ਨਵੀਂ ਦਿੱਲੀ, 28 ਜੂਨ ( ਅੰਮ੍ਰਿਤ ਲਾਲ ਮੰਨਣ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਅੱਜ ਇਕ ਮੀਟਿੰਗ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਨੂੰ ਮੁੜ ਤੋਂ ਸ਼ੁਰੂ ਕਰਨ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਹੋਈ। ਨਵੀਂ ਕਮੇਟੀ ਵੱਲੋਂ ਫਰਵਰੀ ੨੦੧੩ ‘ਚ ਸੇਵਾ ਮਿਲਣ ਤੋਂ ਬਾਅਦ ਪੁਰਾਣੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਦੀ ਬਿਲਡਿੰਗ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਚਲਾਉਣ ਤੇ ਸਿੱਖ ਵਿਧਵਾਨਾਂ ਵੱਲੋਂ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਕੋਲ ਪਹੁੰਚ ਕਰਕੇ ਏਤਰਾਜ਼ ਜਤਾਇਆ ਗਿਆ ਸੀ। ਜੀ.ਕੇ. ਤੇ ਹੋਰ ਅਹੁਦੇਦਾਰਾਂ ਵੱਲੋਂ ਉਸੇ ਸਮੇਂ ਸੈਂਟਰ ਦੀ ਬਿਲਡਿੰਗ ਚੋਂ ਕਮੇਟੀ ਦੇ ਦਫ਼ਤਰ ਨੂੰ ਗੁਰੂ ਗੋਬਿੰਦ ਸਿੰਘ ਭਵਨ ‘ਚ ਪੁਰਣ ਰੂਪ ‘ਚ ਲੈ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ। ਜਿਸ ਉਪਰੰਤ ਸੈਂਟਰ ਨੂੰ ਹੁਣ ਕਮੇਟੀ ਵੱਲੋਂ ਖਾਲੀ ਕਰਕੇ ਵਾਪਿਸ ਰਿਸਰਚ ਸੈਂਟਰ ਦੀ ਸਥਾਪਣਾ ਦੀਆਂ ਕੋਸ਼ਿਸ਼ਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।
ਅੱਜ ਹੋਈ ਮੀਟਿੰਗ ‘ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਸਾਬਕਾ ਰਾਜ ਸਭਾ ਸਾਂਸਦ ਤ੍ਰਿਲੋਚਨ ਸਿੰਘ, ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਉੱਘੇ ਵਿਧਵਾਨ ਡਾ. ਜਸਵੰਤ ਸਿੰਘ ਨੇਕੀ, ਡਾ. ਪੁਸ਼ਪਿੰਦਰ ਸਿੰਘ, ਡਾ. ਪਾਲ, ਗਿਆਨੀ ਰਣਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਅਤੇ ਉੱਘੇ ਨਕਸ਼ਾਨਵੀਸ ਰੋਬਿਨ ਮਠਾਰੂ ਮੌਜੂਦ ਸਨ। ਵਿਧਵਾਨਾਂ ਵੱਲੋਂ ਇਸ ਸੈਂਟਰ ਦੇ ਮੁੜ ਸ਼ੁਰੂ ਹੋਣ ਦਾ ਖਾਕਾ ਤਿਆਰ ਕਰਨ ਦੇ ਇਲਾਵਾ ਉਸ ਦੇ ਨਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਜੀ.ਕੇ. ਨੇ ਇਸ ਮੌਕੇ ਇਸ ਸੈਂਟਰ ਦੀ ਮਹਿਤੱਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦਾ ਉੱਦਘਾਟਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 2 ਸਤੰਬਰ 2004 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾ ਨੂੰ ਖੋਜ ਕੇਂਦਰ ਦੇ ਰੂਪ ‘ਚ ਸੰਗਤਾਂ ਤਕ ਪਹੁੰਚਉਣ ਦੇ ਟੀਚੇ ਨਾਲ ਕੀਤਾ ਗਿਆ ਸੀ, ਪਰ ਪਿੱਛਲੀ ਕਮੇਟੀ ਨੇ ਉਸਤੋਂ ਪਾਸਾ ਵਟਦੇ ਹੋਏ ਇਸ ਕੇਂਦਰ ਨੂੰ ਆਪਣਾ ਦਫ਼ਤਰ ਬਣਾ ਲਿਆ ਸੀ। ਅਕਾਲੀ ਦਲ ਨੂੰ ਸੇਵਾ ਮਿਲਣ ਤੋਂ ਬਾਅਦ ਅਸੀ ਇਸ ਸਥਾਨ ਤੋਂ ਆਪਣਾ ਦਫ਼ਤਰ ਹੀ ਨਹੀਂ ਹਟਾਇਆ ਸਗੋ ਨਵੀਂ ਤਕਨੀਕ ਨਾਲ ਲੈਸ ਖੋਜ ਕੇਂਦਰ ਨੂੰ ਮੂੜ ਤੋਂ ਸਥਾਪਿਤ ਕਰਨ ਦੀ ਜੱਦੋਜਹਿਦ ਨੂੰ ਸਿਰੇ ਚੜਾਉਣ ਵਾਸਤੇ ਅੱਜ ਦੀ ਮੀਟਿੰਗ ਬੁਲਾਈ ਗਈ ਹੈ। ਖੋਜ ਕੇਂਦਰ ਦੇ ਸੰਭਾਵੀ ਢਾਂਚੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਦੇ ਸਿਧਾਂਤ ਨੂੰ ਲੋਕਾਂ ਤਕ ਪਹੁੰਚਾaਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਵੱਖ-ਵੱਖ ਭਾਸ਼ਾਵਾਂ ਵਿਚ ਖੋਜ ਕਰਤਾਵਾਂ ਨੂੰ ਉਪਲਬੱਧ ਕਰਵਾਉਣ ਦਾ ਦਾਅਵਾ ਵੀ ਕੀਤਾ। ਜੀ.ਕੇ. ਨੇ ਛੇਤੀ ਹੀ ਇਸ ਖੋਜਕੇਂਦਰ ਦੇ ਆਰੰਭ ਹੋਣ ਦੀ ਗੱਲ ਕਰਦੇ ਹੋਏ ਇਸ ਸਥਾਨ ਤੇ ਸਿੰਘ ਸਾਹਿਬਾਨਾ ਦੀ ਮੌਜੂਦਗੀ ‘ਚ ਸ੍ਰੀ ਅਖੰਡ ਪਾਠ ਸਾਹਿਬ ਰੱਖਵਾ ਕੇ ਸ਼ੁਰੂਆਤ ਕਰਨ ਦਾ ਇਸ਼ਾਰਾ ਕੀਤਾ।
ਦਿੱਲੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਮੇਟੀ ਪ੍ਰਬੰਧਕਾਂ ਨੂੰ ਸਤਿਗੁਰੂ ਪਾਸੋ ਹੋਰ ਬਲ ਬਖਸ਼ਣ ਦੀ ਆਸ ਵੀ ਜਤਾਈ। ਜਥੇਦਾਰ ਨੇ ਇਸ ਖੋਜ ਕੇਂਦਰ ਦਾ ਨਾਂ ਪੰਜਾਬੀ ‘ਚ ਰੱਖਣ ਦੀ ਤਜਵੀਜ਼ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਜਾਣਕਾਰੀ ਥੋੜੇ ਸ਼ਬਦਾਂ ‘ਚ ਖੋਜ ਕਰਤਾਵਾਂ ਨੂੰ ਉਪਲਬੱਧ ਕਰਵਾਉਣ ਤੇ ਜ਼ੋਰ ਦਿੱਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਵੱਖ-ਵੱਖ ਭਾਸ਼ਾਵਾਂ ‘ਚ ਪ੍ਰਕਾਸ਼ਿਤ ਪੋਥੀਆਂ ਰਾਹੀਂ ਇਸ ਸੈਂਟਰ ‘ਚ ਸਿਖਲਾਈ ਦੇਣ ਦੀ ਜੱਥੇਦਾਰ ਨੇ ਸਲਾਹ ਦਿੱਤੀ। ਤ੍ਰਿਲੋਚਨ ਸਿੰਘ ਨੇ ਦੇਸ਼ ਦੀ ਰਾਜਧਾਨੀ ‘ਚ ਪਾਰਲੀਮੈਂਟ ਦੇ ਸਾਹਮਣੇ ਇਸ ਖੋਜ ਕੇਂਦਰ ਦੀ ਸਥਾਪਣਾ ਤੇ ਦਿੱਲੀ ਕਮੇਟੀ ਨੂੰ ਵਧਾਈ ਦਿੰਦੇ ਹੋਏ ਇਥੇ ਸਿੱਖ ਗੁਰੂਆਂ ਨਾਲ ਸੰਬਧਿਤ ਵਸਤੂਆਂ ਨੂੰ ਵੀ ਸਥਾਪਿਤ ਕਰਨ ਦੀ ਤਜਵੀਜ਼ ਦਿੱਤੀ। ਡਾ. ਜਸਪਾਲ ਸਿੰਘ ਨੇ ਇਸ ਕੇਂਦਰ ‘ਚ ੫ ਸੇਵਾ ਮੁਕਤ ਸਿੱਖ ਪ੍ਰੋਫੈਸਰ ਅਤੇ ੧੦ ਸਹਾਇਕ ਪ੍ਰੋਫੈਸਰ ਮੁੱਹਇਆ ਕਰਵਾਉਣ ਦੀ ਅਪੀਲ ਕਰਦੇ ਹੋਏ ਇਸ ਕੇਂਦਰ ਚੋਂ ਨਿਕਲੇ ਲੋਕਾਂ ਨੂੰ ਸਿੱਖ ਕੌਮ ਦੇ ਵਾਸਤੇ ਭਵਿੱਖ ‘ਚ ਵੱਡੇ ਉਪਰਾਲੇ ਕਰਨ ਦਾ ਕਾਰਣ ਬਨਣ ਦਾ ਦਾਅਵਾ ਕੀਤਾ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …