Sunday, December 22, 2024

ਮਾਂ ਐਸਾ ਜੰਮੇ ਪੁੱਤ ……

ਪਰਉਪਕਾਰ ਕਮਾਵੇ ਜੋ, ਮਾਂ ਐਸਾ ਜੰਮੇ ਪੁੱਤ।
ਬਿਲਕੁੱਲ ਜਾਂ ਫ਼ਿਰ ਬਾਂਝ ਰਹੇ, ਜੰਮੇ ਨਾ ਕਪੁੱਤ॥

ਪੱਤ ਮਾਪਿਆਂ ਦੀ ਰੋਲੇ ਜੋ, ਉਹ ਕੁਲੱਛਣੀ ਧੀ।
ਕੁੱਖ ‘ਚ ਧੀਅ ਨੂੰ ਮਾਰਨ ਦੀ ਪੈਣੀ ਨਹੀਂ ਸੀ ਲੀਹ॥

ਰੱਖੜੀ ਗੁੱਟ ਸਜਾਉਣ ਲਈ, ਚਾਹੀਦੈ ਇਕ ਵੀਰ।
ਵੀਰਾਂ ਦੇ ਨਾਲ ਭੈਣ ਦਾ, ਦੋਸਤੋ ਜੱਗ ਵਿੱਚ ਸੀਰ॥

ਭੈਣਾਂ ਦੇ ਲਈ ਬਾਜ਼ ਭਰਾਵਾਂ, ਵਿਹੜਾ ਸੱਖਣਾ ਜੋ।
ਕਾਸ਼ ਨਾ ਐਸਾ ਘਰ ਕੋਈ ਹੋਵੇ, ਪਵੇ ਕਲੇਜੇ ਖੋਹ॥

ਧੀਅ `ਤੇ ਮਾਂ ਦੀ ਦੋਸਤੀ, ਜੱਗ ਵਿੱਚ ਇਕ ਮਿਸਾਲ।
ਪੁੱਤ ਨਾਲੋਂ ਧੀਅ ਰੱਖਦੀ, ਮਾਪਿਆਂ ਦਾ ਵੱਧ ਖਿਆਲ॥

ਸੁੱਤੇ ਜਾਂਦੇ ਸਾਹ ਫ਼ਿਰ, ਜੇ ਨਿੱਕਲੇ ਮਾੜੀ ਔਲਾਦ।
ਬੱਚੇ ਰਹਿਣ ਜੇ ਕਹਿਣੇ ‘ਚ, ਮਾਂ ਪਿਓ ਬਣੇ ਫ਼ੌਲਾਦ॥

ਇੱਜ਼ਤ ਮਾਇਆ ਕਰਾਂਵਦੀ, ਆਈ ਕਲਿਹਣੀ ਰੁੱਤ।
ਜੋ ਨੋਟਾਂ ਵੱਲੋਂ ਸੱਖਣੇ, ਉਹਨਾਂ ਦੀ ਧੀਅ ਤੇ ਨਾ ਕੋਈ ਪੁੱਤ॥

ਜਾਇਦਾਦ ਵੰਡ ਕੇ ਕੋਠੀਆਂ, ਲਈਆਂ ਪੁੱਤਾਂ ਨੇ ਪਾ।
ਪਰ ਮਾਂ ਬਾਪ ਨੂੰ ਸਾਂਭਣ ਦਾ, ਦਿੱਤਾ ਫ਼ਰਜ਼ ਭੁਲਾ॥

ਗੱਭਰੂ ਹੋਏ ਪੁੱਤ ਤੇ, ਮਾਂ ਪਿਓ ਕਰਦੈ ਨਾਜ਼।
ਜੇਕਰ ਹੱਥੋਂ ਨਿੱਕਲ ਜਾਏ, ਭੰਡੇ ਫ਼ਿਰ ਸਮਾਜ॥

ਫ਼ਖ਼ਰ ‘ਚ ਛਾਤੀ ਫੁੱਲਦੀ, ਜਦ ਗੱਭਰੂ ਹੋਜੇ ਪੁੱਤ।
ਫ਼ਿਰ ਧਰਤੀ ਵਿਹਲ ਨਾ ਦੇਂਵਦੀ, ਮਾਂ ਦੀ ਪੱਟੇ ਜੇ ਗੁੱਤ॥

ਕੀ ਕੁੱਝ ਜੋੜਿਆ ਬਾਪ ਨੇ, ਲੈਂਦੇ ਪੁੱਤ ਕਨਸੋਅ।
ਢੰਗ ਪੁੱਠੇ ਸਿੱਧੇ ਸੋਚ ਕੇ, ਆਖ਼ਰ ਲੈਂਦੇ ਖੋਹ॥

ਮਿੱਠਾ ਦੁੱਧ ਪੀ ਮਾਂ ਦਾ, ਉਗਲੇ ਪੁੱਤਰ ਜ਼ਹਿਰ।
ਬੁੱਢੇ ਵਾਰੇ ਢਾਂਹਵਦਾ, ਮਾਂ ਬਾਪ `ਤੇ ਕਹਿਰ॥

ਪੁੱਤੋਂ ਬਣੇ ਕਪੁੱਤ ਜਦ, ਵਹਿਣੀ ਉਲਟੇ ਪੈ।
ਵਿੱਚ ਸੱਥ ਦੇ ਬਾਪ ਦੀ, ਪੱਗ ਜਾਂਦੀ ਹੈ ਲਹਿ॥

ਨਾ ਰੱਬਾ ਮਾੜੀ ਨਿੱਕਲੇ ਕਿਸੇ ਦੀ ਵੀ ਔਲਾਦ।
ਸੁਣ ਲੀਂ ‘ਦੱਦਾਹੂਰੀਏ’ ਦੀ ਮਾਲਕਾ ਇਹ ਫ਼ਰਿਆਦ॥

Jasveer Shrma Dadahoor 94176-22046

 

 

 

 

 

 

 
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ – 94176-22046

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply