ ਰਹੇ ਹਾਂ’” ਮੈਂ ਗੁਰਪ੍ਰੀਤ ਨੂੰ ਦੱਸਿਆ। ਇਕ ਦਮ ਉਸਵਨੇ ਦੋਵੇਂ ਹੱਥ ਸਾਡੇ ਅਟੈਚੀਆਂ ਨੂੰ ਪਾਏ ਤੇ ਕਿਹਾ, “ਕੋਈ ਬੱਸ ਬੁੱਸ ਨਹੀਂ। ਚਲੋ ਪਹਿਲਾਂ ਘਰ ਨੂੰ ਚਲਦੇ ਹਾਂ ਫਿਰ ਮੈਂ ਆਪਣੀ ਕਾਰ ਤੇ ਤੁਹਾਨੂੰ ਰੈਨਮਾਰਕ ਛੱਡ ਕੇ ਆਵਾਂਗਾ।” ਮੁੰਡਾ ਪੂਰੀ ਅਪਣੱਤ ਵਿਚ ਆ ਗਿਆ ਸੀ। ਆਪ ਹੀ ਦੋਨੋਂ ਅਟੈਚੀ ਫੜ ਕੇ ਆਪਣੀ ਕਾਰ ਵੱਲ ਨੂੰ ਹੋ ਤੁਰਿਆ। ਸਾਡੇ ਕੋਲੋਂ ਉਸ ਨੂੰ ਕੁਝ ਵੀ ਕਹਿਣ ਦੀ ਹਿੰਮਤ ਨਾ ਪਈ ਤੇ ਉਸ ਦੇ ਪਿੱਛੇ ਹੋ ਤੁਰੇ। ਘਰ ਗੁਰਦੁਆਰੇ ਦੇ ਨਜ਼ਦੀਕ ਹੀ ਸੀ।
ਘਰ ਦਾ ਦਰਵਾਜਾ ਖੁਲ੍ਹਦਿਆਂ ਹੀ, ਉਹ ਲੜਕੀ ਨਜਰ ਪਈ ਜੋ ਥੋਹੜੀ ਦੇਰ ਪਹਿਲਾਂ ਹੀ ਗੁਰਦੁਆਰਿਓਂ ਗਈ ਸੀ। ਗੁਰਦੁਆਰਿਓਂ ਜਾਂਦੀ ਦੇ ਨਾਲ਼ ਇਕ ਪੱਕੀ ਉਮਰ ਦੀ ਜਨਾਨੀ ਤੇ ਬੱਚਾ ਵੀ ਸੀ, ਜਿਸ ਬਾਰੇ ਘਰ ਜਾ ਕੇ ਪਤਾ ਲੱਗਾ ਕਿ ਇਹ ਲੜਕੀ ਗੁਰਪ੍ਰੀਤ ਦੀ ਘਰ ਵਾਲ਼ੀ ਸੀ ਤੇ ਉਸ ਦੇ ਨਾਲ ਪੰਜਾਬੋਂ ਆਈ ਉਸ ਦੀ ਮਾਂ ਸੀ। ਗੁਰਪ੍ਰੀਤ ਨੇ ਜਾਣ ਪਛਾਣ ਕਰਵਾਈ ਤੇ ਮੇਰੇ ਬਾਰੇ ਦੱਸਿਆ, “ਇਹ ਅਪਣੇ ਪਿੰਡ ਬੜੀ ਤੋਂ ਹਨ।“ ਸੁਣਦਿਆਂ ਹੀ ਕੁੜੀ ਦੇ ਚਿਹਰੇ ਤੇ ਰੌਣਕ ਆ ਗਈੱ ਤੇ ਦੋਨੋਂ ਮਾਵਾਂ ਧੀਆਂ ਨੇ ਹੱਥ ਜੋੜ ਕੇ ਸਤਿ ਸ੍ਰੀਅਕਾਲ ਬੁਲਾਈ। ਥੋਹੜੀ ਦੇਰ ਬੈਠ,ੇ ਚਾਹ ਪਾਣੀ ਪੀਤਾ ਤੇ ਪੇਂਡੂ ਪਿਆਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਦੁਪਹਿਰ ਦੇ ਖਾਣ ਲਈ ਰੋਟੀ ਅਸੀਂ ਗੁਰਦੁਆਰੇ ਲੰਗਰ ਵਿਚੋਂ ਹੀ ਲੜ ਬੰਨ ਲਈ ਸੀ ਤੇ ਘਰੋਂ ਤੁਰ ਪਏ।
ਆਸਟ੍ਰੇਲੀਆ ਦੀ ਇਕ ਸਟੇਟ, ਸਾਊਥ ਆਸਟ੍ਰੇਲੀਆ, ਦੀ ਰਾਜਧਾਨੀ ਦਾ ਨਾਂਉ ਐਡੀਲੇਡ ਹੈ। ਸਮੁੰਦਰ ਦੇ ਕੰਢੇ ਵਸਦਾ ਕਰੀਬ ਚੌਦਾਂ ਲੱਖ ਦੀ ਆਬਾਦੀ ਵਾਲਾ ਇਹ ਸ਼ਹਿਰ ਬਹੁਤ ਹੀ ਸੁਹਣਾ ਹੈ। ਸ਼ਹਿਰ ਨੂੰ ਆਬਾਦ ਕਰਨ ਦੀ ਵਿਉਂਤ ਤਾਂ ਭਾਵੇਂ ਗੋਰਿਆਂ ਨੇ 1830 ਤੋਂ ਹੀ ਬਣਾਈ ਹੋਈ ਸੀ ਪਰ ਇਸ ਵਿਚ ਭਰਵੀਂ ਆਬਾਦੀ 20ਵੀਂ ਸਦੀ ਤੋਂ ਹੀ ਸ਼ੁਰੂ ਹੋਈ ਹੈ। ਗੋਰਿਆਂ ਦੀ ਆਬਾਦੀ ਤੋਂ ਪਹਿਲਾਂ, ਇਸ ਜਗ੍ਹਾ ਤੇ ਆਸਟ੍ਰੇਲੀਆ ਦੇ ਆਦੀਵਾਸੀ, ਕਾਲੇ ਤੇ ਜੰਗਲੀ ਲੋਕ ਹੀ ਰਹਿੰਦੇ ਸਨ। ਜਦੋਂ ਗੋਰਿਆਂ ਨੇ ਦੇਸ ਉਪਰ ਕਬਜਾ ਕੀਤਾ ਤਾਂ ਆਦੀਵਾਸੀਆਂ ਨੂੰ ਖਦੇੜ ਕੇ ਤੇ ਲੜਨ ਵਾਲਿਆਂ ਨੂੰ ਮਾਰ ਕੇ ਏਥੇ ਆਪਣੀ ਰਿਹਾਇਸ਼ ਦਾ ਅੱਡਾ ਬਣਾ ਲਿਆ ਤੇ ਇਸ ਦਾ ਨਾਮ ਐਡੀਲੇਡ ਰੱਖ ਲਿਆ। ਹੌਲੀ ਹੌਲੀ ਆਬਾਦੀ ਦੇ ਵਧਣ ਨਾਲ ਇਹ ਸ਼ਹਿਰ ਬਣਨਾ ਸ਼ਸੁਰੂ ਹੋ ਗਿਆ। ਸ਼ਹਿਰ ਦੇ ਇਰਦ ਗਿਰਦ ਇਲਾਕੇ ਦੀ ਜਮੀਨ ਬਹੁਤ ਹੀ ਉਪਜਾਊ ਹੋਣ ਕਰਕੇ, ਖੇਤੀ ਬਾੜੀ ਦਾ ਕੰਮ ਕਰਨ ਵਾਲੇ ਲੋਕ ਇਸ ਇਲਾਕੇ ਵਿਚ ਆਉਣੇ ਸ਼ੁਰੂ ਹੋ ਗਏ ਤੇ ਆਬਾਦੀ ਦਾ ਪਸਾਰ ਹੋਰ ਵਧਣਾ ਸ਼ੁਰੂ ਹੋ ਗਿਆ। ਆਬਾਦੀ ਦਾ ਵਾਧਾ ਇਸ ਗੱਲ ਨੇ ਵੀ ਕੀਤਾ ਕਿ ਲੋਕਾਂ ਨੂੰ ਧਾਰਮਿਕ ਮਾਮਲਿਆ ਦੀ ਪੂਰੀ ਖੁੱਲ੍ਹ ਸੀ। ਲੋਕਾਂ ਨੇ ਪੂਰੀ ਤਸੱਲੀ ਨਾਲ ਆਪਣੀ ਧਾਰਮਿਕ ਸੰਤੁਸ਼ਟਤਾ ਕੀਤੀ ਜਿਸ ਦੀ ਵਜਾਹ ਕਰਕੇ, ਮੁਢਲੇ ਦੌਰ ਵਿਚ ਵੱਧ ਤੋਂ ਵੱਧ ਗਿਰਜੇ ਹੋਂਦ ਵਿਚ ਆਏ। ਕਿਸੇ ਸਮੇ ਵਿਚ ਐਡੀਲੇਡ ਨੂੰ ਗਿਰਜਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਸੀ। ਅੱਜ ਦੇ ਸਮੇ ਵਿਚ ਆਸਟ੍ਰੇਲੀਆ ਸਰਕਾਰ ਨੇ ਐਡੀਲੇਡ ਦੇ ਪਸਾਰ ਨੂੰ ਵਧਾਉਣ ਲਈ, ਕਈ ਤਰ੍ਹਾਂ ਦੀਆਂ ਸਕੀਮਾਂ ਬਣਾਈਆਂ ਹੋਈਆਂ ਹਨ। ਬਾਹਰਲੇ ਮੁਲਕਾਂ ਵਿਚੋਂ ਆਉਣ ਵਾਲੇ ਵਿਦਿਆਰਥੀਆਂ ਲਈ ਯੂਨੀਵਰਸਟੀਆਂ ਤੇ ਉਹਨਾਂ ਦੇ ਪੱਕੇ ਹੋਣ ਲਈ ਨੰਬਰਾਂ ਵਿਚ ਛੋਟ ਇਕ ਵੱਡੀ ਗੱਲ ਹੈ। ਕੰੰਮ ਲਈ ਇੰਡਸਟਰੀ ਨੂੰ ਕਾਫੀ ਉਤਸ਼ਾਹਤ ਕੀਤਾ ਜਾ ਰਿਹਾ ਹੈ। 20ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਤਾਂ ਅਨਪੜ੍ਹ ਕਿਸਮ ਦੇ ਲੋਕ ਵੀ ਖੇਤੀਬਾੜੀ ਦੇ ਕੰਮਾਂ ਵਿਚ ਆ ਜੁਟੇ। ਏਸੇ ਸਮੇ ਹੀ ਪੰਜਾਬੀ ਕਮਿਊਨਿਟੀ ਨੇ ਵੀ ਆ ਕੇ ਖੇਤੀਬਾੜੀ ਵਿਚ ਆਪਣੇ ਕਾਫੀ ਪੈਰ ਜਮਾਏ। ਇੰਡਸਟਰੀ ਦੀ ਵਜਾਹ ਕਰਕੇ ਨਵੀਂ ਪੀਹੜੀ ਦੇ ਲੋਕਾਂ ਵਿਚ ਕਾਫੀ ਵਾਧਾ ਹੋਇਆ ਹੈ। ਅੱਜ ਦੇ ਸਮੇ ਵਿਚ ਟੈਕਸੀ ਡਰਾਈਵਿੰਗ ਦੇ ਧੰਦੇ ਵਿਚ ਕਰੀਬ ਅੱਸੀ ਫੀ ਸਦੀ ਪੰਜਾਬੀ ਮੁੰਡੇ ਹਨ।
ਪੰਜਾਬੀਆਂ ਦੀ ਵਧ ਰਹੀ ਗਿਣਤੀ ਨਾਲ ਧਾਰਮਿਕ ਪਸਾਰ ਵੀ ਪੂਰੇ ਜੋਰਾਂ ਤੇ ਹੈ।ਚਾਰ ਗੁਰੂਦੁਆਰੇ ਹੁੰਦਿਆਂ ਵੀ ਗੁਜਾਰਾ ਨਹੀਂ ਹੋ ਰਿਹਾ; ਸਗੋਂ ਪੰਜਵੇਂ ਤੇ ਛੇਵੇਂ ਦੀ ਤਿਆਰੀ ਪੂਰੇ ਜੋਰਾਂ ਸ਼ੋਰਾਂ ਤੇ ਹੈ।ਅਜੀਬ ਗੱਲ ਇਹ ਹੈ ਕਿ ਗਿਰਜੇ ਵਿਕ ਕੇ ਬੰਦ ਹੋ ਰਹੇ ਹਨ ਤੇ ਸਾਡੇ ਲੋਕ ਗਿਰਜੇ ਖਰੀਦ ਕੇ ਉਹਨਾਂ ਵਿਚ ਗੁਰਦੁਆਰੇ ਖੋਹਲ ਰਹੇ ਹਨ।
ਰੈਨਮਾਰਕ ਨੂੰ ਤੁਰਨ ਲੱਗਿਆਂ ਗੁਰਪ੍ਰੀਤ ਨੇ ਆਪਣੀ ਜਾਣ ਪਛਾਣ ਦਾ ਇਕ ਹੋਰ ਬੰਦਾ ਨਾਲ਼ ਲੈ ਲਿਆ। ਇਹ ਸੱਜਣ ਪੰਜਾਬ ਤੋਂ ਤਰਨ ਤਾਰਨ ਜਿਲੇ੍ਹ ਤੋਂ ਸੀ। ਸਰਕਾਰੀ ਸਕੂਲ਼ ਤੋਂ ਮਾਸਟਰ ਰੀਟਾਇਰ ਹੋਇਆ ਸੀ। ਯੂਨੀਅਨ ਵਿਚ ਮੋਹਰੀ ਰਿਹਾ ਹੋਣ ਕਰਕੇ, ਸਮਾਜਕ ਤੇ ਸਿਆਸੀ ਮਾਮਲਿਆਂ ਵਿਚ ਚੰਗੀ ਜਾਣਕਾਰੀ ਰਖਦਾ ਸੀ। ਗੱਡੀ ਵਿਚ ਬੈਠਦਿਆਂ ਮੋਹਰਲੀ ਸੀਟ ਤੇ ਮੈਂ ਗੁਰਮੀਤ ਨਾਲ ਅਤੇ ਮਾਸਟਰ ਤੇ ਗਿਆਨੀ ਜੀ ਪਿਛਲ਼ੀਆਂ ਸੀਟਾਂ ਤੇ ਸਵਾਰ ਹੋ ਗਏ। ਸਾਰੇ ਸਫਰ ਵਿਚ ਸਾਡੀਆਂ ਗੱੱਲਾਂ ਪਿੰਡ ਜਾਂ ਪਿੰਡ ਦੀ ਸਿਆਸਤ ਬਾਰੇ ਸਨ ਪਰ ਮਾਸਟਰ ਤੇ ਗਿਆਨੀ ਜੀ ਦੀਆਂ ਗੱਲਾਂ ਸਾਰੇ ਪੰਜਾਬ ਬਾਰੇ ਸਨ। ਮਾਸਟਰ ਜੀ ਵੀ ਗਿਆਨੀ ਜੀ ਵਾਂਙ ਹੀ ਗਿਆਨ ਦੇ ਭੰਡਾਰ ਸਨ।
ਐਡੀਲੇਡ ਦੀ ਆਬਾਦੀ ਤੋਂ ਨਿਕਲਦਿਆਂ ਹੀ ਮੈਨੂੰ ਸੜਕ ਦੇ ਖੱਬੇ ਪਾਸੇ ਖੇਤਾਂ ਵਿਚ ਚਿੱਟੇ ਜਿਹੇ ਰੇਤੇ ਦੇ ਢੇਰ ਦਿਖਾਈ ਦਿਤੇ। ਪੁੱਛਣ ਤੇ ਗੁਰਪ੍ਰੀਤ ਨੇ ਦੱਸਿਆ ਕਿ ਇਹ ਲੂਣ ਦੇ ਢੇਰ ਹਨ, ਇਹਨਾਂ ਖੇਤਾਂ ਵਿਚ ਸਮੁੰਦਰ ਵਿਚੋਂ ਲਿਆ ਕੇ ਪਾਣੀ ਪਾਇਆ ਜਾਂਦਾ ਹੈ ਤੇ ਪਾਣੀ ਦੇ ਸੁੱਕ ਜਾਣ ਤੋਂ ਬਾਅਦ ਉਪਰਲੀ ਮਿੱਟੀ ਨੂੰ ਇਕੱਠਾ ਕਰਕੇ, ਇਕ ਬਿਲਡਿੰਗ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਉਸ ਕਾਰਖਾਨੇ ਵਿਚ ਮਸ਼ੀਨ ਰਾਹੀਂ ਸਫਾਈ ਕਰਕੇ, ਲੂਣ ਤਿਆਰ ਕਰ ਲਿਆ ਜਾਂਦਾ ਹੈ।
ਆਸਟ੍ਰੇਲੀਆ ਦੀਆਂ ਸੜਕਾਂ ਏਨੀਆਂ ਵਧੀਆ ਹਨ ਕਿ ਸੌ ਸਵਾ ਸੌ ਕਿਲੋਮੀਟਰ ਦੀ ਸਪੀਡ ਤੇ ਆਮ ਗੱਡੀਆਂ ਚਲਦੀਆਂ ਹਨ। ਸਾਡਾ ਸਫਰ ਵੀ ਤਕਰੀਬਨ ਤਿੰਨ ਕੁ ਘੰਟਿਆ ਦਾ ਹੀ ਸੀ। ਦੁਪਹਿਰ ਦੀ ਭੁੱਖ ਵੇਲ਼ੇ ਬੈਠਣ ਲਈ ਚੰਗੀ ਜਿਹੀ ਜਗ੍ਹਾ ਦੇਖ ਕੇ ਗੱਡੀ ਰੋਕ ਕੇ ਲੰਗਰ ਕਢਿਆ ਤੇ ਆਨੰਦ ਨਾਲ ਛਕਿਆ। ਲੰਗਰ ਛਕਦਿਆਂ ਹੀ ਨਿਗਾਹ ਇਕ ਕਣਕ ਦੇ ਖੇਤ ਤੇ ਪਈ ਜਿੱਥੇ ਕਣਕ ਨੂੰ ਪਾਣੀ ਲੱਗ ਰਿਹਾ ਸੀ। ਕਮਾਲ ਦਾ ਪ੍ਰਬੰਧ ਸੀ। ਕਰੀਬ ਦੋ ਸੌ ਮੀਟਰ ਲੰਬਾ ਤਕਰੀਬਨ ਚਾਰ ਇੰਚ ਮੋਟਾ ਪਾਈਪ, ਜਿਸ ਵਿਚ ਛੋਟੇ ਛੇਕ ਮਾਰ ਕੇ ਫੁਹਾਰਾ ਬਣਾਇਆ ਹੋਇਆ ਸੀ। ਪਾਈਪ ਜਮੀਨ ਤੋਂ ਤਿੰਨ ਚਾਰ ਫੁੱਟ ਉੱਚਾ ਸੀ ਜਿਸ ਨੂੰ ਲੰਬਾਈ ਰੁਖ, ਕਾਰ ਜੀਪ ਦੇ ਕਰੀਬ ਦਸ ਟਾਇਰਾਂ ਦੇ ਉਪਰ ਫਿਟ ਕੀਤਾ ਹੋਇਆ ਸੀ। ਪਾਈਪ ਨੂੰ ਇਕ ਪਾਸੇ ਤੋਂ ਪਾਣੀ ਦਾ ਕਨੈਕਸ਼ਨ ਦਿਤਾ ਹੋਇਆ ਸੀ। ਟਾਇਰਾਂ ਨੂੰ ਬਿਜਲੀ ਦੀ ਮੋਟਰ ਨਾਲ ਬਹੁਤ ਹੀ ਹੌਲ਼ੀ ਸਪੀਡ ਨਾਲ ਅੱਗੇ ਤੋਰਿਆ ਜਾ ਰਿਹਾ ਸੀ। ਲੰਬਾ ਪਿਆ ਪਾਈਪ ਦਾ ਫੁਹਾਰਾ ਕਣਕ ਨੂੰ ਸਿੰਜਦਾ ਹੋਇਆ ਹੌਲ਼ੀ ਹੌਲ਼ੀ ਅੱਗੇ ਵਧੀ ਜਾ ਰਿਹਾ ਸੀ। ਲੋੜ ਅਨੁਸਾਰ ਪਾਣੀ ਦਿਤਾ ਜਾ ਰਿਹਾ ਸੀ। ਮਾਮੂਲੀ ਪਾਣੀ ਵੀ ਜ਼ਾਇਆ ਨਹੀਂ ਹੋ ਰਿਹਾ ਸੀ। ਇਹ ਵੇਖ ਕੇ ਸਾਡੇ ਪੰਜਾਬ ਦੇ ਖੇਤਾਂ ‘ਚ ਨੱਕੇ ਵੱਢ ਕੇ ਲਗਦਾ ਪਾਣੀ ਯਾਦ ਆ ਰਿਹਾ ਸੀ। ਇਹ ਸਵਾਲ ਵੀ ਸੋਚ ਤੇ ਭਾਰੂ ਹੋ ਗਿਆ ਸੀ ਕਿ ਅਸੀਂ ਇਹਨਾਂ ਨਾਲ ਕਦੋਂ ਰਲਾਂਗੇ? ਗੱਲਾਂ ਕਰਦਿਆਂ ਜਵਾਬ ਆ ਰਿਹਾ ਸੀ ਸ਼ਾਇਦ ਕਦੇ ਵੀ ਨਹੀਂ।”
ਸਫਰ ਤਕਰੀਬਨ ਅੱਧਾ ਹੋ ਗਿਆ ਸੀ। ਗੱਡੀ ਵਿਚ ਬੈਠਿਆਂ ਆਲੇ ਦੁਆਲੇ ਨਿਗਾਹ ਮਾਰਦਿਆਂ, ਕਣਕ ਅਤੇ ਅੰਗੂਰਾਂ ਦੇ ਲੰਬੇ ਚੌੜੇ ਖੇਤ ਦਿਖਾਈ ਦੇ ਰਹੇ ਸਨ। ਜਿਥੇ ਕਿਤੇ ਅੰਗੂਰਾਂ ਦੇ ਖੇਤ ਜਿਆਦਾ ਹੁੰਦੇ ਓੁਥੇ ਵਾਈਨ (ਸ਼ਰਾਬ) ਬਣਾਉਣ ਦਾ ਕਾਰਖਾਨਾ ਵੀ ਨਾਲ ਹੀ ਹੁੰਦਾ, ਜਿਥੇ ਸ਼ਰਾਬ ਬਣਾ ਕੇ ਬਾਹਰ ਨੂੰ ਭੇਜੀ ਜਾਂਦੀ ਹੈ। ਚਲਦਿਆਂ ਹੀ ਮਰੇ ਦਰਿਆ ਆ ਗਿਆ। ਮਰੇ ਦਰਿਆ ਦਾ ਨਾਂ ਸਾਰੇ ਆਸਟ੍ਰੇਲੀਆ ਵਿਚ ਉਚਾ ਹੈ। ਇਹ ਦਰਿਆ ਹਿੰਦੁਸਤਾਨੀ ਗੰਗਾ ਨਦੀ ਵਾਂਗ ਆਸਟ੍ਰੇਲੀਆ ਦੀਆਂ ਪੱਛਮੀ ਪਹਾੜੀਆਂ ਵਿਚੋਂ ਨਿਕਲਦਾ ਹੈ।ਪਹਾੜਾਂ ਵਿਚੋਂ ਨਿਕਲਦੇ ਛੋਟੇ ਛੋਟੇ ਨਦੀਆਂ ਨਾਲੇ ਏਸੇ ਵਿਚ ਸਮੋ ਜਾਂਦੇ ਹਨ ਜਿਸ ਕਰਕੇ ਇਹ ਭਰਵਾਂ ਪਾਣੀ ਲ਼ੈ ਕੇ, ਕੁਦਰਤੀ ਵਹਿਣਾਂ ਵਿਚਦੀ ਵਹਿੰਦਾ ਹੋਇਆ, ਆਸਟ੍ਰੇਲੀਆ ਦੀਆਂ ਦੋ ਸਟੇਟਾਂ ਐਨ.ਐਸ.ਡਬਲਯੂ.ਤੇ ਕੂਈਨਜ ਲੈਂਡ ਦੇ ਬਾਰਡਰ ਇਲਾਕਿਆਂ ਵਿਚਦੀ ਹੁੰਦਾ ਹੋਇਆ ਸਾਊਥ ਆਸਟ੍ਰੇਲੀਆ ਦੀ ਧਰਤੀ ਨੂੰ ਹਰਾ ਭਰਿਆ ਬਣਾਉਂਦਾ, ਸਮੁੰਦਰ ਵਿਚ ਜਾ ਡਿਗਦਾ ਹੈ।ਇਸ ਦਰਿਆ ਦੀ ਲੰਬਾਈ ਕਰੀਬ ਸਵਾ ਕੁ ਦੋ ਹਜਾਰ ਕਿਲੋਮੀਟਰ ਦੱਸੀ ਜਾਂਦੀ ਹੈ। ਪੁਰਾਣੇ ਸਮਿਆਂ ਵਿਚ ਭਾਵੇਂ ਇਸ ਦਾ ਪਾਣੀ ਬਿਅਰਥ ਹੀ ਚਲਿਆ ਜਾਂਦਾ ਸੀ ਪਰ ਅੱਜ ਕਲ੍ਹ ਇਸ ਦਰਿਆ ਤੇ ਜਗ੍ਹਾ ਜਗ੍ਹਾ ਤੇ ਪਾਣੀ ਦੇ ਡੈਮ ਬਣਾ ਕੇ, ਖੇਤੀ ਦੀ ਸਿੰਜਾਈ ਦਾ ਸਾਧਨ ਬਣਾ ਦਿਤਾ ਗਿਆ ਹੈ, ਜਿੱਥੋਂ ਦੀ ਇਹ ਦਰਿਆ ਵਗਦਾ ਹੈ ਇਸ ਦੇ ਇਰਦ ਗਿਰਦ ਦੀ, ਮੀਲ਼ਾਂ ਬੱਧੀ ਜਮੀਨ ਖੇਤੀ ਨਾਲ ਭਰਪੂਰ ਹੈ।
ਦਰਿਆ ਦਾ ਪੁਲ਼ ਪਾਰ ਕਰਨ ਤੋਂ ਬਾਅਦ ਕੁਝ ਕੁ ਮੀਲ਼ਾਂ ਤੇ ਜਾ ਕੇ ਥੋਹੜੀ ਜਿੰਨੀ ਆਬਾਦੀ ਆ ਗਈ। ਆਬਾਦੀ ਵਿਚ ਸਾਡੀ ਸਿਖ ਪੰਜਾਬੀਅਤ ਦੀ ਨਿਸ਼ਾਨੀ ਹਵਾ ਵਿਚ ਝੁੱਲ ਰਹੀ ਸੀ।ਗਲੌਸਪ ਨਾਂ ਦੇ ਇਸ ਕਸਬੇ ਵਿਚ ਤੇ ਇਰਦ ਗਿਰਦ ਦੇ ਇਲਾਕੇ ਵਿਚ ਕਾਫੀ ਪੰਜਾਬੀ ਲੋਕ ਰਹਿੰਦੇ ਹਨ। ਸੜਕ ਕੰਢੇ ਹੀ ਗੁਰਦੁਆਰਾ ਹੈ ਜਿਸ ਅੰਦਰ ਉਚ ਸਾਰਾ ਨਿਸ਼ਾਨ ਸਾਹਿਬ ਝੂਲਦਾ ਹੈ। ਗਿਆਨੀ ਸੰਤੋਖ ਸਿੰਘ ਦੀ ਜਾਣ ਪਛਾਣ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਵਿਚ ਹੈ ਜਿਸ ਕਰਕੇ ਗਿਆਨੀ ਜੀ ਗੱਡੀ ਰੁਕਵਾ ਕੇ, ਗੁਰਦੁਆਰੇ ਗਏ ਪਰ ਓਥੇ ਜਿੰਦਰਾ ਲੱਗਾ ਹੋਇਆ ਸੀ।ਫਿਰ ਕਿਸੇ ਬੂਹਾ ਖੜਕਾਇਆ ਤਾਂ ਪਤਾ ਲੱਗਾ ਕਿ ਉਹ ਖੇਤਾਂ ਵਿਚ ਕੰਮ ਕਰਨ ਗਏ ਹੋਏ ਹਨ। ਕਾਰ ਅੱਗੇ ਨੂੰ ਗੱਡੀ ਤੋਰ ਲਈ।
ਕਰੀਬ ਵੀਹ ਕਿਲੋਮੀਟਰ ਦਾ ਸਫਰ ਤਹਿ ਕਰਨ ਬਾਅਦ, ਅਸੀਂ ਮਿਥੀ ਹੋਈ ਮਨਜ਼ਲ, ਰੈਨਮਾਰਕ ਗੁਰਦੁਆਰੇ ਪਹੁੰਚ ਗਏ। ਰੈਨਮਾਰਕ ਮੇਨ ਰੋਡ ਤੇ ਵਸਿਆ ਭਰਵਾਂ ਕਸਬਾ ਹੈ। ਮਰੇ ਦਰਿਆ ਏਥੇ ਆ ਕੇ ਸੜਕ ਦੇ ਅੰਗ ਸੰਗ ਹੋ ਤੁਰਦਾ ਹੈ। ਰੈਨਮਾਰਕ ਦੀ ਆਬਾਦੀ ਵਿਚ ਭਾਵੇਂ ਗੋਰੇ ਲੋਕ ਭਾਰੂ ਹਨ ਪ੍ਰੰਤੂ ਬਾਹਰਲੀ ਦੁਨੀਆਂ ਤੋਂ ਆਏ ਹੋਏ ਲੋਕਾਂ ਦੀ ਰਲਵੀਂ ਆਬਾਦੀ ਦਾ ਹਿੱਸਾ ਵੀ ਕਾਫੀ ਹੈ। ਸਾਮਾਨ ਦੀ ਖਰੀਦੋ ਫਰੋਖਤ ਲਈ ਵੱਡੇ ਵੱਡੇ ਮਾਲ ਹਨ। ਸੜਕ ਕੰਢੇ ਹੀ ਬਾਜਾਰ ਵੀ ਹੈ ਜੋ ਜੀਵਨ ਦੀਆਂ ਨਿੱਕੀਆਂ ਮੋਟੀਆਂ ਲੋੜਾਂ ਪੂਰੀਆਂ ਕਰਦਾ ਹੈ। ਗੁਰਦੁਆਰੇ ਦੇ ਭਾਈ ਜੀ ਗਿਆਨੀ ਹਰਦਿਆਲ ਸਿੰਘ ਨੇ ਸਾਨੂੰ ਚਾਹ ਪਾਣੀ ਪਿਲਾਇਆ ਤੇ ਏਨੇ ਨੂੰ ਸਰਦਾਰ ਪਿਆਰਾ ਸਿੰਘ ਅਟਵਾਲ. ਜਿਸ ਨੂੰ ਅਸੀਂ ਫੋਨ ਤੇ ਕਾਂਟੈਕਟ ਕੀਤਾ ਹੋਇਆ ਸੀ, ਵੀ ਆ ਪਹੁੰਚੇ। ਮਿਲਦਿਆਂ ਹੀ ਬਹੁਤ ਖੁਸੀ ਹੋਈ ਤੇ ਦੱਸਿਆ ਕਿ ਅਸੀਂ ਤੁਹਾਡੇ ਬਾਗਾਂ ਦੇ ਫਾਰਮ ਦੇਖਣ ਆਏ ਹਾਂ। ਪਿਆਰਾ ਸਿੰਘ ਨੇ ਬਹੁਤ ਹੀ ਖੁਸ਼ ਹੋ ਕੇ ਆਪਣੀ ਗੱਡੀ ਅੱਗੇ ਲਗਾ ਲਈ ਤੇ ਸਾਨੂੰ ਪਿੱਛੇ ਆਉਣ ਲਈ ਕਿਹਾ।
ਸ਼ਹਿਰੋਂ ਬਾਹਰ ਕਰੀਬ ਦਸ ਕਿਲੋਮੀਟਰ ਤੇ ਜਾ ਕੇ ਗੱਡੀਆਂ ਰੁਕੀਆਂ। ਬਹੁਤ ਹੀ ਲੰਬਾ ਚੌੜਾ ਬਦਾਮਾਂ ਦਾ ਬਾਗ ਸੀ। ਪਿਆਰਾ ਸਿੰਘ ਨੇ ਦੱਸਿਆ, “ਮੈਂ ਇਹ ਬਾਗ ਡੇਢ ਕੁ ਸਾਲ ਹੀ ਪਹਿਲਾਂ ਢਾਈ ਮਿਲੀਅਨ ਡਾਲਰ ਦ ਮੁੱਲ ਲਿਆ ਹੈ। ਇਹ ਡੇਢ ਸੌ ਏਕੜ ਦਾ ਬਾਗ ਹੈ।“ ਬਾਗ ਦੇ ਇਰਦ ਗਿਰਦ ਅਸੀਂ ਗੱਡੀਆਂ ਉਪਰ ਚੜ੍ਹ ਕੇ ਹੀ ਘੰੁਮ ਸਕੇ। ਬਾਗ ਬਹੁਤ ਹੀ ਹਰਿਆ ਭਰਿਆ ਸੀ। ਲੋੜ ਅਨੁਸਾਰ ਸੰਘਣੇ ਦਰਖਤ ਸਨ। ਦਰਖਤ ਸਿੱਧੀਆਂ ਲਾਈਨਾਂ ਵਿਚ ਲੱਗੇ ਹੋਏ ਸਨ। ਦਰਖਤ ਆਪਣੇ ਪੂਰੇ ਜੋਬਨ ਤੇ ਸਨ। ਪੂਰੇ ਬਾਗ ਦੀ ਉਚਾਈ ਕਰੀਬ ਅਠਾਰਾਂ ਕੁ ਫੁੁੱਟ ਜਾਪਦੀ ਸੀ। ਬਾਗ ਲੱਗੇ ਨੂੰ ਦਸ ਕੁ ਸਾਲ ਹੋ ਗਏ ਸਨ। ਬਾਗ ਦੀ ਬਾਕੀ ਉਮਰ ਬਾਰੇ ਦੱਸਿਆ ਗਿਆ ਕਿ ਇਹ ਬੰਦੇ ਦੀ ਸੇਵਾ ਤੇ ਨਿਰਭਰ ਕਰਦਾ ਹੈ; ਜੇ ਸੇਵਾ ਠੀਕ ਹੋਈ ਜਾਵੇ ਤਾਂ ਬੂਟਾ ਪੰਜਾਹ ਸਾਲ ਨਹੀਂ ਮਰਦਾ। ਅਗਸਤ ਦਾ ਮਹੀਨਾ ਸੀ। ਸਾਡੇ ਵੇਖਦਿਆਂ ਬਾਗ ਨੂੰ ਫੁੱਲ਼ ਆ ਰਿਹਾ ਸੀ। ਬਾਗ ਦਾ ਚਿੱਟਾ ਫੁੱਲ ਬਰਫ ਦੇ ਗੋਹਿੜਆਂ ਦੀ ਤਰ੍ਹਾਂ ਬਾਗ ਨੂੰ ਢਕ ਰਿਹਾ ਸੀ। ਬਾਗ ਦੀ ਆਮਦਨ ਬਾਰੇ ਪਿਆਰਾ ਸਿੰਘ ਪੂਰੀ ਤਰ੍ਹਾਂ ਸੰਤੁਸਟ ਸੀ ਤੇ ਨਾਲ ਹੀ ਦੱਸ ਰਿਹਾ ਸੀ ਕਿ ਖਰਚੇ ਵੀ ਬਹੁਤ ਹਨ। ਬਾਗ ਦੇ ਆਲੇ ਦੁਆਲੇ ਪਏ ਲੱਕੜੀ ਦੇ ਚਿੱਟੇ ਬਕਸੇ, ਜਿਨ੍ਹਾਂ ਵਿਚ ਮਖਿਆਲ ਦੀਆਂ ਮੱਖੀਆਂ ਸਨ ਬਾਰੇ ਦੱਸ ਰਿਹਾ ਸੀ ਕਿ ਇਕ ਬਕਸੇ ਦਾ ਕਿਰਾਇਆ ਡੇਢ ਸੌ ਡਾਲਰ ਹੈ। ਕਰੀਬ ਦੋ ਸੌ ਬਕਸਾ ਹੈ। ਮੱਖੀਆਂ ਦੇ ਕਿਰਾਏ ਬਾਰੇ ਗੱਲ ਸਮਝਣ ਲਈ ਉਸ ਨੇ ਦੱਸਿਆ ਕਿ ਮੱਖੀਆਂ ਤੋਂ ਬਗੈਰ ਫਲ ਨਹੀਂ ਬਣਦਾ। ਫੁੱਲ ਸੁੱਕ ਕੇ ਝੜ ਜਾਂਦਾ ਹੈ ਪਰ ਮੱਖੀ ਨਰ ਫਲਾਂ ਵਿਚੋਂ ਮਦੀਨ ਫੁੱਲਾਂ ਦੇ ਗਰਭ ਵਿਚ ਬੀਜ ਪਾਉਂਦੀ ਹੈ ਜਿਸ ਨਾਲ ਫਲ ਬਣਦਾ ਹੈ। ਇਹ ਸਭ ਕੁਝ ਸਾਡੇ ਲਈ ਹੈਰਾਨੀ ਜਨਕ ਸ਼ੀ। ਖੇਤ ਵਿਚ ਹੀ ਇਕ ਕਾਫੀ ਵੱਡਾ ਗਡਾਊਨ ਸੀ ਜਿਸ ਦੇ ਇਕ ਭਾਗ ਵਿਚ ਮਸ਼ੀਨਰੀ ਹੈ ਦੂਜੇ ਵਿਚ ਬਦਾਮ ਜਮਾ੍ਹ ਕੀਤਾ ਜਾਂਦਾ ਤੇ ਲੋੜ ਅਨੁਸਾਰ ਠੀਕ ਰੇਟ ਵੇਖ ਕੇ ਵੇਚ ਦਿਤਾ ਜਾਂਦਾ ਹੈ। ਗਡਾਊਨ ਦੇ ਬਾਹਰ ਪਿਆਰਾ ਸਿੰਘ ਦਾ ਵੱਡਾ ਲੜਕਾ ਇਕ ਵੱਡੀ ਮਸ਼ੀਨ ਦੀ ਰੀਪੇਅਰ ਕਰ ਰਿਹਾ ਸੀ। ਮੁੰਡੇ ਨਾਲ ਪਿਆਰਾ ਸਿੰਘ ਨੇ ਜਾਣ ਪਛਾਣ ਕਰਵਾਈ ਤੇ ਦੱਸਿਆ ਕਿ ਇਹ ਬਹੁਤ ਪੜ੍ਹਿਆ ਲਿਖਿਆ ਹੈ। ਇਨਫਰਮੇਸਨ ਟੈਕਨਾਲੋਜੀ ਦਾ ਟੀਚਰ ਹੈ ਪ੍ਰੰਤੂ ਘਰੇਲੂ ਕੰਮ ਜਿਆਦਾ ਹੋਣ ਕਰਕੇ ਇਸ ਨੇ ਨੌਕਰੀ ਤੋਂ ਅਸਤੀਫਾ ਦਿਤਾ ਹੋਇਆ ਹੈ। ਸਾਡੀ ਇਸ ਗੱਲ ਤੇ ਹੈਰਾਨਗੀ ਸੀ ਕਿ ਕਿੰਨੀ ਉਚੀ ਪੜ੍ਹਾਈ ਕਰਕੇ ਵੀ ਮੁੰਡਾ ਘਰੇਲੂ ਕੰਮ ਵਿਚ ਮਸਤ ਹੈ। ਇਸ ਤੋਂ ਬਾਅਦ ਅਸੀਂ ਅੰਗੂਰਾਂ ਦੇ ਬਾਗ ਵੱਲ ਚਲੇ ਗਏ। ਇਹ ਬਾਗ ਵੀ ਕਿੰਨਾ ਲੰਬਾ ਚੌੜਾ ਸੀ। ਇਕ ਸਿਰੇ ਤੇ ਖੜੋ ਕੇ ਦੂਸਰੇ ਸਿਰੇ ਤਕ ਦੀ ਲੰਬਾਈ ਕਰੀਬ ਇਕ ਕਿਲੋਮੀਟਰ ਦਿਖਾਈ ਦੇ ਰਹੀ ਸੀ। ਸਾਰਾ ਬਾਗ ਪੂਰੇ ਸਿਸਟਮ ਵਿਚ ਬੱਝਿਆ ਹੋਇਆ ਸੀ। ਪਾਣੀ ਦਾ ਪ੍ਰ੍ਰਬੰਧ ਪਾਈਪਾਂ ਰਾਹੀਂ ਕੀਤਾ ਹੋਇਆ ਸੀ। ਅੰਗੂਰਾਂ ਦੀਆਂ ਵੇਲਾਂ ਲਾਈਨਾਂ ਵਿਚ ਸਨ। ਲਾਈਨਾਂ ਅੰਦਰ ਮਸ਼ੀਨਰੀ ਦੇ ਤੁਰਨ ਲਈ ਪੂਰੀ ਪੂਰੀ ਥਾਂ ਸੀ। ਵੇਲਾਂ ਦੀ ਕਟਾਈ ਦੀ ਮਸ਼ੀਨ ਟਰੈਕਟਰ ਉਤੇ ਫਿੱਟ ਕੀਤੀ ਹੋਈ ਸੀ। ਸਾਰੀ ਕਟਾਈ ਮਸ਼ੀਨ ਨੇ ਹੀ ਕੀਤੀ ਹੋਈ ਸੀ। ਕਟਾਈ ਏਨੀ ਸਾਫ ਸੁਥਰੀ ਤੇ ਸਿੱਧੀ ਸੀ ਕਿ ਇਕ ਸਿਰੇ ਤੇ ਖੜ੍ਹੇ ਹੋ ਕੇ ਇੰਜ ਲਗਦਾ ਸੀ ਜਿਵੇਂ ਇਹ ਵੇਲਾਂ ਦੀ ਲੰਬਾਈ ਨਹੀਂ ਸਗੋਂ ਇੱਟਾਂ ਦੀ ਚਿਣੀ ਹੋਈ ਦੀਵਾਰ ਦੀ ਲੰਬਾਈ ਹੈ। ਇਹ ਬਾਗ ਵੇਖ ਕੇ ਵੀ ਬਹੁਤ ਖੁਸ਼ੀ ਹੋਈ। ਪਿਆਰਾ ਸਿੰਘ ਨੂੰ ਪੁੱਛਣ ਤੇ ਪਤਾ ਲੱਗਿਆ ਕਿ ਉਸ ਕੋਲ ਸਾਢੇ ਚਾਰ ਸੌ ਏਕੜ ਜਮੀਨ ਹੈ ਜਿਸ ਵਿਚ ਸਿਰਫ ਬਾਗ ਹੀ ਹਨ; ਕੋਈ ਛੋਟੀ ਫਸਲ ਨਹੀਂ। ਘੁੰਮਦਿਆਂ ਫਿਰਦਿਆਂ ਸਮਾ ਕਾਫੀ ਹੋ ਗਿਆ ਸੀ। ਸੂਰਜ ਧਰਤੀ ਤੋਂ ਵਿਦਾਈ ਲੈਣ ਵੱਲ ਵਧ ਰਿਹਾ ਸੀ। ਛੁਪਦੇ ਸੂਰਜ ਦੀ ਲਾਲੀ ਵਿਚ ਠੰਡ ਦਾ ਨਿੱਘ ਸੀ। “ਚਲੋ ਹੁਣ ਆਪਾਂ ਘਰ ਨੂੰ ਚਲਦੇ ਹਾਂ; ਬਾਕੀ ਭਲ਼ਕੇ ਸਹੀ।” ਪਿਆਰਾ ਸਿੰਘ ਨੇ ਸਾਨੂੰ ਸਾਰਿਆਂ ਨੂੰ ਕਿਹਾ। ਗੁਰਪ੍ਰੀਤ ਤੇ ਮਾਸਟਰ ਜੀ ਆਪਣੇ ਇਰਾਦੇ ਵਿਚ ਪੱਕੇ ਨਿਕਲੇ। ”ਘਰ ਨੂੰ ਕਿਤੇ ਫੇਰ ਸਹੀ, ਅਸੀਂ ਵਾਪਸ ਚਲਦੇ ਹਾਂ।” ਪਿਆਰਾ ਸਿੰਘ ਅਤੇ ਅਸੀਂ ਬੜਾ ਜੋਰ ਲਾਇਆ ਪਰ ਉਹ ਨਹੀਂ ਮੰਨੇ ਤੇ ਵਾਪਸ ਐਡੀਲੇਡ ਤੁਰ ਪਏ।
ਸੂਰਜ ਛੁਪਣ ਤੋਂ ਬਾਅਦ ਦੇ ਹਨੇਰੇ ਵਿਚ ਘਰ ਪਹੁੰਚਦਿਆਂ, ਸਫੈਦ ਰੰਗ ਦਾ ਲੰਬਾ ਚੌੜਾ ਮਕਾਨ ਆਪਣੀ ਟਹੁਰ ਦਾ ਪ੍ਰਦਰਸ਼ਣ ਕਰ ਰਿਹਾ ਸੀ। ਵਸੋਂ ਵਾਲ਼ੇ ਮਕਾਨ ਦੀ ਇਕ ਸਾਈਡ ਤੇ ਇਕ ਵੱਡਾ ਸਾਰਾ ਹਾਲ ਕਮਰਾ ਮਹਿਮਾਨਾਂ ਵਾਸਤੇ ਅਲਹਿਦਾ ਹੀ ਬਣਵਾਇਆ ਹੋਇਆ ਸੀ। ਹਾਲ ਡਬਲ ਬੈਡ, ਸਿੰਗਲ ਬੈਡ, ਸੋਿਿਫਆਂ ਤੇ ਡਾਈਨਿੰਗ ਸੈਟ ਨਾਲ ਭਰਿਆ ਹੋਇਆ ਸੀ। ਹਾਲ ਵਿਚ, ਜਿੱਥੇ ਮਹਾਤਮਾ ਗਾਂਧੀ ਤੇ ਨਹਿਰੂ ਦੀਆਂ ਫੋਟੋਆਂ ਲਟਕ ਰਹੀਆਂ ਸਨ ਓਥੇ ਆਸਟ੍ਰੇਲੀਅਨ ਗੋਰੇ ਲੀਡਰਾਂ ਦੀਆਂ ਫੋਟੋਆਂ ਵੀ ਲਿਸ਼ਕਾਂ ਮਾਰ ਰਹੀਆਂ ਸਨ। ਆਸਟ੍ਰੇਲੀਆ ਅਤੇ ਭਾਰਤੀ ਮੁਲਕ ਦੇ ਛੋਟੇ ਸਾਈਜ ਦੇ ਝੰਡੇ ਦੀਵਾਰ ਉਪਰ ਸਜਾਏ ਹੋਏ ਸਨ। ਹਾਲ ਦੇ ਨਾਲ ਹੀ ਟਾਇਲਟ ਤੇ ਬਾਥਰੂਮ ਸਨ। ਹਾਲ ਬਾਹਰੋਂ ਆਏ ਗਏ ਮਹਿਮਾਨਾਂ ਨੂੰ ਪੂਰੀ ਸੰਤੁਸ਼ਟੀ ਦਿੰਦਾ ਸੀ।ਬੈਠਦਿਆਂ ਹੀ ਚਾਹ ਪਾਣੀ ਦਾ ਪ੍ਰਬੰਧ ਹੋ ਗਿਆ ਤੇ ਟੀ.ਵੀ. ਉਪਰ ਸੀ.ਡੀ. ਰਾਹੀਂ ਰਹਰਾਸਿ ਦਾ ਪਾਠ ਵੀ ਸ਼ੁਰੂ ਹੋ ਗਿਆ।ਥੋਹੜੀਆਂ ਬਹੁਤੀਆਂ ਘਰੇਲੂ ਤੇ ਸਮਾਜਕ ਗੱਲਾਂ ਤੋਂ ਬਾਅਦ ਰੋਟੀ ਪਾਣੀ ਖਾ ਪੀ ਕੇ ਮੈਂ ਤੇ ਗਿਆਨੀ ਜੀ ਬੈਡਾਂ ਤੇ ਲੇਟ ਗਏ।ਦਿਨ ਦੀ ਥਕਾਵਟ ਕਰਕੇ ਗੂਹੜ੍ਹੀ ਨੀਂਦ ਨੇ ਜਲਦੀ ਹੀ ਸਾਨੂੰ ਆਪਣੀ ਹਲਵੱਕੜੀੇ ਵਿਚ ਲੈ ਲਿਆ।
ਸੁਭਾ ਹੁੰਦਿਆਂ ਹੀ ਪਿਆਰਾ ਸਿੰਘ ਨੇ ਆ ਕੇ ਸਾਨੂੰ ਆਵਾਜ ਲਗਾਈ ਤੇ ਚਾਹ ਪਾਣੀ ਬਾਰੇ ਪੁੱਛਿਆ। ਮੈਂ ਇਕ ਕੱਪ ਚਾਹ ਦੀ ਇੱਛਾ ਜਤਾਈ ਜੋ ਕਿ ਪਿਆਰਾ ਸਿੰਘ ਜਲਦੀ ਹੀ ਲੈ ਆਇਆ। ਜਪੁ ਜੀ ਸਾਹਿਬ ਦਾ ਪਾਠ ਟੈਲੀਵੀਜ਼ਨ ਤੇ ਲਗਾ ਦਿਤਾ ਗਿਆ। ਨਹਾ ਧੋ ਕੇ ਤਿਆਰ ਹੋਏ। ਪਿਆਰਾ ਸਿੰਘ ਪਰਉਂਠਿਆਂ ਦਾ ਛਾਹਵੇਲ਼ਾ ਲੈ ਆਇਆ। ਛਾਹਵੇਲ਼ਾ ਕਰਦਿਆਂ ਹੀ ਪਿਆਰਾ ਸਿੰਘ ਆਪਣੇ ਪੋਤੇ ਪੋਤੀਆਂ ਨੂੰ ਕਾਰ ਉਤੇ ਸਕੂਲ਼ ਛੱਡਣ ਚਲਾ ਗਿਆ। ਮੈਂ ਤੇ ਗਿਆਨੀ ਜੀ ਬਾਹਰ ਆ ਕੇ ਘਰ ਦੇ ਪਿਛਲੇ ਪਾਸੇ ਆਲੂ ਬੁਖਾਰਿਆਂ ਦੇ ਬਾਗ ਉਤੇ ਨਿਗਾਹ ਮਾਰਨ ਲੱਗੇ। ਬਾਗ ਕਾਫੀ ਲੰਬਾ ਚੌੜਾ ਸੀ। ਬੂਟਿਆਂ ਦੀ ਕਟਾਈ ਕੀਤੀ ਹੋਈ ਸੀ ਤੇ ਨਵੀਂ ਫੁੱਟ ਸ਼ੁਰੂ ਹੋ ਗਈ ਸੀ। ਓਥੇ ਫਿਰਦਿਆਂ ਹੀ ਮੇਰੀ ਨਿਗਾਹ, ਬਾਗ ਉਪਰ ਦੀ ਇਕ ਮੋਟਰ ਸਾਈਕਲ ਸਵਾਰ ਤੇ ਪਈ ਜੋ ਕਿ ਬਾਗ ਉਪਰ ਦੀ ਚੱਕਰ ਕੱਟ ਰਿਹਾ ਸੀ। ਵੇਖਦਿਆਂ ਹੀ ਵੇਖਦਿਆਂ ਉਹ ਮੋਟਰ ਸਾਈਕਲ ਸਵਾਰ ਸਾਡੇ ਪਾਸ ਆ ਗਿਆ। ਮੋਟਰ ਸਾਈਕਲ ਤੋਂ ਉਤਰ ਕੇ ਜਦੋਂ ਉਹ ਸਾਡੇ ਨਜਦੀਕ ਆਇਆ ਉਹ ਤਾਂ ਪਿਆਰਾ ਸਿੰਘ ਦੀ ਛੋਟੀ ਨੂੰਹ ਸੀ। ਜਵਾਨ ਉਮਰ ਦੀ ਲੜਕੀ, ਗੋਰਾ ਰੰਗ, ਸਡੌਲ ਸਰੀਰ, ਖੇਤਾਂ ਵਿਚ ਕੰਮ ਕਰਨ ਵਾਲ਼ੇ ਢਿੱਲੇ ਜਿਹੇ ਪੈਂਟ ਕਮੀਜ ਤੇ ਸਿਰ ਉਤੇ ਕਪੜੇ ਦੀ ਟੋਪੀ, ਜਿਸ ਨਾਲ ਕੰਨ ਤੇ ਗਰਦਣ ਢਕਣ ਲਈ ਕਪੜੇ ਦੀ ਝਾਲਰ ਲੱਗੀ ਹੋਈ ਸੀ, ਸਾਡੇ ਪਾਸ ਆ ਗਈ। ਗੂਹੜੀ ਅਪਣੱਤ ਦਾ ਇਜ਼ਹਾਰ ਕਰਦਿਆਂ ਦੋਵੇਂ ਹੱਥ ਜੋੜ ਕੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਗਿਆਨੀ ਜੀ ਨੂੰ ਤਾਇਆ ਜੀ ਕਹਿ ਕੇ ਹਾਲ ਚਾਲ ਪੁੱਛਣ ਲੱਗੀ। ਗਿਆਨੀ ਜੀ ਨੇ ਪਿਛਲੀ ਯਾਦ ਦਿਵਾਉਂਦਿਆਂ ਪੁੱਛਿਆ, “ਪਹਿਲਾਂ ਤੁਹਾਡਾ ਘਰ ਏਥੇ ਨਹੀਂ ਹੁੰਦਾ ਸੀ?” ਕੁੜੀ ਨੇ ਦੱਸਿਆ, “ਹਾਂ ਤਾਇਆ ਜੀ, ਅਸੀਂ ਉਹ ਢਾਹ ਕੇ ਅਹੁ ਨਵਾਂ ਬਣਾ ਲਿਆ ਹੈ ਤੇ ਏਥੇ ਮਸ਼ੀਨਰੀ ਲਈ ਸਟੋਰ ਬਣਾ ਲਿਆ ਹੈ।” ਸਟੋਰ ਕਾਫੀ ਲੰਬਾ ਚੌੜਾ ਸੀ ਜੋ ਕਿ ਮਸ਼ੀਨਰੀ ਨਾਲ ਭਰਿਆ ਪਿਆ ਸੀ। ਕੁੜੀ ਪੂਰੇ ਉਤਸ਼ਾਹ ਨਾਲ ਸਾਨੂੰ ਮਸ਼ੀਨਰੀ ਦਿਖਾਉਣ ਲੱਗ ਪਈ। ਇਕ ਟਰੈਕਟਰ, ਜਿਸ ਉਪਰ ਅੰਗੂਰਾਂ ਦੀਆਂ ਵੇਲਾਂ ਕੱਟਣ ਵਾਲੀ ਮਸ਼ੀਨ ਫਿੱਟ ਕੀਤੀ ਹੋਈ ਸੀ। ਮਸ਼ੀਨ ਦਾ ਸਾਰਾ ਕੰਟਰੋਲ ਹਾਈਡਰੌਲਿਕ ਨਾਲ ਕੀਤਾ ਹੋਇਆ ਸੀ। ਮਸ਼ੀਨ ਦਾ ਇਕ ਕਟਰ ਵੇਲਾਂ ਦੀ ਇਕ ਸਾਈਡ ਨੂੰ ਕੱਟਦਾ ਸੀ ਤੇ ਦੂਜਾ ਉਪਰ ਵਾਲੀ ਉਚਾਈ ਨੂੰ ਕੱਟਦਾ ਸੀ। ਕੁੜੀ ਮਸ਼ੀਨਰੀ ਬਾਰੇ ਸਾਨੂੰ ਇਉਂ ਸਮਝਾ ਰਹੀ ਸੀ ਜਿਵੇਂ ਖੁਦ ਇਕ ਮਕੈਨਿਕ ਹੋਵੇ। ਸਾਰੀ ਮਸ਼ੀਨਰੀ ਤੇ ਝਾਤ ਮਰਵਾ ਕੇ ਕੁੜੀ ਕਾਹਲੀ ਨਾਲ ਜਾਣ ਲੱਗੀ ਤੇ ਸਾਨੂੰ ਕਿਹਾ, “ਅੱਛਾ ਅੰਕਲ ਮੈਂ ਚੱਲੀ ਹਾਂ। ਸਾਡੇ ਖੇਤਾਂ ਵਿਚ ਕੰਮ ਕਰਨ ਵਾਲੇ ਬੰਦੇ ਆ ਗਏ ਹੋਣਗੇ!” ਕਹਿੰਦਿਆਂ ਸਾਰ ਝੱਟ ਹੀ ਕੁੜੀ ਛਾਲ ਮਾਰ ਕੇ ਇਕ ਟਰੈਕਟਰ ਤੇ ਚੜ੍ਹ ਗਈ ਤੇ ਟਰੈਕਟਰ ਸਟਾਰਟ ਕਰਕੇ, ਸਾਡੇ ਕੋਲੋਂ ਦੌੜ ਗਈ। ਮੇਰੇ ਲਈ ਕਿੰਨਾ ਹੈਰਾਨੀ ਭਰਿਆ ਨਜਾਰਾ ਸੀ। ਕੁੜੀ ਪਹਿਲਾਂ ਮੋਟਰ ਸਾਈਕਲ ਤੇ ਖੇਤਾਂ ਦੁਆਲੇ ਘੁੰਮ ਰਹੀ ਸੀ; ਫਿਰ ਸਾਨੂੰ ਮਸ਼ੀਨਰੀ ਬਾਰੇ ਜਾਣਕਾਰੀ ਦੇ ਰਹੀ ਸੀ ਤੇ ਫਿਰ ਟਰੈਕਰ ਚਲਾ ਕੇ, ਖੇਤਾਂ ਨੂੰ ਚਲੀ ਗਈ। ਇਕ ਦਮ ਦਿਮਾਗ ਘੁੰਮ ਗਿਆ ਕਿ ਅਸੀਂ ਪੰਜਾਬ ਵਿਚ ਬੈਠੇ ਡੀਂਗਾਂ ਮਾਰਦੇ ਹਾਂ ਕਿ ਅਸੀਂ ਖੇਤਾਂ ਵਿਚ ਕੰਮ ਕਰਦੇ ਹਾਂ ਪਰ ਇਹਨਾਂ ਲੋਕਾਂ ਨਾਲ ਸਾਡਾ ਕੀ ਮੁਕਾਬਲਾ ਹੈ?
ਏਨੇ ਨੂੰ ਪਿਆਰਾ ਸਿੰਘ ਅਟਵਾਲ ਬੱਚਿਆਂ ਨੂੰ ਸਕੂਲ਼ ਛੱਡ ਕੇ ਆਗਿਆ ਤੇ ਸਾਨੂੰ ਕਾਰ ਵਿਚ ਬੈਠਾ ਕੇ, ਰੈਨਮਾਰਕ ਨੂੰ ਲੈ ਤੁਰਿਆ। ਰੈਨਮਾਰਕ ਪਿਛਲੇ ਕੁਝ ਦਹਾਕਿਆਂ ਵਿਚ ਵਸਿਆ ਹੋਇਆ ਕਸਬਾ ਹੈ। ਵਸੋਂ ਪੂਰੀ ਵਿਉਂਤਬੰਦੀ ਨਾਲ ਕੀਤੀ ਹੋਈ ਹੈ। ਸੜਕ ਅਤੇ ਮਰੇ ਦਰਿਆ ਵਿਚਕਾਰ ਬਣਾਇਆ ਹੋਇਆ ਪਾਰਕ, ਬਾਹਰਲੇ ਯਾਤਰੀਆਂ ਲਈ ਖਿੱਚ ਦਾ ਕੇਂਦਰ ਹੈ। ਮੋਟੇ ਗਲੀਚੇ ਦੀ ਤਰਾਂ੍ਹ ਵਿਛਿਆ ਘਾਹ, ਫੁੱਲਦਾਰ ਪੌਦੇ ਤੇ ਛੋਟੇ ਬੱਚਿਆਂ ਲਈ ਬਣਾਏ ਹੋਏ ਜਾਨਵਰ ਵਧੀਆ ਨਜਾਰਾ ਪੇਸ਼ ਕਰਦੇ ਹਨ। ਦਰਿਆ ਦੇ ਕੰਢੇ ਬਣਿਆ ਪੱਕਾ ਪੈਦਲ ਰਸਤਾ, ਦਰਿਆ ਦੇ ਵਗਦੇ ਪਾਣੀ ਉਪਰ ਝਾਤ ਮਰਵਾਉਂਦਾ ਹੈ। ਸਵੇਰ ਦਾ ਸਮਾ ਸੀ। ਆਮ ਲੋਕ ਇਸ ਰਸਤੇ ਤੇ ਸੈਰ ਕਰਦੇ ਫਿਰ ਰਹੇ ਸਨ, ਜਦੋਂ ਕਿ ਭਰ ਜਵਾਨ ਦੋ ਗੋਰੀਆਂ ਕੁੜੀਆਂ, ਜਿਨ੍ਹਾਂ ਨੇ ਕਾਲ਼ੇ ਰੰਗ ਦੇ ਐਥਲੈਟਿਕਸ ਵਾਲੀਆਂ ਨਿਕਰਾਂ ਤੇ ਬਲਾਊਜ ਪਹਿਨੇ ਹੋਏ ਸਨ, ਆਪਣੇ ਹੱਥਾਂ ਵਿਚ ਕੁੱਤਿਆਂ ਦੀਆਂ ਸੰਗਲੀਆਂ ਫੜੀ, ਦੌੜ ਲਾਉਂਦੀਆਂ ਆ ਰਹੀਆਂ ਸਨ ਤੇ ਕੁੱਤੇ ਵੀ ਉਹਨਾਂ ਦੇ ਬਰਾਬਰ ਦੌੜ ਰਹੇ ਸਨ। ਕਿੰਨਾ ਸੁਹਾਵਣਾ ਦ੍ਰਿਸ ਸੀ!
ਬਹੁਤ ਹੀ ਅਦਭੁਤ ਨਜਾਰਾ ਇਹ ਬਣਦਾ ਹੈ ਕਿ ਵਗ ਰਹੇ ਦਰਿਆ ਕੰਢੇ ਕਿਸ਼ਤੀਆਂ ਦੀ ਤਰਾਂ੍ਹ ਲੱਕੜੀ ਦੇ ਮਕਾਨ ਕਿੰਨੀ ਲੰਬੀ ਲਾਈਨ ਵਿਚ ਦਰਿਆ ਅੰਦਰ ਖੜ੍ਹੇ ਹਨ! ਮਕਾਨਾਂ ਵਿਚ ਬੁੱਢੇ ਗੋਰੇ ਗੋਰੀਆਂ ਰਹਿੰਦੇ ਹਨ। ਆਪਣੀ ਜਿੰਦਗੀ ਦਾ ਦੁਨੀਆਦਾਰੀ ਦਾ ਸਫਰ ਤਹਿ ਕਰਕੇ, ਆਖਰੀ ਉਮਰੇ ਏਥੇ ਆਨੰਦ ਮਾਣਦੇ ਹਨ।ਮਕਾਨ ਬਹੁਤ ਹੀ ਸੁੰਦਰ ਤੇ ਮਜ਼ਬੂਤ ਹਨ। ਮੀਂਹ ਹਨੇਰੀਆਂ ਦਾ ਕੋਈ ਖਤਰਾ ਨਹੀਂ।ਗਰਮੀ ਸਰਦੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ।ਮਕਾਨ ਨੂੰ ਕਿਤੇ ਦੂਰ ਦੁਰਾਡੇ ਲੈ ਜਾਣ ਲਈ, ਅੰਦਰ ਹੀ ਇੰਜਣ ਫਿੱਟ ਹਨ, ਮਨਚਾਹੀ ਥਾਂ ਤੇ ਖੜ੍ਹਾ ਕੀਤਾ ਜਾ ਸਕਦਾ ਹੈ।ਜੋ ਬੁੱਢੇ ਬੁਢੀਆਂ ਇਹਨਾਂ ਵਿਚ ਰਹਿੰਦੇ ਹਨ, ਉਹਨਾਂ ਦਾ ਕੰਮ ਸਿਰਫ ਬਾਜਾਰੋਂ ਸਾਮਾਨ ਲਿਆ ਕੇ ਖਾਣਾ ਪੀਣਾ ਹੀ ਹੈ।ਖਰਚੇ ਲਈ ਸਰਕਾਰ ਵੱਲੋਂ ਪੈਨਸ਼ਨ ਦਾ ਪੈਸਾ ਵਧੀਆ ਗੁਜਾਰਾ ਕਰਵਾਉਂਦਾ ਹੈ।ਖਾ ਪੀ ਕੇ ਬਰਾਂਡੇ ਜਾਂ ਵਿਹੜੇ ਵਿਚ ਬੈਠ ਕੇ ਦਰਿਆ ਦੇ ਪਾਣੀ ਅਤੇ ਹਵਾਵਾਂ ਦਾ ਆਨੰਦ ਮਾਣਦੇ ਹਨ।ਇਹਨਾਂ ਲੋਕਾਂ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਅਸੀਂ ਲੋਕ ਮਰਨ ਤੋਂ ਬਾਅਦ ਸਵਰਗ ‘ਚ ਜਾਣ ਦੀਆਂ ਗੱਲਾਂ ਕਰਦੇ ਹਾਂ ਪਰ ਇਹ ਲੋਕ ਜੀਂਦੇ ਜੀ ਹੀ ਸੁਰਗ ਭੋਗ ਰਹੇ ਹਨ। ਇਹਨਾਂ ਦੇ ਧੀਆਂ ਪੁੱਤਰ ਇਹਨਾਂ ਨੂੰ ਆ ਕੇ ਮਿਲਦੇ ਜੁਲਦੇ ਰਹਿੰਦੇ ਹਨ ਤੇ ਦੇਖ ਰੇਖ ਕਰਦੇ ਹਨ।
ਮਕਾਨਾਂ ਦੇ ਇਕ ਪਾਸੇ ਦਰਿਆ ਤੇ ਡੈਮ ਬਣਿਆ ਹੋਇਆ ਹੈ, ਜਿਸ ਰਾਹੀਂ ਦਰਿਆ ਚੋਂ ਪਾਣੀ ਕੱਢ ਕੇ ਇਲਾਕੇ ਦੇ ਖੇਤਾਂ ਨੂੰ ਲਗਾਇਆ ਜਾਂਦਾ ਹੈ। ਡੈਮ ਪੂਰੀ ਤਰ੍ਹਾਂ ਨਵੀਂ ਟੈਕਨੀਕ ਨਾਲ ਬਣਿਆ ਹੋਇਆ ਹੈ। ਦਰਿਆ ਵਿਚੋਂ ਬਿਜਲੀ ਦੀਆਂ ਮੋਟਰਾਂ ਨਾਲ ਪਾਣੀ ਖਿੱਚ ਕੇ, ਮੋਟੇ ਪਾਈਪਾਂ ਰਾਹੀਂ ਖੇਤਾਂ ਨੂੰ ਭੇਜਿਆ ਜਾਂਦਾ ਹੈ। ਪਾਣੀ ਦੀ ਵੰਡ ਪੰਜਾਬ ਵਿਚ ਨਹਿਰਾਂ ਵਿਚੋਂ ਸੂਏ ਕੱਸੀਆਂ ਦੀ ਤਰ੍ਹਾਂ ਹੈ; ਪ੍ਰੰਤੂ ਏਥੇ ਸਾਰਾ ਪਾਣੀ ਮੋਟੇ ਪਾਈਪਾਂ ਰਾਹੀਂ, ਅੰਡਰਗਰਾਊਂਡ ਹੀ ਭੇਜਿਆ ਜਾਂਦਾ ਹੈ। ਪਾਈਪਾਂ ਵਿਚ ਪਾਣੀ ਦੀ ਸਪਲਾਈ ਲਈ ਵੱਡੇ ਸਾਈਜ ਦੀਆਂ ਛੇ ਮੋਟਰਾਂ ਲੱਗੀਆਂ ਹੋਈਆਂ ਹਨ।ਪਾਣੀ ਦੇ ਨਿਕਾਸ ਦੀ ਲੋੜ ਅਨੁਸਾਰ ਮੋਟਰਾਂ ਪਾਣੀ ਧੱਕਦੀਆਂ ਹਨ। ਘੱਟ ਲੋੜ ਤੇ ਇਕ ਦੋ ਮੋਟਰਾਂ ਹੀ ਚੱਲਦੀਆਂ ਹਨ ਪਰ ਜਿਆਦਾ ਲੋੜ ਤੇ ਜਿਆਦਾ ਮੋਟਰਾਂ ਚੱਲਦੀਆਂ ਹਨ। ਮੋਟਰਾਂ ਦੇ ਚੱਲਣ ਲਈ ਸਾਰਾ ਸਿਸਟਮ ਆਟੋਮੈਟਿਕ ਹੈ। ਜਿਵੇਂ ਜਿਵੇਂ ਪਾਣੀ ਦੀ ਲੋੜ ਵੱਧਦੀ ਜਾਂਦੀ ਹੈ ਮੋਟਰਾਂ ਦੀ ਸਟਾਰਟਿੰਗ ਆਪਣੇ ਆਪ ਹੋਈ ਜਾਂਦੀ ਹੈ ਤੇ ਜਿਵੇਂ ਜਿਵੇਂ ਪਾਣੀ ਦੀ ਲੋੜ ਘਟਦੀ ਜਾਂਦੀ ਹੈ ਮੋਟਰਾਂ ਆਪਣੇ ਆਪ ਬੰਦ ਹੋਈ ਜਾਂਦੀਆਂ ਹਨ। ਕਿਸਾਨਾਂ ਨੂੰ ਪਾਣੀ ਦਾ ਕਨੈਕਸ਼ਨ ਪਾਈਪਾਂ ਵਿਚੋਂ ਦਿਤਾ ਹੋਇਆ ਹੈ। ਪਾਣੀ ਪੂਰੇ ਪਰੈਸਰ ਨਾਲ ਚਲਦਾ ਹੈ। ਕਈ ਬਾਗਾਂ ਦੀ ਸਿੰਚਾਈ ਫੁਹਾਰਿਆਂ ਨਾਲ ਹੀ ਕੀਤੀ ਜਾਂਦੀ ਹੈ। ਪੂਰੇ ਦੇ ਪੂਰੇ ਖੇਤ ਤੇ ਪਾਣੀ ਮੀਂਹ ਵਾਂਗ ਹੀ ਵਰ੍ਹਦਾ ਹੈ। ਮੀਟਰ ਨਾਲ ਪਾਣੀ ਦੇ ਬਿੱਲ ਦੀ ਅਦਾਇਗੀ ਕੀਤੀ ਜਾਂਦੀ ਹੈ। ਦਿਮਾਗ ਨਾਲ ਝਾਤ ਮਾਰਨ ਲੱਗਿਆਂ ਸਪਸ਼ਟ ਦਿਖਾਈ ਦਿੰਦਾ ਹੈ ਕਿ ਸਿਸਟਮ ਨੇ ਖੇਤਾਂ ਦੀ ਹਰਿਆਲੀ ਤੇ ਕਿਸਾਨ ਨੂੰ ਮਾਲਾ ਮਾਲ ਕੀਤਾ ਹੋਇਆ ਹੈ; ਕਿਸੇ ਰੱਬ ਦੇ ਲੇਖਾਂ ਨੇ ਨਹੀਂ।
ਡੈਮ ਤੋਂ ਬਾਅਦ ਇਕ ਹੋਰ ਪੰਜਾਬੀ ਪਰਵਾਰ ਨੂੰ ਮਿਲਣ ਜਾ ਰਹੇ ਸੀ ਕਿ ਰਸਤੇ ਵਿਚ ਇਕ ਮੁਸਲਿਮ ਦੇਸ਼, ਸੀਰੀਆ ਤੋਂ ਆਏ ਪਰਵਾਰ ਦਾ ਫਾਰਮ ਸੀ। ਉਹ ਸ. ਪਿਆਰਾ ਸਿੰਘ ਅਟਵਾਲ ਨਾਲ਼ ਚੰਗਾ ਮੇਲ ਜੋਲ ਰਖਦਾ ਸੀ। ਉਸ ਦੇ ਫਾਰਮ ਤੇ ਗਏ। ਗੱਲਾਂ ਬਾਤਾਂ ਤੋਂ ਪਤਾ ਲੱਗਿਆ ਕਿ ਇਸ ਨੂੰ ਆਇਆਂ ਕਰੀਬ ਵੀਹ ਸਾਲ ਹੋ ਗਏ ਹਨ। ਮਿਹਨਤ ਕਰਕੇ ਚੰਗੀ ਜਮੀਨ ਬਣਾ ਲਈ ਹੈ। ਇਹ ਦੋਨੋਂ ਮੀਆਂ ਬੀਵੀ ਖੇਤਾਂ ਵਿਚ ਅੰਗੂਰਾਂ ਦੀਆਂ ਵੇਲਾਂ ਦੀ ਕਟਿੰਗ ਕਰ ਰਹੇ ਸਨ। ਆਦਮੀ ਨੇ ਤਾਂ ਭਾਵੇਂ ਖੇਤਾਂ ਵਿਚ ਕੰਮ ਕਰਨ ਵਾਲੀ ਪੈਂਟ ਕਮੀਜ ਪਾਈ ਹੋਈ ਸੀ ਪ੍ਰੰਤੂ ਜਨਾਨੀ ਨੇ ਕਮੀਜ ਸਲਵਾਰ ਤੇ ਸਿਰ ਦੀ ਚੁੰਨੀ ਨਾਲ, ਪੂਰਾ ਮੂੰਹ ਸਿਰ ਢਕਿਆ ਹੋਇਆ ਸੀ ਤੇ ਸਿਰਫ ਅੱਖਾਂ ਹੀ ਨੰਗੀਆਂ ਸਨ। ਉਹ ਪੂਰੇ ਜੀਅ ਜਾਨ ਨਾਲ ਖੇਤਾਂ ਵਿਚ ਕੰਮ ਕਰ ਰਹੇ ਸਨ।
ਜਦੋਂ ਪੰਜਾਬੀ ਪਰਵਾਰ ਕੋਲ਼ ਗਏ ਉਹਨਾਂ ਦਾ ਵੱਡਾ ਲਾਣੇਦਾਰ, ਜੋ ਉਮਰੋਂ ਸੱਠ ਪੈਂਹਠ ਦਾ ਲਗਦਾ ਸੀ, ਗੋਰੇ ਡਰਾਈਵਰ ਤੋਂ, ਟਰੱਕ ਵਿਚੋਂ ਪਾਣੀ ਦਾ ਵੱਡਾ ਟੈਂਕ ਉਤਰਵਾ ਰਿਹਾ ਸੀ। ਚਾਰੋਂ ਨੂੰਹ ਪੁੱਤਰ ਇਕ ਵੱਡੇ ਸ਼ੈਡ, ਜਿਸ ਵਿਚ ਸੰਤਰੇ ਪੈਕ ਕਰਨ ਦਾ ਕਾਰਖਾਨਾ ਲੱਗਾ ਹੋਇਆ ਸੀ, ਵਿਚ ਕੰਮ ਕਰ ਰਹੇ ਸਨ। ਇਰਦ ਗਿਰਦ ਦੇ ਖੇਤਾਂ ਵਿਚ ਸੰਤਰਿਆਂ ਦੇ ਬਾਗ ਧਰਤੀ ਦੀ ਹਿੱਕ ਨੂੰ ਪੂਰੀ ਤਰ੍ਹਾਂ ਢੱਕੀ ਖੜ੍ਹੇ ਸਨ। ਸੰਤਰਾ ਤੋੜ ਕੇ ਸ਼ੈਡ ਵਿਚ ਲਿਆਂਦਾ ਜਾ ਰਿਹਾ ਸੀ ਤੇ ਸੰਤਰੇ ਦੀ ਪੈਕਿੰਗ ਗੱਤੇ ਦੇ ਡੱਬਿਆਂ ਵਿਚ ਕੀਤੀ ਜਾ ਰਹੀ ਸੀ। ਚਾਰੋਂ ਬੰਦੇ ਕਾਰਖਾਨੇ ਦੀ ਦੇਖ ਰੇਖ ਕਰ ਰਹੇ ਸਨ। ਪੈਕਿੰਗ ਦਾ ਸਾਰਾ ਕੰਮ ਆਟੋਮੈਟਿਕ ਸੀ। ਜਮੀਨ ਤੋਂ ਕਰੀਬ ਚਾਰ ਫੁੱਟ ਉਚੀ ਤੇ ਦੋ ਫੁੱਟ ਚੌੜੀ ਰਬੜ ਦੀ ਬੈਲ਼ਟ ਚੱਲ ਰਹੀ ਸੀ। ਬੈਲਟ ਆਪਣੇ ਆਪ ਸੰਤਰੇ (ਮਾਲਟੇ) ਚੁੱਕ ਰਹੀ ਸੀ ਤੇ ਅੱਗੇ ਜਾਈ ਜਾ ਰਹੇ ਸਨ। ਬੈਲਟ ਦੇ ਦੋਨੋਂ ਪਾਸੇ ਦੋਨੋਂ ਜਨਾਨੀਆਂ ਖੜ੍ਹੀਆਂ ਸਨ ਜੋ ਕਿ ਖਰਾਬ ਸੰਤਰੇ ਨੂੰ ਫੜ ਕੇ ਬਾਹਰ ਸੁੱਟਦੀਆਂ ਸਨ। ਬਾਕੀ ਸਾਰਾ ਕੰੰਮ ਬੈਲ਼ਟ ਤੇ ਮਸ਼ੀਨ ਨੇ ਕਰਨਾ ਸੀ। ਬੈਲਟ ਤੇ ਚਲਦਿਆਂ ਹੀ ਸੰਤਰੇ ਦਵਾਈ ਵਾਲੇ ਪਾਣੀ ਨਾਲ ਧੋਤੇ ਜਾਂਦੇ ਸੀ ਤੇ ਹਵਾ ਦੇ ਪਰੈਸ਼ਰ ਨਾਲ ਸੁਕਾਏ ਜਾਂਦੇ ਸੀ। ਛੋਟੇ ਵੱਡੇ ਦੀ ਛਾਂਟੀ ਦਾ ਕੰਮ ਵੀ ਮਸ਼ੀਨ ਹੀ ਕਰਦੀ ਸੀ।ਸੰਤਰਾ ਅਪਣੇ ਆਪ ਗੱਤੇ ਦੀਆਂ ਟਰੇਆਂ ਵਿਚ ਸੈਟ ਹੋ ਰਿਹਾ ਸੀ ਤੇ ਟਰੇਅ ਗੱਤੇ ਦੇ ਡੱਬਿਆਂ ਵਿਚ ਪੈਕ ਹੋਈ ਜਾ ਰਹੀ ਸੀ। ਦੋਨੋਂ ਆਦਮੀਆਂ ਦਾ ਕੰਮ ਬਾਹਰੋਂ ਸੰਤਰਾ ਮਸ਼ੀਨ ਕੋਲ ਰਖਣਾ ਤੇ ਪੈਕ ਹੋਏ ਬਕਸਿਆਂ ਨੂੰ ਇਕ ਪਾਸੇ ਕਰਨਾ ਸੀ। ਕੰਮ ਕਰ ਰਹੇ ਇਹ ਚਾਰੋਂ ਜੀਅ ਏਨੀ ਖੁਸ਼ੀ ਤੇ ਹੌਂਸਲੇ ਨਾਲ ਕੰਮ ਕਰ ਰਹੇ ਸੀ ਜਿਵੇਂ ਭੰਗੜਾ ਤੇ ਗਿੱਧਾ ਪਾਉਂਦੇ ਫਿਰ ਰਹੇ ਹੋਣ। ਇਕ ਮੁੰਡੇ ਨੇ ਮੇਰੇ ਕੋਲ਼ ਆ ਕੇ, ਹੌਲੀ ਦੇ ਕੇ ਕਿਹਾ, “ਅੰਕਲ ਚਾਹ ਪਾਣੀ ਤਾਂ ਡੈਡੀ ਪਿਲਾਉਣਗੇ; ਮੈਂ ਦਾਰੂ ਲੈ ਆਵਾਂ? ਘਰ ਦੀ ਕੱਢੀ ਹੋਈ ਹੈ; ਬਹੁਤ ਹੀ ਵਧੀਆ ਸ਼ਰਾਬ ਹੈ।” “ਨਾ ਬੇਟਾ, ਬਹੁਤ ਬਹੁਤ ਧੰਨਵਾਦ। ਤੁਸੀਂ ਕੰਮ ਕਰੋ ਡਟ ਕੇ।”ਮੇਰੀ ਉਸ ਵੇਲੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਬਕਸਿਆਂ ਉਪਰ “ਸਿੰਘ ਏਪਲ” ਦਾ ਪ੍ਰਿੰਟ ਪੜ੍ਹਿਆ। ਕਿੱਥੋਂ ਤੱਕ ਪਹੰੁਚ ਗਏ ਸਾਡੇ ਪੰਜਾਬੀ ਲੋਕ! ਆਸਟ੍ਰੇਲੀਆ ਦੀ ਮੰਡੀ ਵਿਚ ਸੰਤਰਾ ਵੇਚਦੇ ਸਿੱਖੀ ਦਾ ਨਾਮ ਵੀ ਵੰਡ ਰਹੇ ਹਨ। ਘਰ, ਜੋ ਕਿ ਪੈਕਿੰਗ ਪਲਾਂਟ ਦੇ ਨਾਲ ਹੀ ਸੀ, ਬੈਠ ਕੇ ਚਾਹ ਪਾਣੀ ਪੀਤਾ ਤੇ ਗੱਲਾਂ ਬਾਤਾਂ ਕਰਦੇ ਰਹੇ। ਮੈਂ ਪਹਿਲੀ ਵਾਰ ਮੁਲਕ ਦੀ ਲੇਬਰ ਪਾਰਟੀ ਦੀ ਭਰਵੀਂ ਵਿਰੋਧਤਾ ਸੁਣੀ ਜਦੋਂ ਕਿ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਹੀ ਪਹਿਲਾਂ ਤੋਂ ਚੱਲੀ ਆ ਰਹੀ, ਵਾਈਟ ਪੌਲਿਸੀ ਨੂੰ ਤੋੜ ਕੇ, ਕਾਲ਼ੇ ਭੂਰੇ ਲੋਕਾਂ ਨੂ,ੰ ਆਸਟ੍ਰੇਲੀਆ ਵਿਚ ਆਉਣ ਦੀ ਇਜਾਜਤ ਦਿਤੀ ਸੀ। ਇਸ ਵਿਰੋਧ ਦਾ ਕਾਰਨ ਜਾਨਣ ਲਈ ਮੈਂ ਗੱਲ ਅੱਗੇ ਵਧਾਈ। ਜਵਾਬ ਵਿਚ ਪੂਰੀ ਜਾਨ ਸੀ ਕਿ ਪਿਛਲੀ ਵਾਰ ਲੇਬਰ ਪਾਰਟੀ ਨੇ ਆਪਣੀ ਹਕੂਮਤ ਵੇਲ਼ੇ, ਆਰਥਿਕ ਮੰਦੀ ਦਰਮਿਆਨ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਮੁਫਤ ਪੈਸਾ ਵੰਡ ਕੇ, ਮੁਲਕ ਦੀ ਤਰੱਕੀ ਰੋਕ ਦਿਤੀ ਸੀ। ਸ਼ਹਿਰ ਬ੍ਰਿਸਬਿਨ ਲਾਗੇ ਮਰੇ ਦਰਿਆ ਉਪਰ ਬਣਨ ਵਾਲਾ ਡੈਮ, ਜਿਸ ਨਾਲ ਮੁਲਕ ਦੇ ਕਿੰਨੇ ਵੱਡੇ ਹਿੱਸੇ ਨੂੰ ਪਾਣੀ ਮਿਲਣਾ ਸੀ, ਨੂੰ ਰੋਕ ਕੇ, ਪੈਸਾ ਮੁਫਤ ਵੰਡ ਦਿਤਾ ਗਿਆ; ਜਿਸ ਕਰਕੇ ਸਾਡਾ ਭਵਿੱਖ ਕਿੰਨਾ ਪਿੱਛੇ ਚਲਾ ਗਿਆ! ਗੱਲਾਂ ਬਾਤਾਂ ਤੋਂ ਬਾਅਦ ਵਿਦਾਇਗੀ ਲੈ ਕੇ ਅਸੀਂ ਮੁੜ ਸ. ਪਿਆਰਾ ਸਿੰਘ ਦੇ ਘਰ ਆ ਗਏ। ਰਾਤ ਨੂੰ ਸਾਰੇ ਦਿਨ ਦੀਆਂ ਗੱਲਾਂ ਹੁੰਦੀਆਂ ਰਹੀਆਂ। ਸੁਭਾ ਹੁੰਦਿਆਂ ਪਿਆਰਾ ਸਿੰਘ ਸਾਨੂੰ ਰੈਨਮਾਰਕ ਬੱਸ ਅੱਡੇ ਤੇ ਉਤਾਰ ਗਿਆ। ਗਿਆਨੀ ਜੀ ਨੇ ਹਾਲੇ ਕੁਝ ਦਿਨ ਹੋਰ ਰੈਨਮਾਰਕ ਰੁਕਣਾ ਸੀ, ਇਸ ਲਈ ਮੈਂ ਇਕੱਲਾ ਹੀ ਐਡੀਲੇਡ ਵਾਲੀ ਬੱਸ ਵਿਚ ਸਵਾਰ ਹੋ ਗਿਆ।
ਸਵੇਰ ਦਾ ਸਮਾਂ ਸੀ। ਬੱਸ ਵਿਚ ਬੁੱਢੇ ਬੁੱਢੀਆਂ ਤੇ ਬੱਚੇ ਹੀ ਸਵਾਰ ਸਨ। ਕੋਈ ਵੀ ਜਵਾਨ ਉਮਰ ਦੀ ਸਵਾਰੀ ਨਹੀਂ ਸੀ। ਸਕੂਲੀ ਬੱਚੇ ਆਪਣਾ ਸਕੂਲ ਆਉਣ ਤੇ ਉਤਰੀ ਜਾ ਰਹੇ ਸਨ। ਰਸਤੇ ਵਿਚ ਚਾਹ ਪਾਣੀ ਪੀ ਕੇ ਬੱਸ ਐਡੀਲੇਡ ਪਹੁੰਚ ਗਈ।
ਐਡੀਲੇਡ ਮੈਨੂੰ ਗੁਰਪ੍ਰੀਤ ਸਿੰਘ ਉਡੀਕ ਹੀ ਰਿਹਾ ਸੀ। ਮੇਰੀ ਸਿਡਨੀ ਦੀ ਫਲਾਈਟ ਵਿਚ ਹਾਲੇ ਚਾਰ ਘੰਟੇ ਬਾਕੀ ਸਨ। ਬੱਸ ਅੱਡੇ ਤੋਂ ਲੈ ਕੇ ਘਰ ਚਲਾ ਗਿਆ।ਗੁਰਪ੍ਰੀਤ ਦਾ ਪਰਵਾਰ ਵੀ ਕਿਤੇ ਬਾਹਰ ਜਾਣ ਲਈ ਤਿਆਰ ਖੜ੍ਹਾ ਸੀ। ਮੈਨੂੰ ਦੱਸਿਆ ਗਿਆ ਕਿ ਅੱਜ ਰੱਖੜੀ ਦਾ ਤਿਉਹਾਰ ਹੈ। ਮੈਂ ਆਪਣੀ ਬਣਾਈ ਹੋਈ ਭੈਣ ਕੋਲ਼ੋਂ ਰੱਖੜੀ ਬੰਨ੍ਹਾਉਣ ਜਾਣਾ ਹੈ। ਅਗਰ ਤੁਸੀਂ ਚਾਹੋ ਤਾਂ ਸਾਡੇ ਨਾਲ ਜਾ ਸਕਦੇ ਹੋ। ਵੈਸੇ ਵੀ ਉਹ ਕੁੜੀ ਤੁਹਾਡੇ ਸਹੁਰਿਆਂ ਦੇ ਪਿੰਡ ਘਨੌਰ ਤੋਂ ਹੈ। ਸਹੁਰਿਆਂ ਦੇ ਪਿੰਡ ਦਾ ਨਾਉਂ ਸੁਣ ਕੇ ਮੇਰੇ ਵੀ ਕੰਨ ਖੜੇ ਹੋ ਗਏ ਅਤੇ ਮੈਂ ਜਾਣ ਲਈ ਤਿਆਰ ਹੋ ਗਿਆ। ਕੁੜੀ ਦੇ ਘਰ ਜਾਣ ਤੋਂ ਪਹਿਲਾਂ ਹੀ, ਉਹਨਾਂ ਨੂੰ ਮੇਰੇ ਬਾਰੇ ਦੱਸ ਦਿਤਾ ਗਿਆ ਸੀ। ਕੁੜੀ ਪੂਰੇ ਉਤਸ਼ਾਹ ਨਾਲ, ਸਾਡੇ ਸਵਾਗਤ ਲਈ ਤਿਆਰ ਖੜ੍ਹੀ ਸੀ। ਭਰਾ ਦੇ ਰੱਖੜੀ ਬੰਨ੍ਹਣ ਦਾ ਜੋਸ਼ ਠਾਠਾਂ ਮਾਰ ਰਿਹਾ ਸੀ ਤੇ ਮੈਨੂੰ ਵੀ ਗੱਜ ਕੇ, “ਫੁੱਫੜ ਜੀ, ਸਤਿ ਸ੍ਰੀ ਅਕਾਲ” ਬੁਲਾਈ। ਬੈਠਦਿਆਂ ਹੀ ਚਾਹ ਪਾਣੀ ਪੀਤਾ। ਗੱਲ਼ਾ ਬਾਤਾਂ ਹੋਈਆਂ, ਬਹੁਤ ਹੀ ਖੁਸ਼ੀ ਹੋਈ। ਸਾਡੇ ਰਸਮੋ ਰਿਵਾਜ ਸਾਡੇ ਮਨਾਂ ‘ਚੋਂ ਨਹੀਂ ਨਿਕਲ ਸਕਦੇ। ਸਮੇ ਦੀ ਘਾਟ ਕਰਕੇ ਕੁੜੀ ਕੋਲ਼ੋਂ ਵਿਦਾਇਗੀ ਲਈ, ਵਾਪਸ ਘਰ ਆ ਗਏ ਤੇ ਘਰੋਂ ਏਅਰ ਪੋਰਟ ਨੂੰ ਚੱਲ ਪਏ। ਗੁਰਪ੍ਰੀਤ ਪੂਰੀ ਅਪਣੱਤ ਨਾਲ ਮੈਨੂੰ ਬੱਸ ਅੱਡੇ ਤੇ ਛੱਡ ਗਿਆ। ਜਹਾਜ ਦਾ ਸਫਰ ਕਰੀਬ ਦੋ ਘੰਟਿਆਂ ਦਾ ਸੀ। ਜਹਾਜ ਦੇ ਤੁਰਨ ਤੋਂ ਬਾਅਦ ਅੰਦਰ ਚਾਹ ਪਾਣੀ ਤੇ ਵਿਸਕੀ ਵਿਕਣੀ ਸ਼ੁਰੂ ਹੋ ਗਈ। ਮੇਰੀ ਸੀਟ ਦੇ ਦੋਨੋਂ ਪਾਸੇ ਦੋ ਗੋਰੀਆਂ ਕੁੜੀਆਂ ਬੈਠੀਆਂ ਸਨ। ਇਕ ਆਪਣੀ ਕਿਤਾਬ ਵਿਚ ਮਸਤ ਸੀ ਤੇ ਦੂਜੀ ਨੇ ਵਿਸਕੀ ਦਾ ਅੱਧਾ ਤੇ ਨਮਕੀਨ ਲ਼ੈ ਕੇ ਪੀਣੀ ਸ਼ੁਰੂ ਕਰ ਦਿਤੀ। ਪੀਣ ਤੋਂ ਪਹਿਲਾਂ ਬਹੁਤ ਹੀ ਸਲੀਕੇ ਨਾਲ ਕੁੜੀ ਨੇ ਮੈਨੂੰ ਸੁਲਾਹ ਮਾਰੀ ਤੇ ਮੈਂ ਥੈਂਕਯੂ ਕਹਿ ਦਿਤਾ। ਸਫਰ ਤੋਂ ਬਾਅਦ ਮੇਰਾ ਲੜਕਾ ਮੈਨੂੰ ਹਵਾਈ ਅੱਡੇ ਤੇ ਲੈਣ ਆਇਆ ਹੋਇਆ ਸੀ ਤੇ ਅਸੀਂ ਘਰ ਪਹੁੰਚ ਗਏ।
ਨਿਰਮਲ ਸਿੰਘ ਨੋੋਕਵਾਲ
ਫੋਨ- 0469719854