Sunday, September 8, 2024

ਸ਼੍ਰੋਮਣੀ ਕਮੇਟੀ ਵਲੋਂ 5086 ਕੈਂਸਰ ਪੀੜ੍ਹਤ ਮਰੀਜ਼ਾਂ ਨੂੰ ਸਹਾਇਤਾ ਕਿਸੇ ਨਾਲ ਕੋਈ ਵਿਤਕਰਾ ਨਹੀਂ – ਬੇਦੀ

PPN120716
ਅੰਮ੍ਰਿਤਸਰ, 12  ਜੁਲਾਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਨੇ ਅਖਬਾਰ ‘ਚ ਛਪੀ ਖਬਰ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਮੁਰਾਦ ਬਿਮਾਰੀ ਕੈਂਸਰ ਤੋਂ ਪੀੜਤ ਮਰੀਜਾਂ ਲਈ ਸ਼ੁਰੂ ਕੀਤੀ ਸਹਾਇਤਾ ਦੇਣ ਸਮੇਂ ਕਦੇ ਵੀ ਕਿਸੇ ਮਰੀਜ ਨਾਲ ਵਿਤਕਰੇਬਾਜੀ ਨਹੀਂ ਕੀਤੀ ਜਾਂਦੀ। ਜਿਸ ਮਰੀਜ ਨੂੰ ਇਹ ਰੋਗ ਹੁੰਦਾ ਹੈ ਜੇਕਰ ਉਸਦੇ ਪਰੂਫ ਸਹੀ ਹੁੰਦੇ ਹਨ ਤਾਂ ਬਿਨਾਂ ਰੋਕ ਟੋਕ ਉਸ ਮਰੀਜ ਨੂੰ ਇਸ (ਕੈਂਸਰ ਪੀੜਤ) ਫੰਡ ਵਿਚੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੇ ਸਹਾਇਤਾ ਜਾਰੀ ਕੀਤੀ ਜਾਂਦੀ ਹੈ। ਹੁਣ ਤੀਕ ਇਸ ਫੰਡ ਵਿਚੋਂ ਹਜਾਰਾਂ ਮਰੀਜ ਸਹਾਇਤਾ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਂਸਰ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਕਿਸੇ ਇਕ ਜ਼ਿਲ੍ਹੇ ਨੂੰ ਤਰਜੀਹ ਨਹੀਂ ਦਿੱਤੀ। ਜਿਸ-ਜਿਸ ਤਰ੍ਹਾਂ ਮਰੀਜਾਂ ਦੀਆਂ ਦਰਖਾਸਤਾਂ ਆਉਂਦੀਆਂ ਹਨ ਉਸੇ ਤਰ੍ਹਾਂ ਹੀ ਸਹਾਇਤਾ ਪ੍ਰ੍ਰਦਾਨ ਕੀਤੀ ਜਾਂਦੀ ਹੈ।ਇਸ ਰੋਗ ਤੋਂ ਪੀੜ੍ਹਤ ਮਰੀਜ਼ ਦੇ ਕਾਗਜ (ਰੀਪੋਰਟਾਂ) ਆਦਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਤੋਂ ਚੈਕ ਕਰਵਾਏ ਜਾਂਦੇ ਹਨ।
ਉਨ੍ਹਾਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੁਝ ਲੋਕ ਕੇਵਲ ਆਪਣੇ ਨਾਮ ਦੀ ਪ੍ਰਸਿੱਧੀ ਖਾਤਰ ਸੰਸਥਾਂ ਦੇ ਖਿਲਾਫ ਭੁਲੇਖਾ ਪਾਊ ਖਬਰਾਂ ਛਪਵਾਉਂਦੇ  ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ, ਸ਼ਹਿਰ ਦੇ ਵਸਨੀਕ ਨੂੰ ਜੇਕਰੰ ਇਹ ਭਿਆਨਕ ਰੋਗ ਹੈ ਤਾਂ ਉਹ ਬਿਨਾਂ ਝਿਜਕ ਦਰਖਾਸਤ ਦੇ ਕੇ ਸ਼੍ਰੋਮਣੀ ਕਮੇਟੀ ਪਾਸੋਂ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਸ੍ਰ: ਦਿਲਜੀਤ ਸਿਘ ਬੇਦੀ ਨੇ ਵੇਰਵੇ ਦੇਂਦਿਆਂ ਸਪੱਸ਼ਟ ਕੀਤਾ ਕਿ ਸਾਲ 2011 ਵਿਚ 211 ਮਰੀਜ਼ਾਂ ਦੀਆਂ ਦਰਖਾਸਤਾਂ ਆਈਆਂ ਸਨ, ਇਨ੍ਹਾਂ ਨੂੰ ਬਤਾਲੀ ਲੱਖ ਅਠਾਰਾਂ ਹਜ਼ਾਰ ਚੁਰਾਨਵੇਂ  ਸਹਾਇਤਾ ਵਜੋਂ ਦਿੱਤੇ ਗਏ। ਏਸੇ ਤਰ੍ਹਾਂ 2012 ਵਿਚ ਸ਼੍ਰੋਮਣੀ ਕਮੇਟੀ ਪਾਸ 1467 ਵਿਅਕਤੀਆਂ ਨੇ ਪਹੁੰਚ ਕੀਤੀ ਤੇ ਉਨ੍ਹਾਂ ਨੂੰ ਤਿੰਨ ਕਰੌੜ ਦੋ ਲੱਖ ਤਰਵਿੰਜਾ ਹਜ਼ਾਰ ਸੱਠ ਰੁਪਏ, ਸਾਲ 2013 ਵਿਚ 2477 ਵਿਅਕਤੀਆਂ ਨੂੰ ਚਾਰ ਕਰੌੜ ਅਠਾਨਵੇਂ ਲੱਖ ਤਰਿਆਨਵੇਂ ਹਜ਼ਾਰ ਅਤੇ ਸਾਲ 2014 ਵਿਚ ਭਾਵ ਹੁਣ ਤੀਕ 931 ਵਿਅਕਤੀਆਂ ਨੂੰ ਇਕ ਕਰੌੜ ਛਿਆਸੀ ਲੱਖ ਨੱਬੇ ਹਜ਼ਾਰ ਰੁਪਏ ਦੀ ਕੈਂਸਰ ਰੀਲੀਫ਼ ਫੰਡ ‘ਚੋਂ ਸਹਾਇਤਾ ਦਿੱਤੀ ਗਈ। ਅੱਜ ਤੀਕ 5086 ਮਰੀਜ਼ਾਂ ਨੂੰ 10 ਕਰੌੜ 10 ਲੱਖ 54 ਹਜ਼ਾਰ ਰੁਪਏ ਦੀ ਰਾਸ਼ੀ ਤਕਸੀਮ ਕੀਤੀ ਜਾ ਚੁੱਕੀ ਹੈ। ਇਸ ਭਲੇ ਦੇ ਕਾਰਜ ਤੇ ਪ੍ਰਸੰਸਾ ਦੀ ਬਿਜਾਏ ਕਿੰਤੂ ਹੋਵੇ ਤਾਂ ਦੁੱਖ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਭੰਬਲ ਭੁਸੇ ਵਾਲੀਆਂ ਖਬਰਾਂ ਦੀ ਸਹੀ ਤਸਦੀਕ ਕਰਕੇ ਹੀ ਰੀਪੋਰਟ ਛਾਪਣੀ ਚਾਹੀਦੀ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply